ਨਵੀਂ ਦਿੱਲੀ- ਲੋਕ ਸਭਾ ਦੀਆਂ 2014 ਵਿੱਚ ਹੋਣ ਵਾਲੀਆਂ ਚੋਣਾਂ ਦੀਆਂ ਤਿਆਰੀਆਂ ਦੀ ਸਮੀਖਿਆ ਕਰ ਰਹੇ ਰਾਹੁਲ ਗਾਂਧੀ ਨੇ ਕਿਹਾ ਕਿ ਕਾਂਗਰਸ ਦੇ ਢਾਂਚੇ ਵਿੱਚ ਕੀਤੇ ਜਾ ਰਹੇ ਬਦਲਾਅ ਨੂੰ ਇੱਕ ਹੀ ਝਟਕੇ ਵਿੱਚ ਲਾਗੂ ਨਹੀਂ ਕਰਾਂਗੇ।ਉਨ੍ਹਾਂਕਿਹਾ ਕਿ ਬੇਸ਼ਕ ਨਵੇਂ ਜਮਾਨੇ ਦੀਆਂ ਚੁਣੌਤੀਆਂ ਦੇ ਹਿਸਾਬ ਨਾਲ ਕਾਫ਼ੀ ਕੁਝ ਬਦਲਿਆ ਜਾਵੇਗਾ, ਪਰ ਇਹ ਬਦਲਾਅ ਹੌਲੀ-ਹੌਲੀ ਕੀਤਾ ਜਾਵੇਗਾ।
ਆਮ ਚੋਣਾਂ ਨੂੰ ਲੈ ਕੇ ਇਸ ਸਾਲ ਹੋਣ ਵਾਲੇ ਕਈ ਰਾਜਾਂ ਦੀਆਂ ਵਿਧਾਨ ਸਭਾਵਾਂ ਦੀਆਂ ਚੋਣਾਂ ਵਿੱਚ ਪਾਰਟੀ ਦੀਆਂ ਤਿਆਰੀਆਂ ਦਾ ਜਾਇਜ਼ਾ ਲੈਂਦੇ ਹੋਏ ਰਾਹੁਲ ਨੇ ਪਾਰਟੀ ਦੇ ਅਹੁਦੇਦਾਰਾਂ ਨਾਲ ਲੰਬੀ ਬੈਠਕ ਕਰਕੇ ਵਿਚਾਰ ਵਟਾਂਦਰਾ ਕੀਤਾ।ਪਾਰਟੀ ਸੰਗਠਨ ਵਿੱਚ ਖਾਮੀਆਂ ਤੇ ਆਪਣਾ ਮਸ਼ਵਰਾ ਦਿੰਦੇ ਹੋਏ ਅਧਿਕਾਰੀਆਂ ਨੇ ਬਦਲਾਅ ਲਿਆਉਣ ਦੀ ਗੱਲ ਕੀਤੀ। ਕਾਂਗਰਸ ਦੇ ਉਪ ਪ੍ਰਧਾਨ ਨੇ ਕਿਹਾ ਕਿ ਪਾਰਟੀ ਵਿੱਚ ਬਦਲਾਅ ਸੋਚ ਵਿਚਾਰ ਕੇ ਅਤੇ ਸੱਭ ਨੂੰ ਨਾਲ ਲੈ ਕੇ ਕੀਤਾ ਜਾਵੇਗਾ।ਇਸ ਲਈ ਇਸ ਨੂੰ ਸਮਾਂ ਲਗ ਸਕਦਾ ਹੈ। ਪਾਰਟੀ ਪ੍ਰਬੰਧ ਵਿੱਚ ਖਾਮੀਆਂ ਨੂੰ ਦੂਰ ਕਰਨ ਤੇ ਵੀ ਜੋਰ ਦਿੱਤਾ ਗਿਆ। ਬੈਠਕ ਵਿੱਚ ਇਹ ਵੀ ਕਿਹਾ ਗਿਆ ਕਿ ਜਿੰਮੇਵਾਰੀ ਦੇ ਨਾਲ-ਨਾਲ ਜਵਾਬਦੇਹ ਹੋਣ ਦੀ ਪ੍ਰਣਾਲੀ ਜਰੂਰ ਲਾਗੂ ਕੀਤੀ ਜਾਵੇਗੀ। ਚੋਣ ਸਿਆਸਤ ਨਾਲ ਜੁੜੇ ਫੈਸਲੇ ਜਲਦੀ ਲੈਣ ਦੀ ਵੀ ਗੱਲ ਕੀਤੀ ਗਈ। ਕੁਝ ਸਕੱਤਰਾਂ ਵੱਲੋਂ ਕੰਮ ਦਾ ਮੌਕਾ ਨਾਂ ਦਿੱਤੇ ਜਾਣ ਦੀ ਸ਼ਿਕਾਇਤ ਤੇ ਰਾਹੁਲ ਨੇ ਕਿਹਾ ਕਿ ਸੱਭ ਨੂੰ ਉਚਿਤ ਮੌਕਾ ਦਿੱਤਾ ਜਾਵੇਗਾ ਅਤੇ ਵਰਕਰਾਂ ਦੇ ਕੰਮ ਨੂੰ ਵੀ ਧਿਆਨ ਵਿੱਚ ਰੱਖਿਆ ਜਾਵੇਗਾ।