ਫਤਹਿਗੜ੍ਹ ਸਾਹਿਬ – “ਜਦੋ ਜਸਵੀਰ ਸਿੰਘ ਆਹਲੂਵਾਲੀਆਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵੀ.ਸੀ. ਦੇ ਉੱਚ ਅਹੁਦੇ ਤੇ ਬੈਠੇ ਹੋਏ, ਨੇ ਯੂਨੀਵਰਸਿਟੀ ਦੇ ਇਕ ਸ਼ਰੀਫ ਪਰਿਵਾਰ ਦੀ ਵਿਦਿਆਰਥਣ ਬੀਬਾ ਸਾਰੂ ਰਾਣਾ ਨਾਲ ਜ਼ਬਰ-ਜਿਨਾਹ ਕਰਨ ਦੀ ਗੈਰ ਇਖ਼ਲਾਕੀ ਅਤੇ ਗੈਰ ਸਮਾਜਿਕ ਕਾਰਵਾਈ ਕੀਤੀ ਸੀ ਅਤੇ ਸ. ਪ੍ਰਕਾਸ ਸਿੰਘ ਬਾਦਲ ਮੁੱਖ ਮੰਤਰੀ ਪੰਜਾਬ ਅਤੇ ਸ੍ਰੀ ਅਵਤਾਰ ਸਿੰਘ ਮੱਕੜ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸ੍ਰੀ ਆਹਲੂਵਾਲੀਏ ਦੇ ਦਾਗੀ ਇਖ਼ਲਾਕ ਬਾਰੇ ਜਾਣਕਾਰੀ ਸੀ, ਇਸ ਦੇ ਬਾਵਜੂਦ ਵੀ ਸ੍ਰੀ ਜਸਵੀਰ ਸਿੰਘ ਆਹਲੂਵਾਲੀਏ ਵਰਗੇ ਦਰਿੰਦੇ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਵਰਗੇ ਦੁਨੀਆਂ ਦੇ ਸਿੱਖ ਕੌਮ ਦੇ ਵੱਡੇ ਵਿਦਿਅਕ ਅਦਾਰੇ ਦਾ ਵੀ.ਸੀ. ਲਗਾਉਣ ਦੀ ਬੱਜ਼ਰ ਗੁਸਤਾਖੀ ਕਿਉਂ ਕੀਤੀ ਅਤੇ ਸ. ਆਹਲੂਵਾਲੀਆ ਸੁਖਬੀਰ ਸਿੰਘ ਬਾਦਲ ਦੇ ਅਤਿ ਵਿਸ਼ਵਾਸ ਪਾਤਰਾਂ ਵਿਚ ਕਿਸ ਤਰ੍ਹਾਂ ਹੋ ਗਏ ? ਇਸ ਦੀ ਨਿਰਪੱਖਤਾ ਨਾਲ ਇਮਾਨਦਾਰ ਸਿੱਖ ਸਖਸ਼ੀਅਤਾਂ ਵੱਲੋਂ ਛਾਣਬੀਣ ਹੋਣੀ ਚਾਹੀਦੀ ਹੈ । ਜਿਨ੍ਹਾਂ ਨੇ ਸ੍ਰੀ ਆਹਲੂਵਾਲੀਏ ਵਰਗੇ ਗੈਰ ਇਖ਼ਲਾਕੀ ਇਨਸਾਨ ਨੂੰ ਸਿੱਖ ਕੌਮ ਦੇ ਉੱਚ ਅਹੁਦੇ ਉਤੇ ਬੈਠਾਉਣ ਵਿਚ ਭੂਮਿਕਾ ਨਿਭਾਈ, ਉਹਨਾਂ ਦੇ ਚਿਹਰੇ ਵੀ ਸਿੱਖ ਕੌਮ ਦੇ ਸਾਹਮਣੇ ਲਿਆਉਦੇ ਹੋਏ, ਉਹਨਾਂ ਨੂੰ ਪੰਥਕ ਰਵਾਇਤਾਂ ਅਨੁਸਾਰ ਅਵੱਸ ਸਜ਼ਾ ਮਿਲਣੀ ਚਾਹੀਦੀ ਹੈ ।”
ਇਹ ਵਿਚਾਰ ਸ. ਸਿਮਰਨਜੀਤ ਸਿੰਘ ਮਾਨ ਪ੍ਰਧਾਨ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸ. ਪ੍ਰਕਾਸ ਸਿੰਘ ਬਾਦਲ ਤੇ ਸ੍ਰੀ ਅਵਤਾਰ ਸਿੰਘ ਮੱਕੜ ਦੋਵਾਂ ਨੂੰ ਸਵਾਲ ਕਰਦੇ ਹੋਏ ਸਿੱਖ ਕੌਮ ਪ੍ਰਤੀ ਜੁਆਬਦੇਹ ਹੋਣ ਦੀ ਰਾਇ ਪ੍ਰਗਟਾਉਦੇ ਹੋਏ ਪ੍ਰਗਟ ਕੀਤੇ । ਉਹਨਾਂ ਕਿਹਾ ਕਿ ਜੇਕਰ ਉਪਰੋਕਤ ਬਾਦਲ ਦਲੀਆਂ ਦੇ ਆਗੂਆਂ ਨੂੰ ਸ੍ਰੀ ਆਹਲੂਵਾਲੀਏ ਵੱਲੋਂ ਪੰਜਾਬੀ ਯੂਨੀਵਰਸਿਟੀ ਵਿਖੇ ਕੀਤੀ ਗਈ ਅਤਿ ਸ਼ਰਮਨਾਕ ਕਾਰਵਾਈ ਤੋ ਵੀ ਉਨ੍ਹਾਂ ਦੀ ਆਤਮਾਂ ਨਹੀ ਝੰਜੋੜੀ ਗਈ, ਤਾਂ ਇਨ੍ਹਾਂ ਆਗੂਆਂ ਨੂੰ ਉਸ ਸਮੇਂ ਫੌਰੀ ਹਰਕਤ ਵਿਚ ਆ ਜਾਣਾ ਚਾਹੀਦਾ ਸੀ, ਜਦੋ ਸ਼੍ਰੌਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਡਾ. ਜਸਵੀਰ ਸਿੰਘ ਆਹਲੂਵਾਲੀਆਂ ਦੀਆਂ ਗੈਰ ਇਖ਼ਲਾਕੀ ਕਾਰਵਾਈਆਂ ਵਿਰੁੱਧ ਰੋਸ ਪ੍ਰਗਟ ਕਰਦੇ ਹੋਏ ਕੋਈ ਸਵਾ ਮਹੀਨੇ ਦੇ ਕਰੀਬ ਰੋਜ਼ਾਨਾ ਗੁਰਦੁਆਰਾ ਸ੍ਰੀ ਫਤਹਿਗੜ੍ਹ ਸਾਹਿਬ ਤੋ ਅਰਦਾਸ ਕਰਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਸ਼ਵ ਸਿੱਖ ਯੂਨੀਵਰਸਿਟੀ ਦੇ ਗੇਟ ਦੇ ਸਾਹਮਣੇ ਧਰਨੇ ਦੇਣ ਦਾ ਸਿਲਸਿਲਾ ਜਾਰੀ ਰੱਖਿਆ । ਇਥੇ ਇਹ ਵਰਣਨ ਕਰਨਾ ਜ਼ਰੂਰੀ ਹੈ ਕਿ ਬੀਤੇ ਸਮੇਂ ਵਿਚ ਡਾ. ਜਸਵੀਰ ਸਿੰਘ ਆਹਲੂਵਾਲੀਆਂ ਦੀਆਂ ਗੈਰ ਇਖ਼ਲਾਕੀ ਕਾਰਵਾਈਆਂ ਨੂੰ ਨਜ਼ਰ ਅੰਦਾਜ ਕਰਕੇ, ਸ. ਸੁਖਬੀਰ ਸਿੰਘ ਬਾਦਲ ਦੇ ਨਾਲ ਆਹਲੂਵਾਲੀਏ ਦਾ ਘਿਓ-ਖਿਚੜੀ ਹੋਣਾ, ਸਿੱਖ ਕੌਮ ਦੀ ਰਾਇ ਅਤੇ ਰੋਸ ਦੇ ਵਿਰੁੱਧ ਜਾਕੇ ਇਸ ਉੱਚ ਅਹੁਦੇ ਤੇ ਇਸ ਦਾਗੀ ਬੰਦੇ ਦੀ ਨਿਯੁਕਤੀ ਕਰਨ ਪਿੱਛੇ ਕਿਹੜੇ ਕਾਰਨ ਹਨ, ਉਹਨਾਂ ਨੂੰ ਵੀ ਸਿੱਖ ਕੌਮ ਦੇ ਸਾਹਮਣੇ ਲਿਆਉਣਾ ਬਣਦਾ ਹੈ । ਤਾਂ ਕਿ ਕੋਈ ਵੀ ਸਿੱਖ ਆਗੂ ਆਪਣੀ ਸਿਆਸੀ ਜਾਂ ਸਰਕਾਰੀ ਹਕੂਮਤੀ ਸ਼ਕਤੀ ਦੀ ਦੁਰਵਰਤੋਂ ਕਰਕੇ ਸਿੱਖ ਕੌਮ ਦੇ ਵਿਦਿਅਕ ਅਦਾਰਿਆ ਦੇ ਮਾਹੌਲ ਨੂੰ ਗੰਧਲਾ ਨਾ ਕਰ ਸਕੇ ਅਤੇ ਸਿੱਖ ਕੌਮ ਨੂੰ ਕੌਮਾਂਤਰੀ ਪੱਧਰ ਤੇ ਆਪਣੇ ਸਵਾਰਥਾਂ ਲਈ ਬਦਨਾਮ ਨਾ ਕਰ ਸਕੇ ।