ਨਵੀਂ ਦਿੱਲੀ- ਕਾਂਗਰਸ ਹਾਈਕਮਾਨ ਨੇ ਸਿੱਖਾਂ ਦੇ ਵਿਰੋਧ ਨੂੰ ਵੇਖਦੇ ਹੋਏ ਲੋਕ ਸਭਾ ਦੇ ਉਮੀਦਵਾਰ ਸਜਣ ਕੁਮਾਰ ਅਤੇ ਜਗਦੀਸ਼ ਟਾਈਟਲਰ ਦੇ ਟਿਕਟ ਕਟ ਦਿਤੇ ਹਨ। ਕਾਂਗਰਸ ਨੇ ਵੀਰਵਾਰ ਨੂੰ ਇਹ ਐਲਾਨ ਕਰਕੇ ਦੋਵਾਂ ਦੀ ਉਮੀਦਵਾਰੀ ਵਾਪਿਸ ਲੈ ਕੇ ਉਨ੍ਹਾਂ ਦੀ ਜਗ੍ਹਾ ਨਵੇਂ ਉਮੀਦਵਾਰ ਖੜ੍ਹੇ ਕਰਨ ਦਾ ਫੈਸਲਾ ਕੀਤਾ ਹੈ। ਸਿੱਖ ਦੰਗਿਆਂ ਦੇ ਅਰੋਪੀ ਸਜਣ ਕੁਮਾਰ ਸਾਊਥ ਦਿੱਲੀ ਅਤੇ ਜਗਦੀਸ਼ ਟਾਈਟਲਰ ਨਾਰਥ-ਈਸਟ ਦਿੱਲੀ ਤੋਂ ਕਾਂਗਰਸ ਦੇ ਉਮੀਦਵਾਰ ਸਨ।
ਜਗਦੀਸ਼ ਟਾਈਟਲਰ ਨੂੰ ਭਾਂਵੇ ਸੀਬੀਆਈ ਨੇ ਕਲੀਨ ਚਿਟ ਦੇ ਦਿਤੀ ਸੀ। ਇਸ ਫੈਸਲੇ ਤੋਂ ਗੁਸੇ ਵਿਚ ਆਏ ਇਕ ਸਿੱਖ ਪੱਤਰਕਾਰ ਜਰਨੈਲ ਸਿੰਘ ਨੇ ਇਕ ਪ੍ਰੈਸ ਕਾਨਫਰੰਸ ਵਿਚ ਗ੍ਰਹਿ ਮੰਤਰੀ ਚਿਦੰਬਰਮ ਉਤੇ ਆਪਣਾ ਜੁਤਾ ਸੁਟਿਆ ਸੀ। ਜਿਸ ਨਾਲ ਪੂਰੇ ਦੇਸ਼ ਵਿਚ ਸਿੱਖ ਰੋਹ ਵਿਚ ਆ ਗਏ ਸਨ। ਇਸ ਤਰ੍ਹਾਂ ਸਿੱਖਾਂ ਵਲੋਂ ਕਾਂਗਰਸ ਖਿਲਾਫ ਕੀਤੇ ਜਾ ਰਹੇ ਵਿਰੋਧ ਅੰਦੋਲਨਾਂ ਅੱਗੇ ਝੁਕਦੇ ਹੋਏ ਪਾਰਟੀ ਨੇ ਦੋਵਾਂ ਦੀ ਉਮੀਦਵਾਰੀ ਵਾਪਿਸ ਲੈ ਲਈ ਹੈ।
ਕਾਂਗਰਸ ਪਾਰਟੀ ਦੇ ਬੁਲਾਰੇ ਜਨਾਰਦਨ ਦਿਵੇਦੀ ਨੇ ਕਿਹਾ, “ ਕਾਂਗਰਸ ਪਾਰਟੀ ਨੇ ਟਾਈਟਲਰ ਅਤੇ ਸਜਣ ਕੁਮਾਰ ਦੇ ਬਾਰੇ ਇਹ ਫੈਸਲਾ ਕੀਤਾ ਹੈ ਕਿ ਇਹ ਦੋਵੇਂ ਅਗਲੀਆਂ ਚੋਣਾਂ ਵਿਚ ਪਾਰਟੀ ਦੇ ਉਮੀਦਵਾਰ ਨਹੀਂ ਹੋਣਗੇ।”
ਟਾਈਟਲਰ ਅਤੇ ਸਜਣਣ ਕੁਮਾਰ ਨੇ ਪ੍ਰੈਸ ਕਾਨਫਰੰਸ ਕਰਕੇ ਕਿਹਾ ਕਿ ਉਹ ਚੋਣ ਲੜਕੇ ਪਾਰਟੀ ਨੂੰ ਸ਼ਰਮਿੰਦਾ ਨਹੀਂ ਕਰਨਾ ਚਾਹੁੰਦੇ। ਇਸ ਨਾਲ ਰਾਜਨੀਤਕ ਅਤੇ ਸਮਾਜਿਕ ਤੌਰ ਤੇ ਨੁਕਸਾਨ ਹੁੰਦਾ ਹੈ। ਉਨ੍ਹਾਂ ਨੇ ਇਹ ਵੀ ਕਿਹਾ ਕਿ ਉਹ ਇਸ ਬਾਰੇ ਫੈਸਲਾ ਪਾਰਟੀ ਪ੍ਰਧਾਨ ਤੇ ਛੱਡ ਰਹੇ ਹਨ ਅਤੇ ਪਾਰਟੀ ਨੇ ਇਹ ਫੈਸਲਾ ਕੀਤਾ ਹੈ ਕਿ ਉਹ ਹੁਣ ਪਾਰਟੀ ਵਲੋਂ ਉਮੀਦਵਾਰ ਨਹੀਂ ਹੋਣਗੇ। ਟਾਈਟਲਰ ਨੇ ਇਹ ਵੀ ਕਿਹਾ ਕਿ ਉਸਨੂੰ ਭਾਜਪਾ ਦੀ ਸਰਕਾਰ ਸਮੇਂ ਜਦੋਂ ਕਿ ਅਕਾਲੀ ਦਲ ਬਾਦਲ ਵੀ ਸਤਾ ਵਿਚ ਸ਼ਾਮਿਲ ਸੀ। ਉਸ ਸਮੇਂ ਕੋਰਟ ਵਲੋਂ ਉਸਨੂੰ ਬਰੀ ਕੀਤਾ ਗਿਆ ਸੀ। ਟਾਈਟਲਰ ਨੇ ਕਿਹਾ ਕਿ 84 ਦੇ ਦੰਗਿਆਂ ਵਿਚ ਜਿਹੜੀ ਰਿਪੋਰਟ ਦਾਖਿਲ ਹੈ ਉਸ ਵਿਚ ਮੇਰਾ ਨਾਂ ਨਹੀਂ ਹੈ ਪਰ ਮੀਡੀਆ ਨੇ ਮੈਨੂੰ ਪੂਰੀ ਦੁਨੀਆਂ ਵਿਚ ਦੋਸ਼ੀ ਠਹਿਰਾ ਦਿਤਾ ਹੈ। ਮੇਰੇ ਬਾਰੇ ਮੀਡੀਆ ਨੇ ਗਲਤ ਪ੍ਰਚਾਰ ਕੀਤਾ ਹੈ। ਕੋਰਟ ਨੇ ਮੈਨੂੰ ਕਈ ਵਾਰ ਬਰੀ ਕੀਤਾ ਹੈ ਪਰ ਮੀਡੀਆ ਨੇ ਮੈਨੂੰ ਕਦੇ ਦੋਸ਼ ਮੁਕਤ ਨਹੀਂ ਕੀਤਾ। ਟਾਈਟਲਰ ਹੁਣ ਭਾਂਵੇ ਕੁਝ ਵੀ ਕਹੇ ਪਰ ਬੁਰੇ ਕੰਮ ਦਾ ਨਤੀਜਾ ਬੁਰਾ ਹੀ ਹੁੰਦਾ ਹੈ। ਕਾਂਗਰਸ ਨੇ ਇਹ ਕਦਮ ਚੁਕ ਕੇ ਸਿੱਖਾ ਦੇ ਹਿਰਦਿਆਂ ਨੂੰ ਕੁਝ ਰਾਹਤ ਪਹੁੰਚਾਈ ਹੈ।