ਕਾਂਗਰਸ ਪਾਰਟੀ ਦੇ ਦਿੱਲੀ ਮੁਖ ਦਫਤਰ ਵਿਖੇ 7 ਅਪਰੈਲ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਜਗਦੀਸ਼ ਟਾੲਟਲਰ ਨੂੰ “ ਕਲੀਨ ਚਿੱਟ” ਦਿਤੇ ਜਾਣ ਦੇ ਮੁੱਦੇ ‘ਤੇ ਦੈਨਿਕ ਜਾਗਰਣ ਦੇ ਇਕ ਸਿੱਖ ਪੱਤਰਕਾਰ ਜਰਨੈਲ ਸਿੰਘ ਵਲੋਂ ਕੇਂਦਰੀ ਗ੍ਰਹਿ ਮੰਤਰੀ ਪੀ. ਚਿਦੰਬਰਮ ਦੇ ਵਗਾਹ ਕੇ ਮਾਰੀ ਗਈ ਜੁੱਤੀ ਨੇ ਜਿੱਥੇ ਕਾਂਗਰਸ ਨੂੰ ਝੰਜੋੜ ਕੇ ਰਖ ਦਿਤਾ ਹੈ, ਉਥੇ ਪੱਤਰਕਾਰ ਭਾਈਚਾਰੇ ਨੂੰ ਵੀ ਹੈਰਾਨ ਕਰ ਦਿਤਾ ਹੈ।ਅਕਾਲੀ ਲੀਡਰਾਂ ਨੇ ਇਸ ਉਤੇ ਸਿੱਧੇ ਜਾਂ ਅਸ਼ਿੱਧੇ ਰੂਪ ਵਿਚ ਖੁਸ਼ੀ ਪ੍ਰਗਟਾਈ ਹੈ ਤੇ ਕਿਹਾ ਹੈ ਕਿ ਜਰਨੈਲ ਸਿੰਘ ਨੇ ਸਿੱਖ ਭਾਵਨਾਵਾਂ ਦੀ ਤਰਜਮਾਨੀ ਕੀਤੀ ਹੈ। ਕਾਂਗਰਸ ਵਲੋਂ ਨਵੰਬਰ 84 ਦੇ ਦੋਸ਼ੀਆਂ ਟਾਈਟਲਰ ਤੇ ਸੱਜਣ ਕੁਮਾਰ ਨੂੰ ਦਿੱਲੀ ਦੇ ਦੋ ਹਲਕਿਆਂ ਤੋਂ ਲੋਕ ਸਭਾ ਚੋਣਾਂ ਲਈ ਟਿਕਟਾਂ ਦਿਤੀਆਂ ਗਈਆਂ ਸਨ ,ਜਿਸ ਕਾਰਨ ਸਿੱਖ ਭਾਈਚਾਰੇ ਵਿਚ ਪਹਿਲਾਂ ਹੀ ਬਹੁਤ ਰੋਸ ਸੀ, ਟਾਈਟਲਰ ਨੂੰ ਸੀ.ਬੀ.ਆਈ. ਵਲੋਂ “ ਕਲੀਨ ਚਿੱਟ” ਦਿਤੇ ਜਾਣ ‘ਤੇ ਸਿੱਖ ਹਿਰਦਿਆਂ ‘ਤੇ ਨਮਕ ਛਿੜਕਣ ਦਾ ਕੰਮ ਹੋਇਆ, ਜਿਸ ਨੇ ਹੋਰਨਾਂ ਸਿੱਖਾਂ ਵਾਂਗ ਜਰਨੈਲ ਸਿੰਘ ਨੂੰ ਵੀ ਬਹੁਤ ਦੁੱਖ ਹੋਇਆ।
ਇਸ ਤੋਂ ਪਹਿਲਾਂ ਇਰਾਕ ਵਿਚ ਅਮਰੀਕਾ ਦੇ ਤੱਤਕਾਲੀ ਰਾਸ਼ਟ੍ਰਪਤੀ ਜਾਰਜ ਬੁਸ਼ ‘ਤੇ ਇਕ ਪੱਤਰਕਾਰ ਵਲੋਂ ਜੁਤੀ ਚਲਾਈ ਗਈ ਸ਼ੀ।ਇਸੇ ਤਰ੍ਹਾਂ ਚੀਨ ਦੇ ਪ੍ਰਧਾਨ ਮੰਤਰੀ ਉਤੇ ਕੈਂਬਰਿਜ ਵਿਖੇ ਵਗਾਹ ਕੇ ਜੁੱਤੀ ਮਾਰੀ ਗਈ ਸੀ, ਜਿਸ ਨੂੰ ਜਾਣਦੇ ਹੋਏ ਸ਼ਾਇਦ ਜਰਨੈਲ ਸਿੰਘ ਨੇ ਭਾਵਨਾ ਵਿਚ ਆ ਕੇ ਗ੍ਰਹਿ ਮੰਤਰੀ ਨੇ ਵਗਾਹ ਕੇ ਜੁਤੀ ਮਾਰੀ, ਜੋ ਉਹਨਾਂ ਦੀ ਗਰਦਨ ਲਾਗਿਉਂ ਲੰਘ ਗਈ।ਦਿੱਲੀ ਪੁਲਿਸ ਨੇ ਜਰਨੈਲ ਸਿੰਘ ਨੂੰ ਹਿਰਾਸਤ ਵਿਚ ਲੈ ਲਿਆ ਸੀ, ਪਰ ਕਿਉਂ ਜੋ ਸ੍ਰੀ ਚਿਦੰਬਰਮ ਨੇ ਉਸ ਨੂੰ ਮੁਆਫ ਕਰ ਦਿਤਾ,ਪੁਲਿਸ ਨੇ ਪੁਛ ਗਿੱਛ ਕਰਨ ਉਪਰੰਤ ਉਸ ਨੂੰ ਰਿਹਾਅ ਕਰ ਦਿਤਾ।ਸ੍ਰੀ ਚਿਦੰਬਰਮ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਵਾਂਗ ਇਕ ਨਾਮਵਰ ਅਰਥ ਸ਼ਾਸ਼ਤਰੀ, ਸਾਊ ਤੇ ਸਨਿਮਰ ਸਖਸ਼ੀਅਤ ਹਨ, ਜਰਨੈਲ ਸਿੰਘ ਨੂੰ ਮੁਆਫ ਕਰ ਕੇ ਉਹਨਾਂ ਆਪਣੀ ਵਡੱਤਣ ਦਿਖਾਈ ਹੈ। ਮੈਨੂੰ ਵੀ ਲੁਧਿਆਣਾ ਵਿਖੇ ਦੈਨਿਕ ਜਾਗਰਣ ਦੇ ਬਿਊਰੋ ਚੀਫ ਵਜੋਂ ਡੇਢ ਕੁ ਸਾਲ ਕੰਮ ਕਰਨ ਦਾ ਅਵਸਰ ਮਿਲਿਆ ਹੈ।ਜਰਨੈਲ ਸਿੰਘ ਦੀ ਭੈਣ ਲੁਧਿਆਣੇ ਵਿਆਹੀ ਹੋਈ ਹੈ, ਇਸ ਲਈ ਮੈਨੂੰ ਉਸ ਨਾਲ ਲੁਧਿਆਣੇ ਜਾਂ ਦਿੱਲੀ ਚਾਰ ਪੰਜ ਵਾਰੀ ਮੁਲਾਕਾਤ ਕਰਨ ਦਾ ਮੌਕਾ ਮਿਲਿਆ। ਉਹ ਬਹੁਤ ਹੀ ਸਿੱਧਾ ਸਾਦਾ, ਸਨਿਮਰ ਤੇ ਮਿੱਠ-ਬੋਲੜਾ ਪੱਤਰਕਾਰ ਹੈ।ਇਸੇ ਕਾਰਨ ਸਾਰੇ ਪੱਤਰਕਾਰ ਉਸ ਦੀ ਇਸ ਹਰਕਤ ‘ਤੇ ਹੈਰਾਨ ਹਨ।
ਬਤੌਰ ਪੱਤਰਕਾਰ, ਮੈਂ ਜਰਨੈਲ ਸਿੰਘ ਦੀ ਇਕ ਕਾਰਵਾਈ ਨੂੰ ਬਿਲਕੁਲ ਹੀ ਠੀਕ ਨਹੀਂ ਸਮਝਦਾ।ਇਕ ਪਤਰਕਾਰ ਦਾ ਸਭ ਤੋਂ ਵੱਡਾ ਹਥਿਆਰ ਉਸ ਦੀ ਕਲਮ ਹੈ, ਜਿਸ ਨਾਲ ਉਹ ਜਿੱਥੇ ਆਪਣੇ ਜ਼ਜ਼ਬਾਤ ਪ੍ਰਗਟ ਕਰ ਸਕਦਾ ਹੈ, ਉਥੇ ਕਿਸੇ ਵੀ ਜ਼ੁਲਮ ਤਸ਼ੱਦਦ, ਬੇਇਨਸਾਫੀ, ਵਿੱਤਕਰੇ ਤੇ ਸੋਸ਼ਨ ਬਾਰੇ ਖੁਲ੍ਹ ਕੇ ਲਿਖ ਸਕਦਾ ਹੈ। ਇਕ ਸਿੱਖ ਹੋਣ ਕਰਕੇ ਟਾਈਟਲਰ ਤੇ ਸੱਜਣ ਕੁਮਾਰ ਨੂੰ ਕਾਂਗਰਸ ਵਲੋਂ ਟਿਕਟਾਂ ਦਿਤੇ ਜਾਣ ‘ਤੇ ਮੈਨੂੰ ਵੀ ਦੁਖ ਹੋਇਆ ਹੈ, ਮੈਂ ਇਸ ਬਾਰੇ ਪਿਛਲੇ ਹਫਤੇ ਇਕ ਲੇਖ ਲਿਖਿਆ ਸੀ ਜੋ ਇਧਰ ਪੰਜਾਬ ਤੇ ਵਿਦੇਸ਼ ਦੇ ਕਈ ਅਖ਼ਬਾਰਾਂ ਤੇ ਪੰਜਾਬੀ ਵੈਬਸਾਈਟਾਂ ‘ਤੇ ਛਪਿਆ ਹੈ।
ਪਹਿਲਾਂ ਅਮਰੀਕਾ ਦੇ ਰਾਸ਼ਟ੍ਰਪਤੀ, ਫਿਰ ਚੀਨੀ ਪ੍ਰਧਾਨ ਮੰਤਰੀ ਤੇ ਹੁਣ ਭਾਰਤੀ ਗ੍ਰਹਿ ਮੰਤਰੀ ਉਤੇ ਚਲਾਈ ਗਈ ਜੁੱਤੀ ਦੀਆਂ ਘਟਨਾਵਾਂ ਨੂੰ ਵਿਸ਼ਵ ਭਰ ਦੇ ਪਿੰਟ ਤੇ ਬਿੱਜਲਈ ਮੀਡੀਆ ਨੇ ਖੁਬ ਉਛਾਲਿਆ ਹੈ। ਮੰਗਲਵਾਰ 7 ਅਪਰੈਲ ਨੂੰ ਬਾਅਦ ਦੁਪਹਿਰ ਸਾਰੇ ਹੀ ਟੀ.ਵੀ. ਨਿਊਜ਼ ਚੈਨਲਾਂ ਨੇ ਵਾਰ ਵਾਰ ਇਸ ਘਟਨਾ ਨੂੰ ਪੇਸ਼ ਕੀਤਾ ਤੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਲੀਡਰਾਂ ਤੋਂ ਪ੍ਰਤੀਕਰਮ ਪੁਛ ਕੇ ਦਰਸ਼ਕਾਂ ਨੂੰ ਦਰਸਾਏ। ਬੱਧਵਾਰ ਸਾਰੇ ਅਖ਼ਬਾਰਾਂ ਦੇ ਪਹਿਲੇ ਪੰਨੇ ਤੇ ਇਸੇ ਖ਼ਬਰ ਬਾਰੇ ਸਭ ਤੋਂ ਮੋਟੀ ਸੁਰਖੀ ਸੀ।ਬੱਧਵਾਰ ਵੀ ਇਹ ਸਿਲਸਲਾ ਚਲਦਾ ਰਿਹਾ।ਭਾਰਤ ਵਿਚ ਚਾਰ ਪੰਜ ਸਾਲ ਪਹਿਲਾਂ ਮੱਧ ਪਰਦੇਸ਼ ਦੀ ਰਾਜਧਾਨੀ ਭੁਪਾਲ ਵਿਖੇ ਇਕ ਅਦਾਲਤ ਵਿਚ ਇਕ ਔਰਤ ਨੇ ਜੱਜ ਵਲ ਵਗਾਹ ਕੇ ਆਪਣੀ ਜੁੱਤੀ ਮਾਰੀ ਸੀ।ਉਸ ਔਰਤ ਨਾਲ ਬਲਾਤਕਾਰ ਹੋਇਆ ਸੀ,,ਜੱਜ ਨੇ ਉਸ ਵਿਰੁਧ ਹੀ ਫੇਸਲਾ ਸੁਣਾ ਦਿਤਾ ਤਾਂ ਉਹ ਗੁੱਸੇ ਵਿਚ ਆ ਗਈ।ਕੁਝ ਮਹੀਨੇ ਇਕ ਹੋਰ ਜੱਜ ਵਲ ਜੁੱਤੀ ਚਲਾਈ ਗਈ।ਹੁਣ ਤਾਂ ਇਹ ਜਾਪਣ ਲਗਾ ਹੈ ਕਿ ਆਪਣਾ ਗੁਸਾ ਜਾਂ ਨਾਰਾਜ਼ਗੀ ਪ੍ਰਗਟ ਕਰਨ ਲਈ ਕੋਈ ਵੀ ਵਿਅਕਤੀ ਸਬੰਧਤ ਸਿਆਸੀ ਲੀਡਰ ਜਾਂ ਅਧਿਕਾਰੀ ਉਤੇ ਵਗਾਹ ਕੇ ਜੁਤੀ ਮਾਰ ਸਕਦਾ ਹੈ।
ਜਿਵੇਂ ਕਿ ਉਪਰ ਦਸਿਆ ਹੈ ਸਿੱਖ ਲੀਡਰਾਂ ਨੇ ਸਿੱਧੇ ਜਾਂ ਅਸ਼ਿੱਧੇ ਤੌਰ ‘ਤੇ ਜਰਨੈਲ਼ ਸਿੰਘ ਦੀ ਹਰਕਤ ਨੂੰ ਸਹੀ ਕਰਾਰ ਦਿਤਾ ਹੈ।ਕਈ ਸਿੱਖ ਜੱਥੇਬੰਦੀਆਂ ਵਲੋਂ ਉਸ ਨੂੰ ਸੋਨੇ ਦੇ ਮੈਡਲ ਨਾਲ ਸਨਮਾਨਿਤ ਕਰਨ ਦਾ ਐਲਾਨ ਵੀ ਕੀਤਾ ਗਿਆ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਨੇ ਉਸ ਵਿਰੁਧ ਮੁਕੱਦਮਾ ਦਰਜ ਹੋਣ ਦੀ ਸੂਰਤ ਵਿਚ ਮੁਫਤ ਕਾਨੂਨੀ ਸਹਾਇਤਾ ਦੇਣ ਦਾ ਐਲਾਨ ਕੀਤਾ ਹੈ। ਅਖ਼ਬਾਰੀ ਖ਼ਬਰਾਂ ਅਨੁਸਾਰ ਅਕਾਲੀ ਦਲ ਨੇ ਇਸ ਘਟਨਾ ਨੂੰ ਚੋਣ ਮੁਦਾ ਬਣਾਉਣ ਦਾ ਫੈਸਲਾ ਕੀਤਾ ਹੈ( ਹੁਣ ਕਾਂਗਰਸ ਵਲੋਂ ਟਾਈਟਲਰ ਤੇ ਸੱਜਣ ਕੁਮਾਰ ਦੀਆਂ ਟਿਕਟਾਂ ਵਾਪਸ ਲੈਣ ਨਾਲ ਸ਼ਾਇਦ ਇਹ ਚੋਣ ਮੁੱਦਾ ਨਾ ਬਣ ਸਕੇ)।।
ਸਿੱਖ ਲੀਡਰ ਇਸ ਘਟਨਾ ਤੋਂ ਬਹੁਤੇ ਖੁਸ਼ ਨਾ ਹੋਣ, ਕਲ ਨੂੰ ਇਸ ਤਰ੍ਹਾਂ ਦਾ ਭਾਣਾ ਉਹਨਾਂ ਨਾਲ ਵੀ ਵਰਤ ਸਕਦਾ ਹੈ।ਇਸ ਸਮੇਂ ਸਿੱਖ ਆਪਸ ਵਿਚ ਬੁਰੀ ਤਰ੍ਹਾਂ ਵੰਡੇ ਹੋਏ ਹਨ।ਅਕਾਲੀ ਦਲ ਦੇ ਕਈ ਧੜੇ ਹਨ, ਜੋ ਇਕ ਦੂਜੇ ਦੇ ਕੱਟੜ ਵਿਰੋਧੀ ਹਨ ਤੇ ਹਰ ਸਮੇਂ ਇਕ ਦੂਜੇ ਨੂੰ ਨੀਵਾਂ ਦਿਖਾਉਣ ਲਈ ਕੋਈ ਕਸਰ ਨਹੀਂ ਛੱਡਦੇ।ਇਹ ਇਕ ਹਕੀਕਤ ਹੈ ਕਿ ਸਾਰੇੁ ਅਕਾਲੀ ਧੜਿਆਂ ਵਿਚੋਂ ਸੱਤਾਧਾਰੀ ਸ਼੍ਰੋਮਣੀ ਅਕਾਲੀ ਦਲ ਹੀ ਸਭ ਤੋਂ ਮਜ਼ਬੂਤ ਤੇ ਸ਼ਕਤੀਸ਼ਾਲੀ ਪਾਰਟੀ ਹੈ।ਪੰਜਾਬ ਵਿਚ ਸਰਕਾਰ ਚਲਾਉਣ ਤੋਂ ਬਿਨਾ ਇਸ ਦਾ ਸਿੱਖਾਂ ਦੀ ਮਿੰਨੀ-ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸਰਬ-ਉਚ ਸੰਸਥਾ ਅਕਾਲ ਤਖ਼ਤ ਸਾਹਿਬ ਉਤੇ ਵੀ ਕਬਜ਼ਾ ਹੈ।ਇਹ ਪਾਰਟੀ ਕੇਂਦਰ ਵਿਚ ਭਾਜਪਾ ਦੀ ਭਾਈਵਾਲ ਵੀ ਰਹੀ ਹੈ।ਗਵਾਂਢੀ ਸੂਬਿਆਂ ਵਿਚ ਵੀ ਇਸ ਦਾ ਆਧਾਰ ਹੈ।
ਬਾਕੀ ਸਾਰੇ ਅਕਾਲੀ ਧੜੇ ਤੇ ਗਰਮ ਵਿਚਾਰਾਂ ਵਾਲੇ ਸਿੱਖ ਅਕਸਰ ਹਾਕਮ ਅਕਾਲੀ ਦਲ ਦੇ ਸਰਬ ਸ਼ਕਤੀਮਾਨ ਨੇਤਾ ਤੇ ਮੁਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਨੁਕਤਾਚੀਨੀ ਕਰਦੇ ਰਹਿੰਦੇ ਹਨ। ਉਹ ਅਕਸਰ ਇਹ ਦੋਸ਼ ਲਗਾਉਂਦੇ ਹਨ ਕਿ ਇੰਦਰਾ ਗਾਂਧੀ ਨੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੀ “ਇਮਾਰਤ” ਨੂੰ ਢਹਿ ਢੇਰੀ ਕੀਤਾ ਸੀ, ਪਰ ਸ੍ਰੀ ਬਾਦਲ ਨੇ ਤਾਂ ਅਕਾਲ ਤਖ਼ਤ ਦੀ “ਵਿਚਾਰਧਾਰਾ” ਨੂੰ ਢਹਿ ਢੇਰੀ ਕਰ ਕੇ ਰਖ ਦਿਤਾ ਹੈ।ਸਾਰੀਆਂ ਸਿੱਖ ਸੰਸਥਾਵਾਂ ਤੇ ਸਿੱਖ ਸਿਧਾਤਾਂ ਦਾ ਘਾਣ ਕਰ ਕੇ ਰਖ ਦਿਤਾ ਹੈ। ਆਪਣੇ ਸੌੜੇ ਸਿਆਸੀ ਹਿੱਤਾਂ ਲਈ ਸਹੀਦਾਂ ਦੀਆਂ ਕੁਰਬਾਨੀਆਂ ਨਾਲ ਹੋਂਦ ਵਿਚ ਆਈ ਪੰਥਕ ਜੱਥੇਬੰਦੀ ਸ਼੍ਰੋਮਣੀ ਅਕਾਲੀ ਦਲ ਦਾ “ਕਾਂਗਰਸੀਕਰਨ” ਤੇ “ਪਰਿਵਾਰੀਕਰਨ” ਕਰ ਕੇ ਦਿਤਾ ਹੈ। ਸਿਆਸਤ ੁਵਿਚ ਆਪਣੇ ਪਰਵਾਰ ਤੇ ਰਿਸ਼ਤੇਦਾਰਾਂ ਨੂੰ ਹੀ ਅਗੇ ਲਿਆਂਦਾ ਜਾ ਰਿਹਾ ਹੈ ।ਸਰਕਾਰ ਵਿਚ ਵਧੇਰੇ ਕਰ ਕੇ ਉਹਨਾਂ ਦੇ ਆਪਣੇ ਪਰਿਵਾਰਿਕ ਮੈਂਬਰ ਜਾਂ ਰਿਸ਼ਤੇਦਾਰ ਭਰੇ ਹਨ।ਕੁਰਬਾਨੀ ਵਾਲੇ ਟਕਸਾਲੀ ਆਗੂਆਂ ਨੂੰ ਖੁਡੇ-ਲਾਈਨ ਲਗਾਇਆ ਜਾ ਰਿਹਾ ਹੈ। ਆਪਣੇ ਪੁਤਰ ਨੂੰ ਬੜੇ ਯੋਜਨਾਬੱਧ ਤਰੀਕੇ ਨਾਲ ਪਹਿਲਾਂ ਅਕਾਲੀ ਦਲ ਦਾ ਕਾਰਜਕਾਰੀ ਪ੍ਰਧਾਨ ਤੇ ਫਿਰ ਪੂਰਾ ਪ੍ਰਧਾਨ ਬਣਾ ਕੇ ਵੀ ਸੰਤੋਖ ਨਹੀਂ ਹੋਇਆ, ਭਾਰਤੀ ਸੰਵਿਧਾਨ ਦਾ ਸਹਾਰਾ ਲੈ ਕੇ ਪਿਛਲੇ ਦਰਵਾਜ਼ੇ ਰਾਹੀ ਪੰਜਾਬ ਦਾ ਉਪ ਮੁਖ ਮਤਰੀ ਬਣਾ ਦਿਤਾ ਹੈ। ਅਜੇਹੀਆਂ ਦੂਸ਼ਨਬਾਜ਼ੀਆਂ ਕਾਰਨ ਉਹ ਸ. ਬਾਦਲ ਦੇ ਕੱਟੜ ਵਿਰੋਧੀ ਹਨ ਤੇ ਉਹਨਾਂ ਨਾਲ ਨਹਿਰੂ-ਗਾਂਧੀ ਪਰਵਾਰ ਜਿਤਨੀ ਹੀ ਨਫਰਤ ਕਰਦੇ ਹਨ। ਸ੍ਰੀ ਬਾਦਲ ਤੇ ਸੁਖਬੀਰ ਬਾਦਲ ਦੀਆਂ ਜਾਨਾਂ ਨੂੰ ਖਤਰੇ ਨੂੰ ਵੇਖਦੇ ਹੋਏ ਹੀ ਉਹਨਾਂ ਨੂੰ ਜ਼ੈਡ-ਪਲੱਸ ਸੁਰੱਖਿਆ ਦਿਤੀ ਗਈ ਹੈ। ਕੋਈ ਵੀ ਗਰਮ ਖਿਆਲੀਆ ਸਿੱਖ ਪੱਤਰਕਾਰ ,ਬੁਧੀਜੀਵੀ ਜਾਂ ਨੌਜਵਾਨ ਸ. ਬਾਦਲ ਜਾਂ ਸੁਖਬੀਰ ਬਾਦਲ ਵਲ ਵੀ ਜੁਤੀ ਵਗਾਹ ਕੁ ਮਾਰ ਸਕਦਾ ਹੈ।ਕੇਵਲ ਬਾਦਲ ਪਰਿਵਾਰ ਹੀ ਅਸੁੱਰਖਿਅਤ ਨਹੀਂ, ਸਗੋਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਜੱਥੇਦਾਰ ਅਕਾਲ ਤਖ਼ਤ ਸਮੇਤ ਕਈ ਹੋਰ ਧਾਰਮਿਕ ਲੀਡਰ ਜਿਨ੍ਹਾਂ ਨੂੰ ਸ੍ਰੀ ਬਾਦਲ ਦੀਆਂ “ਕਠਪੁਤਲੀਆਂ ” ਗਰਦਾਨਿਆ ਜਾਂਦਾ ਹੈ, ਨਾਲ ਵੀ ਅਜੇਹਾ ਭਾਣਾ ਵਰਤ ਸਕਦਾ ਹੈ।ਇਹਨਾਂ ਸਭਨਾ ਨੂੰ ਜਨਤਕ ਥਾਵਾਂ ‘ਤੇ ਬੜੀ ਹੀ ਸਾਵਾਨੀ ਨਾਲ ਵਿਚਰਨਾ ਚਾਹੀਦਾ ਹੈ।ਇਹ ਗਲ ਵਰਨਣਯੋਗ ਹੈ ਕਿ ਖਾੜਕੂ ਲਹਿਰ ਦੌਰਾਨ ਅਕਾਲੀ ਦਲ ਦੇ ਤਤਕਾਲੀ ਪ੍ਰਧਾਨ ਸੰਤ ਹਰਚੰਦ ਸਿੰਘ ਲੌਂਗੋਵਾਲ, ਸ੍ਰੀ ਦਰਬਾਰ ਸਾਹਿਬ ਦੇ ਹੈਡ ਗ੍ਰੰਥੀ ਗਿਆਨੀ ਸੋਹਨ ਸਿੰਘ , ਸ਼੍ਰੋਮਣੀ ਕਮੇਟੀ ਦੇ ਸਕੱਤਰ ਭਾਨ ਸਿੰਘ, ਤਖ਼ਤ ਸ੍ਰੀ ਕੇਸ਼ਗੜ੍ਹ ਸਾਹਿਬ ਦੇ ਜੱਥੇਦਾਰ ਗਿਆਨੀ ਬਲਬੀਰ ਸਿੰਘ ,ਇਸਤ੍ਰੀ ਅਕਾਲੀ ਦਲ ਦੀ ਪ੍ਰਧਾਨ ਡਾ. ਰਾਜਿੰਦਰ ਕੌਰ ਤੇ ਕਈ ਹੋਰ ਸਿੱਖ ਨੇਤਾ ਗਰਮ ਖਿਆਲੀਏ ਸਿੱਖਾਂ ਦੀਆਂ ਗੋਲੀਆਂ ਦਾ ਹੀ ਸ਼ਿਕਾਰ ਹੋਏ ਸਨ। ਅਜ ਵੀ ਸਿੱਖ ਲੀਡਰਾਂ ਨੂੰ ਵਧੇਰੇ ਖਤਰਾ ਅਜੇਹੇ ਸਿੱਖਾਂ ਤੋਂ ਹੀ ਹੈ।