ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੀ 47ਵੀਂ ਸਾਲਾਨਾ ਅਥਲੈਟਿਕ ਮੀਟ ਦੇ ਉਦਘਾਟਨੀ ਸਮਾਰੋਹ ਮੌਕੇ ਯੂਨੀਵਰਸਿਟੀ ਦੇ ਰਜਿਸਟਰਾਰ ਡਾ:ਰਾਜ ਕੁਮਾਰ ਮਹੇ ਨੇ ਬੋਲਦਿਆਂ ਕਿਹਾ ਕਿ ਸਖਸ਼ੀਅਤ ਉਸਾਰੀ ਲਈ ਖੇਡਾਂ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ ਅਤੇ ਇਹ ਖੇਡਾਂ ਹੀ ਹਨ ਜੋ ਮਨੁੱਖ ਵਿੱਚ ਅਨੁਸ਼ਾਸਨ ਵਿੱਚ ਰਹਿਣਾ ਸਿਖਾਉਂਦੀਆਂ ਹਨ। ਡਾ: ਮਹੇ ਨੇ ਅੱਜ ਸਵੇਰੇ ਯੂਨੀਵਰਸਿਟੀ ਦੇ ਵੱਖ ਵੱਖ ਕਾਲਜਾਂ ਦੀਆਂ ਟੀਮਾਂ ਤੋਂ ਸਲਾਮੀ ਲੈਣ ਉਪਰੰਤ ਇਹ ਸ਼ਬਦ ਕਹੇ। ਉਨ੍ਹਾਂ ਇਸ ਮੌਕੇ ਕਿਹਾ ਕਿ ਖੇਡਾਂ ਦੇ ਨਾਲ ਵਿਦਿਆਰਥੀਆਂ ਵਿੱਚ ਕੁਝ ਕਰਨ ਦੀ ਭਾਵਨਾ ਅਤੇ ਅੱਗੇ ਖੜੀਆਂ ਚੁਣੌਤੀਆਂ ਨੂੰ ਸਰ ਕਰਨ ਦੀ ਭਾਵਨਾ ਪੈਦਾ ਹੁੰਦੀ ਹੈ। ਇਸ ਤੋਂ ਪਹਿਲਾਂ ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ: ਦਵਿੰਦਰ ਸਿੰਘ ਚੀਮਾ ਨੇ ਵੱਡੀ ਗਿਣਤੀ ਵਿੱਚ ਹਾਜ਼ਰ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਜੀ ਆਇਆਂ ਕਿਹਾ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪੱਧਰ ਤੇ ਮੱਲ੍ਹਾਂ ਮਾਰੀਆਂ ਹਨ। ਉਨ੍ਹਾਂ ਦੱਸਿਆ ਕਿ ਯੂਨੀਵਰਸਿਟੀ ਨੇ ਹਾਕੀ ਦੇ ਖੇਤਰ ਵਿੱਚ ਚਾਰ ਉਲੰਪੀਅਨ ਪੈਦਾ ਕੀਤੇ ਹਨ। ਅੱਜ ਹੋਏ ਵੱਖ ਵੱਖ ਮੁਕਾਬਲਿਆਂ ਦੇ ਨਤੀਜੇ ਇਸ ਤਰ੍ਹਾਂ ਰਹੇ। 100 ਮੀਟਰ ਲੜਕਿਆਂ ਦੀ ਰੇਸ ਵਿੱਚ ਖੇਤੀਬਾੜੀ ਇੰਜੀ:ਕਾਲਜ ਦੇ ਰਾਜਕਮਲ ਸਿੰਘ ਨੇ ਪ੍ਰਾਪਤ ਸਥਾਨ, ਖੇਤੀਬਾੜੀ ਕਾਲਜ ਦੇ ਹਰਦੀਪ ਸਿੰਘ ਨੇ ਦੂਸਰਾ ਜਦ ਕਿ ਖੇਤੀਬਾੜੀ ਇੰਜ: ਕਾਲਜ ਦੇ ਗੁਰਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। 100 ਮੀਟਰ ਲੜਕੀਆਂ ਦੀ ਰੇਸ ਵਿੱਚ ਹੋਮ ਸਾਇੰਸ ਕਾਲਜ ਦੀ ਹਰਵੀਨ ਕੌਰ, ਕਾਲਜ ਆਫ ਬੇਸਿਕ ਸਾਇੰਸ ਦੀ ਬਿਊਟੀ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਦੀ ਪਵਨੀਤ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। 800 ਮੀਟਰ ਲੜਕੀਆਂ ਦੀ ਰੇਸ ਵਿੱਚ ਖੇਤੀਬਾੜੀ ਕਾਲਜ ਦੀ ਅਨੀਤਾ ਨੇ ਪਹਿਲਾ, ਇਸੇ ਹੀ ਕਾਲਜ ਦੀਆਂ ਵਿਦਿਆਰਥਣਾਂ ਪਵਨੀਤ ਅਤੇ ਸੁਖਪ੍ਰੀਤ ਕੌਰ ਨੇ ਕ੍ਰਮਵਾਰ ਦੂਜਾ ਅਤੇ ਤੀਜਾ ਸਥਾਨ ਹਾਸਿਲ ਕੀਤਾ। ਸ਼ਾਟਪੁਟ ਲੜਕਿਆਂ ਦੇ ਮੁਕਾਬਲੇ ਵਿੱਚ ਕਾਲਜ ਆਫ ਬੇਸਿਕ ਸਾਇੰਸਜ਼ ਦੇ ਸੁਖਚੈਨ ਸਿੰਘ ਨੇ ਪਹਿਲਾ, ਖੇਤੀਬਾੜੀ ਇੰਜ: ਕਾਲਜ ਦੇ ਰਾਜਕਮਲ ਸਿੰਘ ਨੇ ਦੂਜਾ ਅਤੇ ਕਾਲਜ ਆਫ ਬੇਸਿਕ ਸਾਇੰਸਜ਼ ਦੇ ਗਗਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਡਿਸਕਸ ਥ੍ਰੋ ਲੜਕਿਆਂ ਦੇ ਮੁਕਾਬਲਿਆਂ ਵਿੱਚ ਖੇਤੀਬਾੜੀ ਇੰਜ: ਕਾਲਜ ਦੇ ਰਾਜਕਮਲ ਸਿੰਘ ਨੇ ਪਹਿਲਾ, ਬੇਸਿਕ ਸਾਇੰਸਜ ਕਾਲਜ ਦੇ ਸੁਖਚੈਨ ਸਿੰਘ ਨੇ ਦੂਜਾ ਅਤੇ ਖੇਤੀਬਾੜੀ ਕਾਲਜ ਦੇ ਮਨਪ੍ਰੀਤ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ 400 ਮੀਟਰ ਲੜਕਿਆਂ ਦੀ ਰੇਸ ਵਿੱਚ ਖੇਤੀਬਾੜੀ ਕਾਲਜ ਦੇ ਮਨਪ੍ਰੀਤ ਸਿੰਘ ਨੇ ਪਹਿਲਾ ਸਥਾਨ, ਖੇਤੀਬਾੜੀ ਇੰਜ: ਕਾਲਜ ਦੇ ਗੁਰਿੰਦਰ ਸਿੰਘ ਸਿੱਧੂ ਨੇ ਦੂਜਾ ਅਤੇ ਖੇਤੀਬਾੜੀ ਇੰਜ: ਕਾਲਜ ਦੇ ਰੁਪਿੰਦਰ ਸਿੰਘ ਨੇ ਤੀਜਾ ਸਥਾਨ ਹਾਸਿਲ ਕੀਤਾ।
ਸਖਸ਼ੀਅਤ ਉਸਾਰੀ ਲਈ ਖੇਡਾਂ ਮਨੁੱਖੀ ਜੀਵਨ ਵਿੱਚ ਅਹਿਮ ਰੋਲ ਅਦਾ ਕਰਦੀਆਂ ਹਨ-ਡਾ: ਮਹੇ
This entry was posted in ਖੇਤੀਬਾੜੀ.