ਅੰਮ੍ਰਿਤਸਰ:- ਬੀਤੇ ਸਮੇਂ ‘ਚ ਪੰਜਾਬ ਤੇ ਇਸ ਤੋਂ ਬਾਹਰਲੇ ਸੂਬਿਆਂ ਚ ਸਿੱਖਾਂ ਖਿਲਾਫ ਵਾਪਰੇ ਦੁਖਾਂਤ ਬਾਰੇ ਤੱਥ ਪੇਸ਼ ਕਰਦੀ ਪੰਜਾਬੀ ਫਿਲਮ ਸਾਡਾ ਹੱਕ ਦੇ ਲੇਖਕ ਤੇ ਡਾਇਰੈਕਟਰ ਸ.ਕੁਲਜਿੰਦਰ ਸਿੰਘ ਸਿੱਧੂ ਨੇ ਆਪਣੀ ਟੀਮ ਸਮੇਤ ਸ਼੍ਰੋਮਣੀ ਕਮੇਟੀ ਦਫਤਰ ਪੁੱਜ ਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਪੱਤਰਕਾਰ ਸਮੇਲਨ ‘ਚ ਗੱਲਬਾਤ ਕਰਦਿਆਂ ਸ.ਕੁਲਜਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਫਿਲਮ ਸਾਡਾ ਹੱਕ 2007 ‘ਚ ਬਨਾਉਣੀ ਸ਼ੁਰੂ ਕੀਤੀ ਸੀ ਤੇ ਸਾਲ 2011 ‘ਚ ਇਹ ਫਿਲਮ ਤਕਰੀਬਨ 2 ਕਰੋੜ 65 ਲੱਖ ਰੁਪਏ ਦੀ ਲਾਗਤ ਨਾਲ ਮੁਕੰਮਲ ਹੋਈ। ਉਨ੍ਹਾਂ ਦੱਸਿਆ ਕਿ ਜਦੋਂ ਇਹ ਫਿਲਮ ਸੈਂਸਰ ਬੋਰਡ ਕੋਲ ਪਾਸ ਹੋਣ ਲਈ ਗਈ ਤਾਂ ਫਿਲਮ ਸੈਂਸਰ ਬੋਰਡ ਨੇ ਇਸ ਨੂੰ ਬਿਨ੍ਹਾਂ ਵਜ੍ਹਾ ਇਤਰਾਜ ਲਗਾ ਕੇ ਬੈਨ ਕਰ ਦਿੱਤਾ, ਜਿਸ ਤੇ ਮੈਂ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਜੀ ਨੂੰ ਨਿੱਜੀ ਤੌਰ ਤੇ ਮਿਲ ਕੇ ਸਾਰੀ ਗੱਲ ਦੱਸੀ ਤਾਂ ਉਹਨਾਂ ਨੇ ਤੁਰੰਤ ਮੇਰੀ ਗੱਲ ਸੁਣ ਕੇ ਫਿਲਮ ਤੋਂ ਬੈਨ ਹਟਾਉਣ ਬਾਰੇ ਅਗਲੇਰੀ ਕਾਰਵਾਈ ਲਈ ਪੰਜ ਮੈਂਬਰੀ ਕਮੇਟੀ ਦਾ ਗਠਨ ਕੀਤਾ, ਜਿਸ ਵਿੱਚ ਸ.ਰਜਿੰਦਰ ਸਿੰਘ ਮਹਿਤਾ ਅੰਤਿੰ੍ਰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਵਰਿਆਮ ਸਿੰਘ ਸਾਬਕਾ ਸਕੱਤਰ, ਸ.ਰੂਪ ਸਿੰਘ ਸਕੱਤਰ, ਸ.ਦਿਲਜੀਤ ਸਿੰਘ ਬੇਦੀ ਤੇ ਸ.ਬਲਵਿੰਦਰ ਸਿੰਘ ਜੌੜਾ ਐਡੀਸ਼ਨਲ ਸਕੱਤਰ ਸ਼ਾਮਲ ਸਨ। ਉਨ੍ਹਾਂ ਵੱਲੋਂ ਫਿਲਮ ਸਾਡਾ ਹੱਕਦਾ ਪ੍ਰੋਮੋ ਵੇਖਿਆ ਗਿਆ ਤਕਰੀਬਨ 2 ਘੰਟੇ 15 ਮਿੰਟ ਦੀ ਇਸ ਫਿਲਮ ਵਿੱਚ ਕੁਝ ਇਤਰਾਜ ਯੋਗ ਨਹੀਂ ਸੀ। ਉਨ੍ਹਾਂ ਕਿਹਾ ਕਿ ਉਹ ਅੱਜ ਬੰਬੇ ਤੋਂ ਫਿਲਮ ਦੀ ਟੀਮ ਨਾਲ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕਰਨ ਤੇ ਗੁਰੂ ਰਾਮਦਾਸ ਜੀ ਪਾਸੋਂ ਅਸ਼ੀਰਵਾਦ ਲੈਣ ਪੁੱਜੇ ਹਨ।
ਸ਼੍ਰੋਮਣੀ ਕਮੇਟੀ ਦੇ ਨਵੇਂ ਪ੍ਰਬੰਧਕੀ ਬਲਾਕ ‘ਚ ਪੱਤਰਕਾਰ ਸੰਮੇਲਨ ਦੌਰਾਨ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਕਮੇਟੀ ਨੇ ਕਿਹਾ ਕਿ ਫਿਲਮ ਸਾਡਾ ਹੱਕ ਦੇ ਲੇਖਕ ਸ.ਕੁਲਜਿੰਦਰ ਸਿੰਘ ਨੇ ਮੈਨੂੰ ਮਿਲ ਕੇ ਫਿਲਮ ਬਾਰੇ ਸਾਰੀ ਗੱਲ ਦੱਸੀ। ਇਹਨਾਂ ਦੀ ਗੱਲ ਸੁਣ ਕੇ ਤੁਰੰਤ ਪੰਜ ਮੈਂਬਰੀ ਕਮੇਟੀ ਗਠਿਤ ਕੀਤੀ ਗਈ। ਪੰਜ ਮੈਂਬਰੀ ਕਮੇਟੀ ਵੱਲੋਂ ਫਿਲਮ ਵੇਖ ਕੇ ਲੋੜੀਦੀਆਂ ਸੋਧਾਂ ਕਰਵਾਈਆਂ ਅਤੇ ਫਿਲਮ ਰਲੀਜ਼ ਕਰਵਾਉਣ ਲਈ ਰੀਪੋਰਟ ਮੈਨੂੰ ਸੌਂਪੀ, ਜਿਸ ਤੇ ਸ਼੍ਰੋਮਣੀ ਕਮੇਟੀ ਵੱਲੋਂ ਮੇਰੇ ਦਸਤਖਤਾਂ ਹੇਠ ਫਿਲਮ ਸੈਂਸਰ ਬੋਰਡ ਨੂੰ ਪੱਤਰ ਲਿਖ ਕੇ ਬਿਨ੍ਹਾਂ ਵਜ੍ਹਾ ਫਿਲਮ ਬੈਨ ਕਰਨ ਬਾਰੇ ਸਖਤ ਇਤਰਾਜ਼ ਜਤਾਇਆ। ਇਸ ਤੇ ਫਿਲਮ ਸੈਂਸਰ ਬੋਰਡ ਨੇ 30 ਜਨਵਰੀ ਨੂੰ ਫਿਲਮ ‘ਸਾਡਾ ਹੱਕ’ ਤੋਂ ਪਾਬੰਦੀ ਹਟਾ ਲਈ ਤੇ ਫਿਲਮ ਰਿਲੀਜ਼ ਕਰਨ ਲਈ ਰਾਹ ਪੱਧਰਾ ਹੋ ਗਿਆ। ਉਨ੍ਹਾਂ ਕਿਹਾ ਕਿ ਪੰਜਾਬ ਦੀਆਂ ਹੱਕੀ ਮੰਗਾਂ ਬਾਰੇ ਸ਼੍ਰੋਮਣੀ ਅਕਾਲੀ ਦਲ ਨੇ ਸ੍ਰੀ ਅਨੰਦਪੁਰ ਸਾਹਿਬ ਦਾ ਮਤਾ ਦੇ ਰੂਪ ‘ਚ ਕੇਂਦਰ ਪਾਸੋਂ ਮੰਗ ਕੀਤੀ ਸੀ। ਪ੍ਰੰਤੂ ਕੇਂਦਰ ਦੀ ਕਾਂਗਰਸ ਸਰਕਾਰ ਨੇ ਮੰਗਾਂ ਮੰਨਣ ਦੀ ਬਜਾਏ ਸਿੱਖਾਂ ਦੇ ਜਾਨ ਤੋਂ ਵੀ ਪਿਆਰੇ ਰੁਹਾਨੀਅਤ ਦੇ ਕੇਂਦਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੇ ਤੋਪਾਂ ਤੇ ਟੈਕਾਂ ਨਾਲ ਹਮਲਾ ਕਰਕੇ ਸ੍ਰੀ ਅਕਾਲ ਤਖਤ ਸਾਹਿਬ ਢਹਿ ਢੇਰੀ ਕਰ ਦਿੱਤਾ ਜਿਸ ਤੋਂ ਕੇਂਦਰ ਦੀ ਕਾਂਗਰਸ ਸਰਕਾਰ ਪ੍ਰਤੀ ਪੰਜਾਬ ਦੇ ਨੌਜਵਾਨਾਂ ‘ਚ ਰੋਸ ਦੀ ਲਹਿਰ ਫੇਲ ਗਈ ਤੇ ਕੇਂਦਰ ਸਰਕਾਰ ਨੇ ਸਿੱਖ ਨੌਜਵਾਨਾਂ ਦਾ ਘਾਣ ਕਰਨਾ ਸ਼ੁਰੂ ਕਰ ਦਿੱਤਾ। ਉਨ੍ਹਾਂ ਹਾਲਾਤ ਨੂੰ ਰੂਪ-ਮਾਨ ਕਰਦੀ ਫਿਲਮ ‘ਸਾਡਾ ਹੱਕ’ਦੀ ਸ਼੍ਰੋਮਣੀ ਕਮੇਟੀ ਵੱਲੋਂ ਮਦਦ ਕੀਤੀ ਗਈ ਹੈ ਤਾਂ ਜੋ 1984 ਵਰਗੇ ਹਾਲਾਤਾਂ ਤੋਂ ਦੇਸ਼-ਵਿਦੇਸ਼ਾਂ ਦੇ ਲੋਕ ਜਾਣੂੰ ਹੋ ਸਕਣ ਤੇ ਕਾਂਗਰਸ ਦਾ ਅਸਲ ਸੱਚ ਲੋਕਾਂ ਸਾਹਮਣੇ ਉਜਾਗਰ ਹੋ ਸਕੇ। ਪਾਕਿਸਤਾਨ ‘ਚ ਇਤਿਹਾਸਕ ਸਿੱਖ ਗੁਰਧਾਮਾਂ ਦੀ ਸੇਵਾ ਸਬੰਧੀ ਪੁੱਛੇ ਜਾਣ ਤੇ ਜਥੇਦਾਰ ਅਵਤਾਰ ਸਿੰਘ ਨੇ ਕਿਹਾ ਕਿ ਉਹ ਖੁਦ ਮਾਰਚ ਮਹੀਨੇ ਪਾਕਿਸਤਾਨ ਜਾਣਗੇ ਤੇ ਸੇਵਾ ਸਬੰਧੀ ਮੁਕੰਮਲ ਗੱਲਬਾਤ ਕਰਨਗੇ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਦੇਸ਼ ਦੀ ਵੰਡ ਤੋਂ ਬਾਅਦ ਵੀ ਲੰਮਾਂ ਸਮਾਂ ਪਾਕਿਸਤਾਨ ਸਿੱਖ ਗੁਰੂਧਾਮਾਂ ਦੀ ਸੇਵਾ ਕਰਦੀ ਰਹੀ ਹੈ।
ਇਸ ਮੌਕੇ ਸ.ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਕਮੇਟੀ, ਸ.ਰੂਪ ਸਿੰਘ ਸਕੱਤਰ, ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ, ਸ.ਦਿਲਜੀਤ ਸਿੰਘ ਬੇਦੀ, ਸ.ਬਲਵਿੰਦਰ ਸਿੰਘ ਜੌੜਾ ਤੇ ਸ.ਕੁਲਦੀਪ ਸਿੰਘ ਬਾਵਾ ਐਡੀਸ਼ਨਲ ਸਕੱਤਰ, ਸ.ਸੁਖਦੇਵ ਸਿੰਘ ਭੂਰਾਕੋਹਨਾ ਤੇ ਸ.ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਸ.ਜਵਾਹਰ ਸਿੰਘ ਤੇ ਸ.ਪ੍ਰਤਾਪ ਸਿੰਘ ਮੈਨੇਜਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ.ਗੁਰਾ ਸਿੰਘ ਮੀਤ ਮੈਨੇਜਰ ਆਦਿ ਮੌਜੂਦ ਸਨ।