ਬਰਨਾਲਾ,(ਜੀਵਨ ਰਾਮਗੜ੍ਹ)-ਅੱਜ ਸਵੇਰੇ ਸਥਾਨਕ ਐਸ ਡੀ ਕਾਲਜ਼ ਵਿਖੇ ਪੇਂਡੂ ਖੇਤਰ ਤੋਂ ਪੜ੍ਹਨ ਆ ਰਹੇ ਦੋ ਵਿਦਿਆਰਥੀ ਰੇਲਵੇ ਟਰੈਕ ’ਤੇ ਕਾਲਜ਼ ਵੱਲ ਜਾਂਦੇ ਹੋਏ ਪੈਸੰਜ਼ਰ ਰੇਲ ਗੱਡੀ ਦੀ ਲਪੇਟ ’ਚ ਆ ਗਏ। ਜਿੰਨ੍ਹਾਂ ’ਚੋਂ ਇੱਕ ਬੀਏ ਭਾਗ ਦੂਜਾ ਦੇ ਵਿਦਿਆਰਥੀ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਦੂਜਾ ਬੀਏ ਭਾਗ ਪਹਿਲਾ ਦੇ ਵਿਦਿਆਰਥੀ ਨੂੰ ਅਤਿ ਗੰਭੀਰ ਜ਼ਖਮੀਂ ਹਾਲਤ ’ਚ ਇਲਾਜ ਲਈ ਸਿਵਲ ਹਸਪਤਾਲ ਬਰਨਾਲਾ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਲਈ ਰੈਫ਼ਰ ਕਰ ਦਿੱਤਾ ਗਿਆ। ਇਸ ਦਰਦਨਾਕ ਹਾਦਸੇ ਦਾ ਪਤਾ ਚੱਲਦਿਆਂ ਹੀ ਐਸਡੀਕਾਲਜ਼ ਵਿਖੇ ਸੋਗ ਵਜੋਂ ਛੁੱਟੀ ਕਰ ਦਿੱਤੀ ਗਈ।
ਘਟਨਾਂ ਸਥਾਨ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਥਾਨਕ ਐਸ ਡੀ ਕਾਲਜ਼ ਵਿਖੇ ਬੀਏ ਭਾਗ ਦੂਜਾ ਦਾ ਵਿਦਿਆਰਥੀ ਗਗਨਦੀਪ ਸਿੰਘ ਪੁੱਤਰ ਅੰਮ੍ਰਿਤਪਾਲ ਸਿੰਘ ਰੋਲ ਨੰਬਰ 2013 ਵਾਸੀ ਪੱਤੀ ਦਲਪਤ, ਪਿੰਡ ਅਕਲੀਆ (ਮਾਨਸਾ) ਅਤੇ ਬੀਏ ਭਾਗ ਪਹਿਲਾ ਦਾ ਵਿਦਿਆਰਥੀ ਇਕਬਾਲ ਸਿੰਘ ਪੁੱਤਰ ਮੇਜ਼ਰ ਸਿੰਘ ਵਾਸੀ ਅਕਲੀਆ (ਮਾਨਸਾ) ਅੱਜ ਸਵੇਰੇ 9 ਕੁ ਵਜੇ ਗੋਬਿੰਦ ਬੱਸ ’ਤੇ ਸਵਾਰ ਹੋ ਕੇ ਪਿੰਡ ਅਕਲੀਆ ਤੋਂ ਬਰਨਾਲਾ ਦੇ ਕਚਹਿਰੀ ਚੌਂਕ ਬੱਸ ਅੱਡੇ ’ਤੇ 9:35 ਵਜੇ ਉੱਤਰ ਕੇ ਕਾਲਜ਼ ਛੇਤੀ ਅਤੇ ਸਾਰਟਕੱਟ ਰਸਤਾ ਅਪਣਾਉਂਦੇ ਹੋਏ ਬਾਜਾਖਾਨਾਂ ਰੋਡ ’ਤੇ ਸਥਿੱਤ ਰੇਲਵੇ ਫਾਟਕ ਨੰਬਰ ਬੀ 92ਈ ਤੇ ਕਿਲੋਮੀਟਰ ਨੰਬਰ 110/11/12 ਤੋਂ ਰੇਲਵੇ ਟਰੈਕ ਦੇ ਵਿਚਕਾਰ ਤੁਰਦੇ ਹੋਏ ਐਸ ਡੀ ਕਾਲਜ਼ ਨੇੜਲੇ ਫਾਟਕ ਨੰਬਰ ਬੀ92/2 ਵੱਲ ਨੂੰ ਤੁਰ ਪਏ। ਇੰਨ੍ਹਾਂ ਦੋਵਾਂ ਫਾਟਕਾਂ ਦੇ ਲੱਗਭੱਗ ਵਿਚਕਾਰ ਪੁੱਜਦਿਆਂ ਉਨ੍ਹਾਂ ਦੇ ਪਿਛਲੇ ਪਾਸੇ ਤੋਂ ਬਠਿੰਡਾ ਸਾਇਡ ਤੋਂ ਅੰਬਾਲਾ ਜਾ ਰਹੀ ਪੈਸੰਜਰ ਰੇਲ ਗੱਡੀ ਨੰਬਰ 54552 ਦੀ ਲਪੇਟ ’ਚ ਆ ਗਏ। ਜਿਸ ਕਾਰਨ ਗਗਨਦੀਪ ਸਿੰਘ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦੋਂਕਿ ਇਕਬਾਲ ਸਿੰਘ ਬੁਰੀ ਤਰ੍ਹਾਂ ਗੰਭੀਰ ਜ਼ਖਮੀਂ ਹੋ ਗਿਆ।
ਇਸ ਘਟਨਾਂ ਦੀ ਤੁਰੰਤ ਸੂਚਨਾਂ ਜੀਆਰਪੀ ਚੌਂਕੀ ਰੇਲਵੇ ਸਟੇਸ਼ਨ ਬਰਨਾਲਾ ਨੂੰ ਦਿੱਤੀ ਗਈ। ਜਿਸਦੇ ਮਿਲਦਿਆਂ ਹੀ ਐਸਐਚਓ ਜੀਆਰਪੀ ਸੰਗਰੂਰ ਐਸ ਆਈ ਗੁਰਚਰਨ ਸਿੰਘ, ਜੀਆਰਪੀ ਚੌਂਕੀ ਇੰਚਾਰਜ਼ ਜਗਜੀਤ ਸਿੰਘ ਦੀ ਅਗਵਾਈ ’ਚ ਪੁਲਿਸ ਪਾਰਟੀ ਨੇ ਘਟਨਾਂ ਸਥਾਨ ’ਤੇ ਪੁੱਜ ਕੇ ਤੁਰੰਤ ਮ੍ਰਿਤਕ ਦੀ ਲਾਸ਼ ਨੂੰ ਕਬਜ਼ੇ ’ਚ ਲੈ ਕੇ ਅਤੇ ਗੰਭੀਰ ਜ਼ਖਮੀਂ ਇਕਬਾਲ ਸਿੰਘ ਨੂੰ ਸਿਵਲ ਹਸਪਤਾਲ ਬਰਨਾਲਾ ਵਿਖੇ ਪਹੁੰਚਾਇਆ ਗਿਆ। ਜਿਥੋਂ ਡਾਕਟਰਾਂ ਦੀ ਟੀਮ ਨੇ ਉਸਦੀ ਹਾਲਤ ਨੂੰ ਭਾਂਪਦਿਆਂ ਮੁਢਲੀ ਸਹਾਇਤਾ ਦੇਣ ਉਪਰੰਤ ਸਰਕਾਰੀ ਰਜਿੰਦਰਾ ਹਸਪਤਾਲ ਪਟਿਆਲਾ ਵਿਖੇ ਰੈਫ਼ਰ ਕਰ ਦਿੱਤਾ। ਜਦੋਂਕਿ ਮ੍ਰਿਤਕ ਗਗਨਦੀਪ ਸਿੰਘ ਦੀ ਲਾਸ਼ ਨੂੰ ਪੋਸਟਮਾਰਟਮ ਉਪਰੰਤ ਵਾਰਸ਼ਾਂ ਦੇ ਹਵਾਲੇ ਕਰ ਦਿੱਤਾ। ਕਾਨੂੰਨੀ ਕਾਰਵਾਈ ਸੰਬਧੀ ਜਾਣਕਾਰੀ ਦਿੰਦਿਆਂ ਐਸਆਈ ਗੁਰਚਰਨ ਸਿੰਘ ਤੇ ਏ ਐਸ ਆਈ ਜਗਜੀਤ ਸਿੰਘ ਨੇ ਦੱਸਿਆ ਕਿ ਸੀਆਰਪੀਸੀ ਦੀ ਧਾਰਾ 174 ਅਧੀਨ ਕਾਰਵਾਈ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਘਟਨਾਂ ਸਥਾਨ ਦੇ ਆਸ ਪਾਸ ਕੁਝ ਗੋਬਿੰਦ ਕਲੋਨੀ ਵਾਸੀਆਂ ’ਚ ਇਹ ਵੀ ਚਰਚਾ ਸੀ ਕਿ ਇਹ ਹਾਦਸੇ ਦਾ ਕਾਰਨ ਉਕਤ ਵਿਦਿਆਰਥੀਆਂ ਵੱਲੋਂ ਮੋਬਾਇਲ ਫੋਨ ਰਾਹੀਂ ਮਿਊਜਕ ਸੁਣਨ ਹਿੱਤ ਕੰਨਾਂ ’ਚ ਈਅਰਫੋਨ ਲਗਾਏ ਹੋਏ ਸਨ, ਜਿਸ ਕਾਰਨ ਵਿਦਿਆਰਥੀਆਂ ਨੂੰ ਪਿੱਛੋਂ ਆ ਰਹੀ ਰੇਲ ਗੱਡੀ ਦੀ ਅਵਾਜ਼ ਬਿਲਕੁਲ ਸੁਣਾਈ ਨਹੀਂ ਦਿੱਤੀ। ਦੂਜੇ ਪਾਸੇ ਹਾਦਸਾਗ੍ਰਸ਼ਤ ਵਿਦਿਆਰਥੀਆਂ ਦਾ ਪਿੰਡ ਤੋਂ ਉਸੇ ਬੱਸ ’ਚ ਸਵਾਰ ਹੋ ਕੇ ਆਇਆ ਇੱਕ ਵਿਦਿਆਰਥੀ ਸਾਥੀ ਜੋ ਦੂਜੇ ਰਸਤਿਓਂ ਕਾਲਜ਼ ਪੁੱਜਾ ਸੀ ਅਨੁਸਾਰ ਮ੍ਰਿਤਕ ਵਿਦਿਆਰਥੀ ਕੋਲ ਤਾਂ ਮੋਬਾਇਲ ਨਹੀਂ ਸੀ ਪ੍ਰੰਤੂ ਦੂਜੇ ਕੋਲ ਮੋਬਾਇਲ ਫੋਨ ਸੀ।
ਇਸ ਦਰਦਨਾਕ ਹਾਦਸੇ ਦੀ ਖ਼ਬਰ ਸੁਣਦਿਆਂ ਹੀ ਐਸ ਡੀ ਕਾਲਜ਼ ਦੀ ਪ੍ਰੰਬਧਕੀ ਕਮੇਟੀ ਨੇ ਕਾਲਜ਼ ’ਚ ਤੁਰੰਤ ਸੋਗ ਵਜੋਂ ਛੁੱਟੀ ਦਾ ਐਲਾਨ ਕਰ ਦਿੱਤਾ।