ਬਰਨਾਲਾ,(ਜੀਵਨ ਰਾਮਗੜ੍ਹ)-ਸਿੱਖਿਆ ਵਿਭਾਗ ਪੰਜਾਬ ਵਿੱਚ ਐੱਸ.ਐੱਸ.ਏ.ਰਮਸਾ/ਸੀ.ਐੱਸ.ਐੱਸ. ਸਕੀਮ ਤਹਿਤ ਠੇਕੇ ‘ਤੇ ਭਰਤੀ ਅਧਿਆਪਕਾਂ ਵੱਲੋਂ ਪੰਜਾਬ ਸਰਕਾਰ ਨੂੰ ਮੋਗਾ ਵਿਖੇ ਘੇਰਨ ਲਈ 15 ਫਰਵਰੀ ਨੂੰ ਰੱਖੀ ਗਈ ਰੈਲੀ ਲਈ ਯੂਨੀਅਨ ਦੇ ਆਗੂ ਅਤੇ ਮੈਂਬਰ ਤਿਆਰੀਆਂ ਨੂੰ ਲੈ ਕੇ ਪੂਰੀ ਤਰ੍ਹਾਂ ਪੱਬਾਂ ਭਾਰ ਹਨ। ਇਸ ਸਬੰਧੀ ਇੱਥੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਆਗੂ ਰਜਿੰਦਰ ਮੂਲੋਵਾਲ ਅਤੇ ਬਲਾਕ ਪ੍ਰਧਾਨ ਵਨੀਤ ਕੁਮਾਰ ਨੇ ਦੱਸਿਆ ਕਿ ਐੱਸ.ਐੱਸ.ਏ.ਰਮਸਾ ਅਧਿਆਪਕ ਪਿੱਛਲੇ ਲੰਬੇ ਸਮੇਂ ਤੋਂ ਆਪਣੀਆਂ ਹੱਕੀ ਅਤੇ ਜਾਇਜ਼ ਮੰਗਾਂ ਨੂੰ ਲੈ ਕੇ ਸੰਘਰਸ਼ ਦੇ ਰਾਹ ਪਏ ਹੋਏ ਹਨ। ਜਿਸ ਦੇ ਚੱਲਦਿਆਂ ਯੂਨੀਅਨ ਵੱਲੋਂ ਮੋਗਾ ਵਿਧਾਨ ਸਭਾ ਹਲਕੇ ਦੇ ਲੋਕਾਂ ਸਾਹਮਣੇ ਸਰਕਾਰ ਦੀਆਂ ਵਾਅਦਾ ਖ਼ਿਲਾਫ਼ੀਆਂ ਦੇ ਪੋਲ ਖੋਲ੍ਹਣ ਲਈ ਵਿਸ਼ਾਲ ਰੋਸ ਰੈਲੀ ਦਾ ਪ੍ਰੋਗਰਾਮ ਉਲੀਕਿਆ ਗਿਆ ਹੈ। ਰੈਲੀ ਦੀਆਂ ਤਿਆਰੀਆਂ ਨੂੰ ਲੈ ਕੇ ਬਲਾਕ ਕਮੇਟੀਆਂ ਵੱਲੋਂ ਨੁੱਕੜ ਮੀਟਿੰਗਾਂ ਦਾ ਸਿਲਸਿਲਾ ਜ਼ਾਰੀ ਹੈ। ਅਧਿਆਪਕ ਆਗੂਆਂ ਨੇ ਅੱਗੇ ਕਿਹਾ ਕਿ ਆਪਣੀਆਂ ਸੇਵਾਵਾਂ ਨੂੰ ਰੈਗੂਲਰ ਕਰਵਾਉਣ, ਸਿੱਖਿਆ ਵਿਭਾਗ ਵਿੱਚ ਤਬਾਦਲੇ ਕਰਵਾਉਣ, ਵਧਿਆ ਪੇ ਸਕੇਲ 1 ਅਪ੍ਰੈਲ 2012 ਤੋਂ ਲਾਗੂ ਕਰਵਾਉਣ, ਸੀ.ਐੱਸ.ਐੱਸ. ਅਧਿਆਪਕਾਂ ਦੀਆਂ 10 ਮਹੀਨੇ ਤੋਂ ਰੁਕੀਆਂ ਤਨਖਾਹਾਂ ਜ਼ਾਰੀ ਕਰਵਾਉਣ ਅਤੇ ਅਧਿਆਪਕ ਆਗੂਆਂ ‘ਤੇ ਦਰਜ਼ ਝੂਠੇ ਮੁਕੱਦਮੇ ਰੱਦ ਕਰਵਾਉਣ ਆਦਿ ਮੰਗਾਂ ਨੂੰ ਲੈ ਕੇ ਕੀਤੀ ਜਾ ਰਹੀ ਇਹ ਮੋਗਾ ਰੈਲੀ ਦੀ ਸਫ਼ਲਤਾ ਲਈ ਅਧਿਆਪਕਾਂ ਵਿੱਚ ਭਾਰੀ ਉਤਸਾਹ ਹੈ। ਇਸ ਸਮੇਂ ਰਜਿੰਦਰ ਸਿੰਘ, ਦਮਨਜੀਤ ਕੌਰ, ਮੈਡਮ ਨੀਸ਼ੂ ਗਰੋਵਰ, ਰਵਿੰਦਰ ਕੌਰ, ਜਸਵਿੰਦਰ ਕੌਰ, ਪੰਕਜ ਕੁਮਾਰ, ਰਾਮਵੀਰ, ਤਜਿੰਦਰ ਸਿੰਘ ਅਤੇ ਸੁਖਵੀਰ ਸਿੰਘ ਆਦਿ ਅਧਿਆਪਕ ਆਗੂ ਵੀ ਹਾਜ਼ਰ ਸਨ।