ਅੰਮ੍ਰਿਤਸਰ:- ਨੌਵੇਂ ਪਾਤਸਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾਂ ਜੋੜ-ਮੇਲਾ ਬਸੰਤ ਪੰਚਮੀ 14, 15 ਫਰਵਰੀ ਨੂੰ ਸੰਗਤਾਂ ਦੇ ਸਹਿਯੋਗ ਨਾਲ ਸ਼੍ਰੋਮਣੀ ਕਮੇਟੀ ਵੱਲੋਂ ਧੂਮ-ਧਾਮ ਨਾਲ ਮਨਾਇਆ ਜਾਵੇਗਾ।
ਸ਼੍ਰੋਮਣੀ ਕਮੇਟੀ ਤੋਂ ਜਾਰੀ ਪ੍ਰੈਸ ਰਲੀਜ਼ ‘ਚ ਜਾਣਕਾਰੀ ਦੇਂਦਿਆਂ ਦੱਸਿਆ ਕਿ ਸਾਲਾਨਾ ਜੋੜ-ਮੇਲੇ ਨੂੰ ਸਮਰਪਿਤ ਗੁਰਦੁਆਰਾ ਸ੍ਰੀ ਦੂਖ ਨਿਵਾਰਨ ਸਾਹਿਬ ਪਟਿਆਲਾ ਵਿਖੇ 13 ਫਰਵਰੀ ਨੂੰ ਸ੍ਰੀ ਅਖੰਡਪਾਠ ਸਾਹਿਬ ਆਰੰਭ ਹੋਣਗੇ ਤੇ 15 ਫਰਵਰੀ ਨੂੰ ਭੋਗ ਪੈਣਗੇ।
14 ਫਰਵਰੀ ਨੂੰ ਬਾਅਦ ਦੁਪਹਿਰ 3 ਵਜੇ ਧਾਰਮਿਕ ਦੀਵਾਨ ਆਰੰਭ ਹੋਣਗੇ, ਜਿਸ ਵਿੱਚ ਪੰਥ ਪ੍ਰਸਿਧ ਰਾਗੀ, ਢਾਡੀ, ਕਵੀਸ਼ਰ ਇਲਾਹੀ ਗੁਰਬਾਣੀ ਦੇ ਕੀਰਤਨ, ਕਥਾ ਵਖਿਆਨਾਂ ਤੇ ਬੀਰ-ਰਸੀ ਵਾਰਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। ਇਹ ਧਾਰਮਿਕ ਦੀਵਾਨ 15 ਫਰਵਰੀ ਰਾਤ 11.00 ਵਜੇ ਤੀਕ ਨਿਰੰਤਰ ਚਲਦੇ ਰਹਿਣਗੇ। ਇਸ ਵਿੱਚ ਪ੍ਰਸਿੱਧ ਕਵੀ ਸ.ਅਵਤਾਰ ਸਿੰਘ ਤਾਰੀ, ਸ.ਕੁਲਦੀਪ ਸਿੰਘ ਨਿਰਮਲ, ਸ.ਅਮਰਜੀਤ ਸਿੰਘ ਅਮਰ, ਬੀਬੀ ਜਗਜੀਤ ਕੌਰ ਭੋਲੀ, ਪੰਥਕ ਕਵੀ ਬਲਬੀਰ ਸਿੰਘ ਬੱਲ, ਸ.ਹਰੀ ਸਿੰਘ ਜਾਚਕ, ਸ.ਚੈਨ ਸਿੰਘ ਚੱਕਰਵਰਤੀ, ਸ.ਰਛਪਾਲ ਸਿੰਘ ਪਾਲ ਤੇ ਸ.ਰਜਿੰਦਰ ਸਿੰਘ ਜੋਸ਼ 14 ਤੇ 15 ਫਰਵਰੀ ਨੂੰ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਜੀਵਨ ਤੇ ਅਧਾਰਤ ਆਪਣੀਆਂ ਰਚਨਾਵਾਂ ਰਾਹੀਂ ਸੰਗਤਾਂ ਨੂੰ ਨਿਹਾਲ ਕਰਨਗੇ। 15 ਫਰਵਰੀ ਦੀ ਸ਼ਾਮ 5 ਵਜੇ ਤੋਂ ਰਾਤ 11 ਵਜੇ ਤੀਕ ਬਸੰਤ ਰਾਗਾਂ ਤੇ ਅਧਾਰਤ ਵਿਸ਼ੇਸ਼ ਕੀਰਤਨ ਸਮਾਗਮ ਹੋਵੇਗਾ ਜਿਸ ਵਿੱਚ ਪ੍ਰਸਿੱਧ ਸੰਗੀਤ ਅਕੈਡਮੀ ਦੇ ਡਾਇਰੈਕਟਰ ਪ੍ਰੋ:ਕਰਤਾਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਡਾਕਟਰ ਗੁਰਨਾਮ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ, ਪ੍ਰੋ:ਗੁਰਦੇਵ ਸਿੰਘ ਫੁੱਲ ਹੁਸਿਆਰਪੁਰ ਤੇ ਭਾਈ ਗੁਰਮੀਤ ਸਿੰਘ ਸ਼ਾਤ, ਭਾਈ ਲਖਵਿੰਦਰ ਸਿੰਘ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਭਾਈ ਰਛਪਾਲ ਸਿੰਘ ਹਜ਼ੂਰੀ ਰਾਗੀ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ, ਬੀਬੀ ਜਸਪ੍ਰੀਤ ਕੌਰ ਪਟਿਆਲਾ ਤੇ ਡਾਕਟਰ ਕੰਵਲਜੀਤ ਸਿੰਘ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜੱਥਿਆਂ ਵੱਲੋਂ ਇਲਾਹੀ ਗੁਰਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਜਾਵੇਗਾ।
ਇਸ ਮੌਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਉਚੇਚੇ ਤੌਰ ਤੇ ਸਿੱਖ ਸੰਗਤਾਂ ਦੇ ਦਰਸ਼ਨ ਕਰਨਗੇ। 15 ਫਰਵਰੀ ਨੂੰ ਕੀਰਤਨ ਸਮਾਗਮ ਦਾ ਪੀ.ਟੀ.ਸੀ. ਤੇ ਫਾਸਟ ਵੇਅ ਚੈਨਲ ਵੱਲੋਂ ਸਿੱਧਾ ਪ੍ਰਸਾਰਣ ਕੀਤਾ ਜਾਵੇਗਾ। 14 ਤੇ 15 ਫਰਵਰੀ ਦੀ ਰਾਤ ਨੂੰ ਗੁਰਦੁਆਰਾ ਸਾਹਿਬ ਵਿਖੇ ਵਿਸ਼ੇਸ਼ ਦੀਪ-ਮਾਲਾ ਕੀਤੀ ਜਾਵੇਗੀ।