ਪੰਜਾਬ ਸਰਕਾਰ ਵਲੋਂ ਆਯੋਜਤ ਕੀਤੇ ਗਏ ਪਰਵਾਸੀ ਪੰਜਾਬੀ ਸਮੇਲਨ ਨੇ ਬਾਦਲ ਪਰਿਵਾਰ ਦੀ ਖਾਨਾਜੰਗੀ ਦੀ ਦੂਜੀ ਕਿਸ਼ਤ ਜੱਗ ਜ਼ਾਹਰ ਕਰ ਦਿੱਤੀ, ਜਿਸ ਨਾਲ ਬਾਦਲ ਪਰਿਵਾਰ ਦੀ ਫੁੱਟ ਦਾ ਪਰਦਾ ਫਾਸ਼ ਹੋ ਗਿਆ ਹੈ।ਬਾਦਲ ਪਰਿਵਾਰ ਦੀ ਖਾਨਾਜੰਗੀ ਦੀ ਪਹਿਲੀ ਕਿਸ਼ਤ ਵਿੱਚ ਮਨਪ੍ਰੀਤ ਸਿੰਘ ਬਾਦਲ ਚੌਧਰ ਦੀ ਲੜਾਈ ਵਿੱਚ ਅਕਾਲੀ ਦਲ ਤੋਂ ਵੱਖ ਹੋ ਗਿਆ ਸੀ।ਦੂਜੀ ਕਿਸ਼ਤ ਵਿੱਚ ਪਰਵਾਸੀ ਪੰਜਾਬੀ ਸੰਮੇਲਨ ਦੌਰਾਨ ਪੰਜਾਬ ਸਰਕਾਰ ਵਿੱਚ ਸੁਖਬੀਰ ਸਿੰਘ ਬਾਦਲ ਅਤੇ ਉਹਨਾਂ ਦੇ ਨਜਦੀਕੀ ਰਿਸ਼ਤੇਦਾਰ ਬਿਕਰਮ ਸਿੰਘ ਮਜੀਠੀਆ ਦੇ ਵੱਧਦੇ ਪ੍ਰਭਾਵ ਨੂੰ ਰੋਕਣ ਲਈ ਪਰਕਾਸ਼ ਸਿੰਘ ਬਾਦਲ ਮੁੱਖ ਪੰਤਰੀ ਪੰਜਾਬ, ਜਿਸਨੂੰ ਸਿਆਸਤ ਦਾ ਬਾਬਾ ਬੋਹੜ ਅਤੇ ਆਪਣੇ ਦਿਲ ਦੀ ਗੱਲ ਦਿਲ ਵਿੱਚ ਹੀ ਰੱਖਣ ਵਾਲਾ ਸਿਆਣਾ,ਸੁਘੜ ਅਤੇ ਘੁੰਨਾ ਸਿਆਸਤਦਾਨ ਗਿਣਿਆਂ ਜਾਂਦਾ ਹੈ ਦੇ ਸਬਰ ਦਾ ਪਿਆਲਾ ਟੁੱਟਣ ਨਾਲ ਬਿਕਰਮ ਸਿੰਘ ਮਜੀਠੀਆ ਅਤੇ ਸੁਖਬੀਰ ਸਿੰਘ ਬਾਦਲ ਤੇ ਸਿਧਾ ਨਿਸ਼ਾਨਾ ਲਾਉਣ ਨਾਲ ਸੰਮੇਲਨ ਵਿੱਚ ਸ਼ਾਮਲ ਪਰਵਾਸੀ ਅਤੇ ਹੋਰ ਸਿਆਸਤਦਾਨ ਹੈਰਾਨ ਹੀ ਹੋ ਗਏ। ਇਕਦਮ ਪੰਡਾਲ ਵਿੱਚ ਛਨਾਟਾ ਹੀ ਛਾਅ ਗਿਆ ਤੇ ਤਰਥੱਲੀ ਮੱਚ ਗਈ, ਜਦੋਂ ਮੁੱਖ ਮੰਤਰੀ ਨੇ ਮਜੀਠੀਆ ਵਲ ਸੰਬੋਧਨ ਕਰਕੇ ਕਿਹਾ ਕਿ ਤੁਸੀਂ ਕਦੀ ਜੇਲ੍ਹ ਗਏ ਹੋ ,ਤੁਹਾਨੂੰ ਤਾਂ ਪੱਕੀ ਪਕਾਈ ਵਿਰਾਸਤ ਮਿਲ ਗਈ ਹੈ ਤੇ ਹੁਣ ਤੁਸੀਂ ਇਸਤੇ ਕਬਜਾ ਕਰਨਾ ਚਾਹੁੰਦੇ ਹੋ। ਅਕਾਲੀ ਦਲ ਦੇ ਸੀਨੀਅਰ ਲੀਡਰਾਂ ਸੁਖਦੇਵ ਸਿੰਘ ਢੀਂਡਸਾ,ਬਲਵਿੰਦਰ ਸਿੰਘ ਭੁੰਦੜ ਅਤੇ ਅਜੀਤ ਸਿੰਘ ਕੁਹਾੜ ਦਾ ਨਾ ਲੈ ਕੇ ਉਹਨਾੇ ਕਿਹਾ ਕੇ ਉਹਨਾ ਨੇ ਜੇਲ੍ਹਾਂ ਕੱਟੀਆਂ ਹਨ ਤੇ ਉਹਨਾ ਖੁਦ 17 ਸਾਲ ਜੇਲ੍ਹ ਦੀ ਹਵਾ ਖਾਧੀ ਹੈ।ਇਸਤੋਂ ਬਾਅਦ ਅੱਗੇ ਉਸ ਤੇ ਵਰ੍ਹਦਿਆਂ ਉਹਨਾ ਕਿਹਾ ਕਿ ਸਰਕਾਰ ਇੱਕਲੇ ਵਿਕਾਸ ਕਰਕੇ ਨਹੀਂ ਬਣੀ, ਇਸਦੇ ਹੋਰ ਬਹੁਤ ਸਾਰੇ ਕਾਰਨ ਹਨ।ਸਮਾਜ ਦੇ ਸਾਰੇ ਵਰਗਾਂ ਅਤੇ ਧਰਮਾਂ ਦਾ ਬਰਾਬਰ ਦਾ ਸਤਿਕਾਰ ਕਰਨਾ ਅਤੇ ਫਿਰ ਉਹਨਾਂ ਦਾ ਭਰੋਸਾ ਜਿਤਣਾ ਵੀ ਕਾਰਨ ਹਨ।ਸੁਖਬੀਰ ਸਿੰਘ ਬਾਦਲ ਦੇ ਵਿਕਾਸ ਦੇ ਨਾਂ ਤੇ ਚੋਣਾਂ ਜਿੱਤਣ ਨੂੰ ਵੀ ਉਹਨਾ ਝੁਠਲਾ ਦਿੱਤਾ।ਉੁਹਨਾ ਇਹ ਵੀ ਕਿਹਾ ਕਿ ਪਰਵਾਸੀ ਸੰਮੇਲਨ ਦੀ ਸਫਲਤਾ ਤੇ ਬਹੁਤਾ ਖੁਸ਼ ਹੋਣ ਦੀ ਲੋੜ ਨਹੀ, ਇਹਨਾਂ ਨੇ ਤੁਹਾਡੀ ਸਰਕਾਰ ਨਹੀਂ ਬਨਾਉਣੀ। ਮੁੱਖ ਮੰਤਰੀ ਨੇ ਆਪਣੀ ਅਥਾਰਟੀ ਜਤਾਉਣ ਲਈ ਇਹ ਵੀ ਕਿਹਾ ਕਿ ਕਿਸੇ ਵੀ ਕੰਮ ਲਈ ਉਹ ਬਿਨਾ ਵਿਚੋਲੇ ਸਿੱਧੇ, ਉਹਨਾ ਕੋਲ ਆਉਣ। ਮੁੱਖ ਮੰਤਰੀ ਨੇ ਸੁਖਬੀਰ ਬਾਦਲ ਅਤੇ ਮਜੀਠੀਆ ਤੇ ਪਹਿਲੀ ਵਾਰ ਭਿਉਂ ਭਿਉਂ ਕੇ ਚੋਟਾਂ ਮਾਰੀਆਂ ਹਨ।ਸ੍ਰ ਬਾਦਲ ਵਰਗੇ ਮੰਝੇ ਹੋਏ ਸਿਆਸੀ ਲੀਡਰ ਜਿਸਨੂੰ ਸਿਆਸਤ ਦਾ ਧਨੰਤਰ ਕਿਹਾ ਜਾਂਦਾ ਹੈ, ਉਸ ਕੋਲੋਂ ਅਜਿਹੀ ਗੱਲ ਦੀ ਉਮੀਦ ਨਹੀਂ ਕੀਤੀ ਜਾ ਸਕਦੀ ਸੀ।ਇਹ ਤਿੱਖੀਆਂ ਚੋਟਾਂ ਬਾਦਲ ਦੀ ਮਾਨਸਕ ਸਥਿਤੀ ਦਾ ਪ੍ਰਗਟਾਵਾ ਕਰਦੀਆਂ ਹਨ ਕਿਉਂਕਿ ਪਿਛਲੇ ਦੋ ਮਹੀਨਿਆਂ ਤੋਂ ਅਕਾਲੀ ਦਲ ਦੇ ਵਰਕਰ ਅਤੇ ਲੀਡਰ ਖਾਸ ਤੌਰ ਤੇ ਦੇ ਯੂਥ ਵਿੰਗ ਦੇ ਵਰਕਰ ਅਤੇ ਲੀਡਰ, ਜਿਹਨਾਂ ਨੂੰ ਪਹਿਲਾਂ ਸੁਖਬੀਰ ਬਰੀਗੇਡ ਅਤੇ ਹੁਣ ਮਜੀਠੀਆ ਬਰੀਗੇਡ ਦੇ ਨਾਂ ਨਾਲ ਜਾਣਿਆਂ ਜਾਂਦਾ ਹੈ ਦੀਆਂ ਆਪਹੁਦਰੀਆਂ ਹਰਕਤਾਂ ਕਰਕੇ ਸਰਕਾਰ ਲੋਕਾਂ ਦੇ ਕਟਹਿਰੇ ਵਿੱਚ ਖੜ੍ਹੀ ਹੋ ਗਈ ਹੈ।ਸਰਕਾਰ ਦੀ ਕਾਰਗੁਜਾਰੀ ਅਤੇ ਪ੍ਰਬੰਧਕੀ ਪਾਰਦਰਸ਼ਤਾ ਤੇ ਸਵਾਲੀਆ ਨਿਸ਼ਾਨ ਲੱਗ ਚੁੱੰਕਾ ਹੈ।ਲਗਦਾ ਹੈ ਕਿ ਬੁਖਲਾਹਟ ਵਿੱਚ ਆਕੇ ਮੁੱਖ ਮੰਤਰੀ ਨੇ ਆਪਣੀਆਂ ਟਿੱਪਣੀਆਂ ਕੀਤੀਆਂ ਹੋਣ। ਉਹ ਆਪਣੀਆਂ ਪਰਿਵਾਰਕ ਮਜਬੂਰੀਆਂ ਅੱਗੇ ਬੇਬਸ ਸਨ।ਮੁੱਖ ਮੰਤਰੀ ਦੇ ਇਸ ਬਿਆਨ ਬਾਰੇ ਸਿਆਸੀ ਚੜਚੋਲਕਾਰਾਂ ਦੇ ਵੱਖਰੇ ਵੱਖਰੇ ਵਿਚਾਰ ਹਨ। ਕੁਝ ਤਾਂ ਕਹਿੰਦੇ ਹਨ ਕਿ ਉਹਨਾ ਇਹ ਬਿਆਨ ਜਾਣ ਬੁਝਕੇ ਦਿੱਤਾ ਹੋਵੇਗਾ ਕਿਉਂਕਿ ਉਹ ਕੋਈ ਸਿਆਸਤ ਦੇ ਕੱਚੇ ਖਿਡਾਰੀ ਨਹੀਂ ਹਨ।ਉਹ ਤਾਂ ਛੇਤੀ ਕੀਤਿਆਂ ਆਪਣੇ ਸਿਆਸੀ ਵਿਰੋਧੀਆਂ ਬਾਰੇ ਵੀ ਅਜਿਹੇ ਸ਼ਬਦਾਂ ਦੀ ਵਰਤੋਂ ਨਹੀਂ ਕਰਦੇ।ਉਹ ਤਾਂ ਮੰਝੇ ਹੋਏ ਸੁਘੜ ਸਲੀਕੇ ਵਾਲੇ ਸਿਆਸਤਦਾਨ ਹਨ,ਸਗੋਂ ਡਿਪਲੋਮੈਟਿਕ ਢੰਗ ਨਾਲ ਗੱਲ ਕਰਦੇ ਹਨ। ਉਹ ਕਦੀ ਵੀ ਆਪੇ ਤੋਂ ਬਾਹਰ ਨਹੀਂ ਹੁੰਦੇ । ਹਰ ਕੰਮ ਉਹ ਸਹਿਜਤਾ ਨਾਲ ਕਰਦੇ ਹਨ।ਮਜੀਠੀਆ ਵਲੋਂ ਵਿਧਾਨ ਸਭਾ ਵਿੱਚ ਕੀਤੀ ਕਾਰਵਾਈ ਅਤੇ ਸੁਖਬੀਰ ਵਲੋਂ ਉਹਨਾਂ ਨੂੰ ਦਖਲ ਦੇਣ ਤੋਂ ਰੋਕਣ ਨੇ ਵੀ ਬਲਦੀ ਤੇ ਤੇਲ ਪਾਇਆ ਹੋਵੇਗਾ।ਸਿਆਸੀ ਪੜਚੋਲਕਾਰ ਇਹ ਵੀ ਕਹਿ ਰਹੇ ਹਨ ਕਿ ਮੁੱਖ ਮਤੰਰੀ ਨੇ ਅਕਾਲੀ ਦਲ ਦੇ ਟਕਸਾਲੀ ਲੀਡਰਾਂ ਦੇ ਮਨੋਬਲ ਨੂੰ ਹੋਰ ਨੀਚੇ ਡਿਗਣ ਤੋਂ ਰੋਕਣ ਲਈ ,ਇਹ ਬਿਆਨ ਸੂੰਡ ਦੀ ਗੱਠੀ ਦਾ ਕੰਮ ਕਰੇਗਾ।ਇਹ ਵੀ ਕਿਹਾ ਜਾ ਰਿਹਾ ਹੈ ਕਿ ਇਹ ਬਿਆਨ ਬਾਦਲ ਦੀ ਬੇਬਸੀ ਦਾ ਪ੍ਰਤੀਕ ਹੈ ਕਿਉਂਕਿ ਦੋ ਦਿਨ ਬਾਅਦ ਉਹਨਾ ਨੂੰ ਇਸ ਬਿਆਨ ਤੋਂ ਅਸਿਧੇ ਢੰਗ ਨਾਲ ਮੁਕਰਨਾ ਪਿਆ।ਅਸਲ ਵਿੱਚ ਸ੍ਰ ਬਾਦਲ ਸ੍ਰੀਮਤੀ ਸੁਰਿੰਦਰ ਕੌਰ ਬਾਦਲ ਦੀ ਮੌਤ ਤੋਂ ਬਾਅਦ ਅਤੇ ਆਪਣੇ ਭਰਾ ਨਾਲੋਂ ਟੁੱਟਣ ਕਰਕੇ ਮਾਨਸਕ ਤੌਰ ਤੇ ਟੁੱਟੇ ਹੋਏ ਹਨ।ਦਿਲ ਦੀ ਗੱਲ ਕਰਨ ਤਾਂ ਕਿਸ ਨਾਲ ਕਰਨ।ਪਰਿਵਾਰ ਵਿੱਚ ਤਾਂ ਆਪੋ ਧਾਪੀ ਪਈ ਹੋਈ ਹੈ।ਉਹਨਾ ਦੀ ਵਿਰਾਸਤ ਨੂੰ ਸਾਂਭਣ ਪਿਛੇ ਖਾਨਾ ਜੰਗੀ ਚਲ ਰਹੀ ਹੈ।ਉਹਨਾ ਦੇ ਜਵਾਈ ਆਦੇਸ਼ਪ੍ਰਤਾਪ ਸਿੰਘ ਕੈਰੋਂ ਦੇ ਵਿਅਕਤੀਤਿਤਵ ਨੂੰ ਉਭਰਨ ਤੋ ਰੋਕਣ ਦੀਆਂ ਵੀ ਕੋਸ਼ਿਸ਼ਾਂ ਹੋ ਰਹੀਆਂ ਹਨ।ਮਜੀਠੀਆ ਅਤੇ ਕੈਰੋਂ ਦੋਵਾਂ ਦਾ ਪਿਛੋਕੜ ਕਾਂਗਰਸ ਦਾ ਹੈ।ਮੁੱਖ ਮੰਤਰੀ ਦੋਹਾਂ ਧੜਿਆਂ ਵਿੱਚੋ ਕਿਸੇ ਇੱਕ ਨੂੰ ਵੀ ਅਣਡਿਠ ਨਹੀਂ ਕਰ ਸਕਦੇ ਪ੍ਰੰਤੂ ਇਹ ਦੋਵੇਂ ਇਕੱਠੇ ਹੋ ਨਹੀਂ ਸਕਦੇ ,ਜਿਵੇਂ ਪਹਿਲਾਂ ਮਨਪ੍ਰੀਤ ਅਤੇ ਸੁਖਬੀਰ ਇਕੱਠੇ ਨਹੀਂ ਹੋ ਸਕੇ।ਸ੍ਰ ਬਾਦਲ ਆਪਣੇ ਭਰਾ ਤੋਂ ਦੂਰ ਹੋਣ ਤੇ ਦੁੱੰਖੀ ਹਨ ਇਸ ਲਈ ਉਹ ਹੁਣ ਦੁਬਾਰਾ ਪਰਿਵਾਰ ਦੀ ਵੰਡ ਨਹੀਂ ਹੋਦ ਦੇਣੀ ਚਾਹੁੰਦੇ।ਮੁੱਖ ਮੰਤਰੀ ਅਜਿਹੇ ਵੇਗ ਵਿੱਚ ਬਹਿਕੇ ਬਿਆਨ ਦੇ ਗਏ, ਜਿਸ ਨਾਲ ਪਰਵਾਸੀ ਸੰਮੇਲਨ ਦੀ ਸਫਲਤਾ ਨੂੰ ਗ੍ਰਹਿਣ ਲੱਗ ਗਿਆ ਕਿਉਂਕਿ ਘਰੇਲੂ ਸਮੱਸਿਆ ਦਾ ਜਿਕਰ ਕਰਨ ਲਈ ਇਹ ਪਲੇਟਫਾਰਮ ਨਹੀਂ ਸੀ।ਫਰੀਦਕੋਟ ਵਿਖੇ ਇੱਕ ਨਾਬਾਲਗ ਲੜਕੀ ਦੇ ਅਗਵਾ ਹੋਣ ਦੇ ਕੇਸ ਤੋਂ ਬਾਅਦ ਅਕਾਲੀ ਦਲ ਯੂਥ ਵਿੰਗ ਹਮੇਸ਼ਾ ਚਰਚਾ ਦਾ ਵਿਸ਼ਾ ਬਣਿਆਂ ਰਿਹਾ ਹੈ।ਅਕਾਲੀ ਦਲ ਦੇ ਯੂਥ ਵਿੰਗ ਦੀਆਂ ਆਪਹੁਦਰੀਆਂ ਅਖਬਾਰਾਂ ਦੀਆਂ ਸੁਰਖੀਆਂ ਬਣਨ ਲੱਗੀਆਂ। ਅਕਾਲੀ ਦਲ ਦੇ ਟਕਸਾਲੀ ਆਗੂ ਘੁੱਟਨ ਮਹਿਸੂਸ ਕਰਨ ਲੱਗ ਪਏ ਸਨ।ਸਿਆਸੀ ਪੜਚੋਲਕਾਰ ਜੋ ਮਰਜੀ ਕਹੀ ਜਾਣ ਪ੍ਰੰਤੂ ਸ੍ਰ ਬਾਦਲ ਆਪਣੇ ਪੁਤਰ ਮੋਹ ਵਿੱਚ ਆਪਣੀ ਵਿਰਾਸਤ ਆਪਣੇ ਪੁਤਰ ਨੂੰ ਹੀ ਦੇਣਗੇ ਭਾਵੇਂ ਉਹ ਲਿਪਾ ਪੋਚੀ ਜੋ ਮਰਜੀ ਕਰੀ ਜਾਣ। ਇਹ ਬਿਆਨ ਦੇਕੇ ਉਹਨਾ ਅਕਾਲੀ ਦਲ ਦੇ ਅੰਦਰ ਹੋ ਰਹੀ ਘੁਸਰ ਮੁਸਰ ਨੂੰ ਇੱਕ ਵਾਰੀ ਤਾਂ ਥੰਮ ਦਿੱੰਤਾ ਹੈ ਤਾਂ ਜੋ ਕੋਈ ਲੀਡਰ ਸੁਖਬੀਰ ਦਾ ਵਿਰੋਧ ਨਾ ਕਰੇ।