ਬਰਨਾਲਾ,(ਜੀਵਨ ਰਾਮਗੜ੍ਹ)-ਆਪਣੇ ਪੁੱਤਰ ਨੂੰ ਜਾਨੋਂ ਮਾਰਨ ਦੀ ਕੋਸ਼ਿਸ਼ ਦੇ ਮਾਮਲੇ ’ਚ ਸਬ-ਜੇਲ੍ਹ ਬਰਨਾਲਾ ਵਿਖੇ ਨਜ਼ਰਬੰਦੀ ਹੰਢਾ ਰਹੇ ਇੱਕ 65 ਸਾਲਾ ਹਵਾਲਾਤੀ ਦੁਆਰਾ ਜੇਲ੍ਹ ਵਿਖੇ ਆਪਣੀ ਬੈਰਕ ’ਚ ਹੀ ਰਹੱਸਮਈ ਹਾਲਤਾਂ ’ਚ ਆਤਮ ਹੱਤਿਆ ਕੀਤੇ ਜਾਣ ਦਾ ਮਾਮਲਾ ਸਾਹਮਣਾ ਆਇਆ ਹੈ।
ਪ੍ਰਾਪਤ ਜਾਣਕਾਰੀ ਅਨੁਸਾਰ ਮ੍ਰਿਤਕ ਹਵਾਲਾਤੀ ਰਾਮ ਸਰੂਪ ਪੁੱਤਰ ਜੰਗੀਰ ਸਿੰਘ ਵਾਸੀ ਝਲੂਰ (ਬਰਨਾਲਾ) ਜੋ ਕਿ ਆਪਣੇ ਪੁੱਤਰ ਨੂੰ ਕਹੀ ਮਾਰ ਕੇ ਜਾਨੋਂ ਮਾਰਨ ਦੀ ਕੋਸ਼ਿਸ਼ ’ਚ ਮਾਮਲੇ ’ਚ ਹਵਾਲਾਤੀ ਵਜੋਂ ਸਬ ਜੇਲ੍ਹ ਬਰਨਾਲਾ ਦੀ ਬੈਰਕ ਨੰਬਰ ਤਿੰਨ ’ਚ ਨਜ਼ਰਬੰਦ ਸੀ। ਇਸ ਸਬੰਧੀ ਮ੍ਰਿਤਕ ਦੇ ਖਿਲਾਫ ਥਾਣਾ ਸਦਰ ਬਰਨਾਲਾ ਵਿਖੇ ਮਿਤੀ 3 ਮਈ 2012 ਨੂੰ ਆਈਪੀਸੀ. ਦੀ ਧਾਰਾ 307/427/436/459 ਅਧੀਨ ਮਾਮਲਾ ਨੰਬਰ 33 ਦਰਜ ਸੀ, ਜਿਸਨੂੰ ਅੱਜ ਜੇਲ੍ਹ ਗਾਰਦ ਵੱਲੋਂ ਮ੍ਰਿਤਕ ਹਾਲਤ ’ਚ ਸਿਵਲ ਹਸਪਤਾਲ ਬਰਨਾਲਾ ਵਿਖੇ ਲਿਆਂਦਾ ਗਿਆ। ਸੰਪਰਕ ਕਰਨ ’ਤੇ ਘਟਨਾ ਦੀ ਜਾਣਾਕਰੀ ਦਿੰਦਿਆ ਡਿਪਟੀ ਸੁਰਪਡੈਟ ਸਬ ਜੇਲ੍ਹ ਬਰਨਾਲਾ ਦੀ ਅਜੀਤ ਸਿੰਘ ਦੀ ਗੈਰਹਾਜ਼ਰੀ ’ਚ ਤਾਇਨਾਤ ਅਧਿਕਾਰੀ ਸ਼ੇਰ ਸਿੰਘ ਸੋਢੀ ਨੇ ਕਿਹਾ ਕਿ ਉਸਨੂੰ ਸੁਵਖਤੇ 6 ਕੁ ਵਜੇ ਦੇ ਕਰੀਬ ਹਵਾਲਾਤੀ ਵੱਲੋਂ ਆਪਣੀ ਬੈਰਕ ਵਿਖੇ ਪਰਨੇ ਨੂੰ ਰੌਸ਼ਨਦਾਨ ਨਾਲ ਬੰਨ੍ਹਕੇ ਫਾਹਾ ਲਏ ਜਾਣ ਦੀ ਸੂਚਨਾ ਮਿਲੀ ਅਤੇ ਜਿਸਦੇ ਮਿਲਦਿਆ ਹੀ ਉਹ ਸਬੰਧਿਤ ਬੈਰਕ ’ਚ ਪੁੱਜੇ ਅਤੇ ਹਵਾਲਾਤੀ ਰਾਮ ਸਰੂਪ ਨੂੰ ਉਤਾਰ ਕੇ ਗੰਭੀਰ ਹਾਲਤ ’ਚ ਸਿਵਲ ਹਸਪਤਾਲ ’ਚ ਪਹੁੰਚਾਇਆ ਗਿਆ। ਜਦੋਂ ਸਿਵਲ ਹਸਪਤਾਲ ਦੇ ਅਧਿਕਾਰੀਆਂ ਮੁਤਾਬਿਕ ਉਕਤ ਹਵਾਲਾਤੀ ਨੂੰ ਜੇਲ੍ਹ ਗਾਰਦ ਵੱਲੋਂ ਮ੍ਰਿਤਕ ਹਾਲਤ ’ਚ ਲਿਆਂਦਾ ਗਿਆ ਸੀ, ਜਿਸਦੇ ਪੋਸਟਮਾਰਟਮ ਲਈ ਤਿੰਨ ਡਾਕਟਰਾਂ ਤੇ ਅਧਾਰਿਤ ਟੀਮ ਗਠਿਤ ਕੀਤੀ ਗਈ ਹੈ। ਘਟਨਾ ਦੀ ਜਾਂਚ ਚੀਫ ਜੁਡੀਸੀਅਲ ਮੈਜਿਸ਼ਟ੍ਰੇਟ ਮਨੋਜ ਕੁਮਾਰ ਸਿੰਗਲਾ ਕਰ ਰਹੇ ਹਨ। ਜਿਕਰਯੋਗ ਹੈ ਕਿ ਉਕਤ ਹਵਾਲਾਤੀ ਨੂੰ ਬੀਤੀ 25 ਤਾਰੀਕ ਨੂੰ ਜਮਾਨਾਤ ਵੀ ਮਿਲੀ ਹੋਈ ਸੀ ਪ੍ਰੰਤੂ ਕਿਸੇ ਦੁਆਰਾ ਵੀ ਉਸਦੀ ਜਮਾਨਤ ਨਾ ਭਰਨ ਕਰਕੇ ਰਾਮ ਸਰੂਪ ਜੇਲ੍ਹ ਵਿਖੇ ਹੀ ਨਜ਼ਰਬੰਦ ਸੀ।