ਅੰਮ੍ਰਿਤਸਰ:- ਹਰਿਆਣਾ ਦੇ ਪਿੰਡ ਹੋਂਦ ਚਿੱਲੜ ਵਿਖੇ ਨਵੰਬਰ 1984 ਵਿਚ ਫਿਰਕੂ ਹਨ੍ਹੇਰੀ ਦੌਰਾਨ ਜਨੂੰਨੀਆਂ ਵੱਲੋਂ ਕਤਲੇਆਮ ,ਚ ਮਾਰੇ ਗਏ ਸਿੱਖਾਂ ਦੀ ਯਾਦਗਾਰ ਦੇ ਨੀਂਹ ਪੱਥਰ ਨੂੰ ਤੋੜਨਾ ਮਾਨਵਤਾ ਵਿਰੋਧੀ ਵਰਤਾਰਾ ਹੈ। ਇਸ ਨਾਲ ਸਿੱਖ ਵਿਰੋਧੀ ਸੋਚ ਨੇ ਆਪਣਾ ਪ੍ਰਗਟਾਵਾ ਇਕ ਵਾਰ ਫੇਰ ਕੀਤਾ ਹੈ। ਸਿੱਖ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਵਿਚ ਬੇਅੰਤ ਕੁਰਬਾਨੀਆਂ ਨਾਲ ਆਪਣਾ ਯੋਗਦਾਨ ਪਾਇਆ, ਦੀ ਯਾਦਗਾਰ ਬਣਨ ਵਿਚ ਰੁਕਾਵਟਾਂ ਪੈਦਾ ਕਰਨੀਆਂ, ਸਿੱਖਾਂ ਨਾਲ ਆਪਣੇ ਹੀ ਦੇਸ਼ ਵਿਚ ਬੇਗ਼ਾਨਗੀ ਦੇ ਵਿਵਹਾਰ ਨੂੰ ਪ੍ਰਗਟ ਕਰਦਾ ਹੈ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਨੇ ਉਕਤ ਘਟਨਾ ਦੀ ਨਿਖੇਧੀ ਕੀਤੀ ਹੈ। ਉਨ੍ਹਾਂ ਹੋਂਦ ਚਿੱਲੜ ਵਿਖੇ ਵਾਪਰੀ ਇਸ ਘਟਨਾ ਸਬੰਧੀ ਹਰਿਆਣਾ ਦੇ ਮੁੱਖ ਮੰਤਰੀ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਹਰਿਆਣਾ ਸਰਕਾਰ ਦੋਸ਼ੀਆਂ ਦੀ ਨਿਸ਼ਾਨਦੇਹੀ ਕਰਕੇ ਸਖਤ ਕਾਰਵਾਈ ਕਰੇ।
ਜਥੇਦਾਰ ਅਵਤਾਰ ਸਿੰਘ ਨੇ ਪੱਤਰ ਵਿਚ ਕਿਹਾ ਕਿ ਹੋਂਦ ਚਿੱਲੜ ਵਿਖੇ ਕਤਲ ਕੀਤੇ ਗਏ ਸਿੱਖਾਂ ਦੀ ਯਾਦਗਾਰ ਬਣਾਉਣ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਵੱਲੋਂ ਯਾਦਗਾਰ ਦਾ ਨੀਂਹ ਪੱਥਰ ਰੱਖਿਆ ਗਿਆ ਸੀ। ਏਨਾ ਲੰਮਾ ਸਮਾਂ ਬੀਤ ਜਾਣ ਦੇ ਬਾਵਜੂਦ ਵੀ ਸਿੱਖਾਂ ਨੂੰ ਅਜੇ ਇਨਸਾਫ ਤਾਂ ਕੀ ਮਿਲਣਾ ਸੀ, ਸਗੋਂ ਸਿੱਖ ਵਿਰੋਧੀ ਸੋਚ ਨੇ ਯਾਦਗਾਰ ਦਾ ਨੀਂਹ ਪੱਥਰ ਤੋੜ ਕੇ ਸਿੱਖਾਂ ਦੇ ਜ਼ਖਮਾਂ ,ਤੇ ਲੂਣ ਛਿੜਕਿਆ ਹੈ। ਉਨ੍ਹਾਂ ਕਿਹਾ ਕਿ ਸਿੱਖ ਕਦੇ ਵੀ ਦੇਸ਼ ਵਿਰੋਧੀ ਨਹੀਂ ਰਹੇ। ਸਿੱਖਾਂ ਦੀਆਂ ਦੇਸ਼ ਲਈ ਕੀਤੀਆਂ ਕੁਰਬਾਨੀਆਂ ਦੀਆਂ ਉਦਾਹਰਨਾਂ ਦਿੱਤੀਆਂ ਜਾਂਦੀਆਂ ਹਨ। ਪਰ ਦੂਸਰੇ ਪਾਸੇ ਮਨੁੱਖਤਾ ਦੇ ਹਮਦਰਦ ਸਿੱਖਾਂ ਨਾਲ ਅਜਿਹਾ ਵਰਤਾਰਾ ਸਮਝ ਤੋਂ ਬਾਹਰ ਹੈ। ਉਨ੍ਹਾਂ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਕਾਰਵਾਈ ਨਹੀਂ ਕੀਤੀ ਜਾਂਦੀ ਤਾਂ ਸਮਝਿਆ ਜਾਵੇਗਾ ਕਿ ਸਭ ਸੋਚੀ ਸਮਝੀ ਚਾਲ ਨਾਲ ਹੀ ਵਾਪਰਿਆ ਹੈ।