ਨਵੀਂ ਦਿੱਲੀ- ਐਨਡੀਏ ਵਿੱਚ ਪ੍ਰਧਾਨਮੰਤਰੀ ਦੇ ਅਹੁਦੇ ਨੂੰ ਲੈ ਕੇ ਆਪਸੀ ਖਿਚੋਤਾਣ ਚੱਲ ਰਹੀ ਹੈ।ਯਸ਼ਵੰਤ ਸਿਨਹਾ ਤੋਂ ਬਾਅਦ ਜੇਠਮਲਾਨੀ ਨੇ ਵੀ ਮੋਦੀ ਨੂੰ ਪ੍ਰਧਾਨਮੰਤਰੀ ਉਮੀਦਵਾਰ ਬਣਾਏ ਜਾਣ ਦੀ ਵਕਾਲਤ ਕੀਤੀ ਹੈ। ਸ਼ਿਵਸੈਨਾ ਨੇ ਇਸ ਅਹੁਦੇ ਲਈ ਸੁਸ਼ਮਾ ਸਵਰਾਜ ਦਾ ਨਾਂ ਅੱਗੇ ਲਿਆਂਦਾ ਹੈ।ਜਦਯੂ ਵੱਲੋਂ ਮੋਦੀ ਦਾ ਜਬਰਦਸਤ ਵਿਰੋਧ ਕੀਤਾ ਜਾ ਰਿਹਾ ਹੈ।
ਜੇਠਮਲਾਨੀ ਨੇ ਮੋਦੀ ਨੂੰ ਪ੍ਰਧਾਨਮੰਤਰੀ ਲਈ ਯੋਗ ਉਮੀਦਵਾਰ ਦੱਸਿਆ ਹੈ। ਉਨ੍ਹਾਂ ਨੇ ਮੋਦੀ ਨੂੰ ਸੌ ਫੀਸਦੀ ਧਰਮ ਨਿਰਪੱਖ ਦੱਸਿਆ ਹੈ।ਬੀਜੇਪੀ ਨੇਤਾ ਸੀਪੀ ਠਾਕੁਰ ਨੇ ਵੀ ਇਸ ਮੁੱਦੇ ਤੇ ਮੋਦੀ ਤੇ ਹੀ ਸਹਿਮਤੀ ਪ੍ਰਗਟਾਈ ਹੈ।ਉਨ੍ਹਾਂ ਕਿਹਾ ਕਿ ਸੁਸ਼ਮਾ ਵੀ ਇੱਕ ਚੰਗੀ ਨੇਤਾ ਹੈ ਪਰ ਇਸ ਸਮੇਂ ਮੋਦੀ ਦੀ ਹੀ ਡਿਮਾਂਡ ਹੈ।ਸ਼ਿਵਸੈਨਾ ਦੇ ਸੰਜੇ ਰਾਊਤ ਨੇ ਕਿਹਾ ਹੈ ਕਿ ਸੁਸ਼ਮਾ ਪ੍ਰਧਾਨਮੰਤਰੀ ਪਦ ਲਈ ਪਾਰਟੀ ਦੀ ਪਹਿਲੀ ਪਸੰਦ ਹੈ।ਬਾਲ ਠਾਕੁਰੇ ਨੇ ਵੀ ਕਿਹਾ ਸੀ ਕਿ ਉਸ ਵਿੱਚ ਦੇਸ਼ ਨੂੰ ਚਲਾਉਣ ਦੀ ਯੋਗਤਾ ਹੈ। ਜਦਯੂ ਨੇਤਾ ਨੀਰਜ ਕੁਮਾਰ ਦਾ ਕਹਿਣਾ ਹੈ ਕਿ ਜਿਸ ਨੇਤਾ ਦੇ ਨਾਲ ਮਿਲ ਕੇ ਅਸੀਂ ਗੁਜਰਾਤ ਵਿੱਚ ਚੋਣ ਨਹੀਂ ਲੜ ਸਕਦੇ, ਉਸ ਨਾਲ ਲੋਕ ਸਭਾ ਦੀ ਚੋਣ ਕਿਵੇਂ ਲੜ ਸਕਦੇ ਹਾਂ। ਜਦਯੂ ਦੇ ਇੱਕ ਹੋਰ ਨੇਤਾ ਅਲੀ ਅਨਵਰ ਨੇ ਵੀ ਮੋਦੀ ਦੇ ਖਿਲਾਫ਼ ਵਿਰੋਧ ਨੂੰ ਸਿਧਾਂਤਿਕ ਮਾਮਲਾ ਦੱਸਿਆ। ਉਨ੍ਹਾਂ ਕਿਹਾ ਕਿ ਪ੍ਰਧਾਨਮੰਤਰੀ ਸਬੰਧੀ ਫੈਸਲਾ ਐਨਡੀਏ ਦੀ ਮੀਟਿੰਗ ਦੌਰਾਨ ਹੀ ਲਿਆ ਜਾਵੇਗਾ।