ਬਰਨਾਲਾ,(ਜੀਵਨ ਰਾਮਗੜ੍ਹ)-ਵਧੀਕ ਜ਼ਿਲ੍ਹਾ ਸੈਸ਼ਨ ਜੱਜ ਬੀਐਸ ਸੰਧੂ ਦੀ ਅਦਾਲਤ ਵੱਲੋਂ ਅੱਜ ਬਲਾਤਕਾਰ ਦੇ ਨਾਮਜਦ ਦੋਸ਼ੀ ਨੂੰ 10 ਸਾਲ ਦੀ ਕੈਦ ਤੇ 20000 ਰੁਪਏ ਜ਼ੁਰਮਾਨੇ ਦਾ ਫੈਸਲਾ ਸੁਣਾਇਆ।
ਮਾਮਲੇ ਦੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਬਡਬਰ (ਬਰਨਾਲਾ) ਦੇ ਇੱਕ ਵਾਸੀ ਵੱਲੋਂ ਮਿਤੀ 17 ਅਗਸਤ 12 ਨੂੰ ਥਾਣਾ ਧਨੌਲਾ ਵਿਖੇ ਸੂਚਨਾ ਦਿੱਤੀ ਕਿ 16 ਅਗਸਤ 2012 ਨੂੰ ਜਦ ਉਹ ਬਾਹਰੋ ਮਜਦੂਰੀ ਕਰਨ ਉਪਰੰਤ ਦੇਰ ਸ਼ਾਮ ਘਰ ਪੁੱਜਾ ਤਾਂ ਉਸਦੀ ਇੱਕ 17 ਸਾਲਾਂ ਲੜਕੀ ਘਰੋਂ ਗਾਇਬ ਸੀ ਜਿਸਦਾ ਬਾਕੀ ਪਰਿਵਾਰਕ ਬੱਚਿਆਂ ਤੋਂ ਪਤਾ ਕਰਨ ’ਤੇ ਮਾਲੂਮ ਹੋਇਆ ਤਾਂ ਕਿ ਉਨ੍ਹਾਂ ਦੀ ਲੜਕੀ ਨੂੰ ਪਿੰਡ ਦਾ ਇੱਕ ਲੜਕਾ ਕਰਮਜੀਤ ਉਰਫ ਕਰਮਾ ਪੁੱਤਰ ਮੇਲਾ ਸਿੰਘ ਵਾਸੀ ਲੌਂਗੋਵਾਲ ਰੋਡ ਬਡਬਰ ਗੁੰਮਰਾਹ ਕਰਕੇ ਘਰੋਂ ਲੈ ਗਿਆ। ਪੀੜਿਤਾ ਦੇ ਪਿਤਾ ਵੱਲੋਂ ਇਹ ਵੀ ਦੋਸ਼ ਲਾਇਆ ਗਿਆ ਸੀ ਕਿ ਪਿੰਡ ਦੀ ਇੱਕ ਮਹਿਲਾ ਭਜਨ ਕੌਰ ਉਰਫ ਭਜਨੋ ਪਤਨੀ ਗੁਰਨਾਮ ਸਿੰਘ ਨੇ ਵੀ ਮੁੱਖ ਮੁਲਜ਼ਮ ਕਰਮੇ ਦੀ ਇਸ ਕੰਮ ਵਿੱਚ ਮਦਦ ਕੀਤੀ। ਇਸ ਉਪਰੰਤ ਜਦ ਘਰ ਦਾ ਸਮਾਨ ਚੈਕ ਕੀਤਾ ਗਿਆ ਤਾਂ ਪੇਟੀ ਵਿੱਚੋਂ 50000 ਰੁਪਏ ਨਕਦ ਤੇ ਇੱਕ ਨੋਕੀਆ ਮੋਬਾਈਲ 1650 ਵੀ ਨਾਲ ਲੈ ਗਏ ਸਨ। ਇਸ ਸੂਚਨਾ ਦੇ ਆਧਾਰ ’ਤੇ ਪੁਲਿਸ ਥਾਣਾ ਧਨੌਲਾ ਵਿਖੇ ਕਰਮਜੀਤ ਸਿੰਘ ਉਰਫ ਕਰਮਾ ਦੇ ਖਿਲਾਫ਼ ਆਈਪੀਸੀ ਦੀ ਧਾਰਾ 366ਏ, 376 ਤੇ 363 ਦੇ ਤਹਿਤ ਮੁਕੱਦਮਾ ਨੰ: 61 ਦਰਜ ਕਰਕੇ ਕਾਰਵਾਈ ਆਰੰਭ ਦਿੱਤੀ। ਜਿਸਦੇ ਤਹਿਤ ਪੁਲਿਸ ਨੇ 21 ਅਗਸਤ ਨੂੰ 2012 ਪੀੜਿਤਾ ਨੂੰ ਬਰਾਮਦ ਕਰਕੇ ਡਾਕਟਰੀ ਮੁਆਇਨਾ ਕਰਵਾਉਣ ਉਪਰੰਤ ਵਾਰਿਸਾਂ ਦੇ ਹਵਾਲੇ ਕਰ ਦਿੱਤਾ। ਇਸੇ ਤਰ੍ਹਾ 22 ਅਗਸਤ ਨੂੰ ਨਾਮਜ਼ਦ ਦੋਸੀ ਨੂੰ ਪੁਲਿਸ ਨੇ ਕਾਬੂ ਕੀਤਾ। ਇਸ ਮਾਮਲੇ ਦੀ 5 ਮਹੀਨੇ ਚੱਲੀ ਅਦਾਲਤੀ ਕਾਰਵਾਈ ਉਪਰੰਤ ਅੱਜ ਐਡੀਸ਼ਨਲ ਸੈਸ਼ਨ ਜੱਜ ਬੀਐਸ ਸੰਧੂ ਦੀ ਅਦਾਲਤ ਨੇ ਨਾਮਜਦ ਮੁੱਖ ਮੁਲਜ਼ਮ ਕਰਮਜੀਤ ਸਿੰਘ ਉਰਫ ਕਰਮਾ ਨੂੰ ਧਾਰਾ 363 ਦੇ ਤਹਿਤ 5 ਸਾਲ ਦੀ ਕੈਦ 5 ਹਜ਼ਾਰ ਜੁਰਮਾਨਾ, ਧਾਰਾ 366ਏ ਦੇ ਤਹਿਤ 7 ਸਾਲ ਦੀ ਕੈਦ ਤੇ 5 ਹਜ਼ਾਰ ਜੁਰਮਾਨਾ ਅਤੇ ਧਾਰਾ 376 ਦੇ ਤਹਿਤ 10 ਸਾਲ ਦੀ ਕੈਦ ਤੇ 10 ਹਜ਼ਾਰ ਰੁਪਏ ਜ਼ੁਰਮਾਨਾ ਦਾ ਫੈਸਲਾ ਸੁਣਾਇਆ।