ਬਰਨਾਲਾ,(ਜੀਵਨ ਰਾਮਗੜ੍ਹ)-26 ਜਨਵਰੀ 2009 ‘ਚ ਸ਼ਾਰਜਾਹ ਵਿਖੇ ਪਾਕਿਸਤਾਨੀ ਨੌਜਵਾਨ ਮਿਸ਼ਰੀ ਖਾਂ ਦੇ ਕਤਲ ਦੇ ਦੋਸ਼ ’ਚ ਸ਼ਾਰਜਾਹ ਦੀ ਜੇਲ੍ਹ ਵਿੱਚੋਂ ਰਿਹਾਅ ਹੋ ਕੇ ਸਵਦੇਸ਼ ਪੁੱਜੇ 17 ਪੰਜਾਬੀ ਨੌਜਵਾਨਾਂ ’ਚ ਸੁਖਜੋਤ ਸਿੰਘ ਪੁੱਤਰ ਜਗਦੇਵ ਸਿੰਘ ਵਾਸੀ ਸੰਘੇੜਾ (ਬਰਨਾਲਾ) ਦੇ ਦੇਰ ਰਾਤ ਘਰ ਪੁੱਜਣ ’ਤੇ ਉਸਦੇ ਪਰਿਵਾਰਕ ਮੈਂਬਰਾਂ, ਰਿਸਤੇਦਾਰਾਂ ਤੇ ਸਨੇਹੀਆਂ ਨੇ ਲੱਡੂ ਵੰਡ ਕੇ ਖੁਸ਼ੀ ਦਾ ਪ੍ਰਗਟਾਵਾ ਕੀਤਾ। ਚਾਰ ਸਾਲ ਸੋਲਾ ਦਿਨ ਬੇਗੁਨਾਹੀ ਦੀ ਸਜਾ ਭੁਗਤਣ ਉਪਰੰਤ ਪਿੰਡ ਸੰਘੇੜਾ ਪੁੱਜੇ ਸੁਖਜੋਤ ਦੇ ਘਰ ਵਿਆਹ ਵਰਗਾ ਮਾਹੌਲ ਬਣਿਆ ਹੋਇਆ ਹੈ।
ਪੱਤਰਕਾਰਾਂ ਦੀ ਟੀਮ ਨਾਲ ਗੱਲਬਾਤ ਕਰਦਿਆਂ ਸੁਖਜੋਤ ਨੇ ਦੱਸਿਆ ਕਿ ਉਹ 2007 ’ਚ ਘਰ ਦੀ ਤੰਗ-ਤੁਰਸ਼ੀ ਨੂੰ ਦੂਰ ਕਰਨ ਹਿਤ ਕਾਰਪੇਂਟਰ ਦੇ ਤੌਰ ’ਤੇ ਯੂਏਈ ਸ਼ਾਰਜਾਹ ਵਿਖੇ ਗਿਆ ਹੋਇਆ ਸੀ ਅਤੇ ਉਹ ਆਪਣੇ 50 ਦੇ ਕਰੀਬ ਪੰਜਾਬੀ ਸਾਥੀਆਂ ਨਾਲ ਇੱਕ ਵਿਲ੍ਹਾ (ਘਰ) ਵਿਖੇ ਰਹਿੰਦਾ ਸੀ। ਜਿੱਥੇ 26 ਜਨਵਰੀ 2009 ਨੂੰ ਸਵੇਰੇ ਤਕਰੀਬਨ ਢਾਈ ਕੁ ਵਜੇ ਉਨ੍ਹਾਂ ਨੂੰ ਉਥੋ ਦੀ ਪੁਲਿਸ ਨੇ ਅਚਾਨਕ ਫੜ ਕੇ ਥਾਣੇ ਲੈ ਗਈ। ਜਿਨ੍ਹਾਂ ਵਿਚੋਂ ਕੁੱਝ ਦਿਨਾਂ ਬਾਅਦ ਬਾਕੀਆਂ ਨੂੰ ਛੱਡ ਕੇ 17 ਪੰਜਾਬੀ ਨੌਜਵਾਨਾਂ ਨੂੰ ਇੱਕ ਪਾਕਿਸਤਾਨੀ ਨੌਜਵਾਨ ਮਿਸ਼ਰੀ ਖਾਂ ਦੇ ਕਤਲ ਦੇ ਦੋਸ਼ ’ਚ ਦੋਸ਼ੀ ਨਾਮਜ਼ਦ ਵਜੋਂ ਜੇਲ੍ਹ ਡੱਕ ਦਿੱਤਾ। ਸਖਜੋਤ ਨੇ ਦੱਸਿਆ ਕਿ ਉਹ ਇਸ ਕਾਰਵਾਈ ਤੋਂ ਅਤਿਅੰਤ ਹੈਰਾਨ ਸਨ ਕਿਉਕਿ ਉਕਤ ਮਿਸ਼ਰੀ ਖਾਂ ਦੇ ਘਟਨਾਕ੍ਰਮ ਸਬੰਧੀ ਉਨ੍ਹਾਂ ’ਚੋ ਕਿਸੇ ਨੂੰ ਵੀ ਪਤਾ ਨਹੀਂ ਸੀ। ਉਨ੍ਹਾਂ ਦੀ ਰਿਹਾਇਸ ਤੋਂ 60-65 ਕਿਲੋਮੀਟਰ ਦੂਰ ਮਿਸ਼ਰੀ ਖਾਂ ਘਟਨਾਕ੍ਰਮ ਵਾਪਰਿਆ ਸੀ ਜਿਸ ਨਾਲ ਉਨ੍ਹਾਂ ਦਾ ਕੋਈ ਵੀ ਵਾਹ-ਵਾਸਤਾ ਨਹੀਂ ਸੀ। 28 ਮਾਚਰ 2010 ਨੂੰ ਉਥੋਂ ਦੀ ਸ਼ਰੀਅਤ ਅਦਾਲਤ ਨੇ ਉਨ੍ਹਾਂ ਦੀ ਮੌਤ ਦੀ ਸਜ਼ਾ ਸੁਣਾ ਦਿੱਤੀ ਜਿਸਨੂੰ ਸੁਣਦਿਆਂ ਉਨ੍ਹਾ ਦੇ ਪੈਰਾਂ ਥੱਲਿਓ ਜ਼ਮੀਨ ਖਿਸਕ ਗਈ। ਜਿਸ ਉਪਰੰਤ ਇਸ ਸਜ਼ਾ ਨੂੰ ਮੀਡੀਆ ਦੁਆਰਾ ਨਸ਼ਰ/ਪ੍ਰਕਾਸ਼ਿਤ ਕਰਨ ਉਪਰੰਤ ਯੂਏਈ ਦੇ ਉਘੇ ਕਾਰੋਬਾਰੀ ਐਸਪੀ ਸਿੰਘ ਓਬਰਾਏ ਅਤੇ ਕੁੱਝ ਸਿਆਸਤਦਾਨਾਂ ਵੱਲੋਂ ਉਨ੍ਹਾਂ ਦੇ ਬਚਾਅ ਕਾਰਜ ਆਰੰਭੇ ਗਏ। ਸੁਖਜੋਤ ਨੇ ਭਰੀਆ ਅੱਖਾਂ ਨਾਲ ਦੱਸਿਆ ਕਿ ਜੇਕਰ ਐਸਪੀ ਸਿੰਘ ਓਬਰਾਏ ਉਨ੍ਹਾਂ ਨੂੰ ਬਚਾਉਣ ਲਈ ਤਹੱਈਆ ਨਾ ਕਰਦੇ ਤਾਂ ਸਾਇਦ ਉਹ ਆਪਣੇ ਵਤਨ ਅਤੇ ਮਾਪਿਆਂ ਨੂੰ ਕਦੇ ਨਾ ਮਿਲ ਸਕਦੇ।
ਸੁਖਜੋਤ ਦੇ ਘਰ ਵਧਾਈਆ ਦੇਣ ਵਾਲੇ ਰਿਸਤੇਦਾਰਾਂ ਤੇ ਸਨੇਹੀਆਂ ਦਾ ਤਾਂਤਾ ਲੱਗਿਆ ਹੋਇਆ ਸੀ। ਖੁਸ਼ੀ ’ਚ ਖੀਵੀ ਹੋਈ ਸੁਖਜੋਤ ਦੀ ਮਾਂ ਮਨਜੀਤ ਕੌਰ ਨੇ ਕਿਹਾ ਕਿ ਉਹ ਹਮੇਸ਼ਾ ਮੇਰੇ ਪੁੱਤਰ ਦੀ ਮੱਦਦ ਕਰਨ ਵਾਲਿਆਂ ਦੀ ਉਮਰ ਭਰ ਰਿਣੀ ਰਹੇਗੀ। ਉਨ੍ਹਾਂ ਕਿਹਾ ਕਿ ਇੱਕ ਵਾਰ ਤਾਂ ਉਨ੍ਹਾਂ ਨੂੰ ਸੁਖਜੋਤ ਦੇ ਵਾਪਿਸ ਪਰਤਣ ਦੀ ਆਸ ਟੁੱਟ ਗਈ ਸੀ ਪ੍ਰੰਤੂ ਮੀਡੀਆ ’ਚ ਆਉਦੀਆਂ ਖ਼ਬਰਾਂ ਨੇ ਉਨ੍ਹਾਂ ਦਾ ਹੌਸਲਾ ਬਣਾਈ ਰੱਖਿਆ। ਮਨਜੀਤ ਕੌਰ ਨੇ ਕਿਹਾ ਕਿ ਉਸਦਾ ਪੁੱਤਰ ਮੌਤ ਦੇ ਮੂੰਹੋ ਬਚ ਕੇ ਆਇਆ ਹੈ ਅਤੇ ਉਹ ਹੁਣ ਉਸ ਨੂੰ ਕਦੇ ਵੀ ਘਰ ਤੋਂ ਦੂਰ ਭੇਜਣ ਦਾ ਖਿਆਲ ਦਿਮਾਗ ’ਚ ਵੀ ਨਹੀਂ ਲਿਆਉਣਗੇ।
ਸੁਖਜੋਤ ਦੇ ਪਿਤਾ ਜਗਦੇਵ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ ਪੁੱਤਰ ਦੀ ਘਰ ਵਾਪਸੀ ਹੋਣ ਤੇ ਇੰਝ ਲੱਗ ਰਿਹਾ ਹੈ ਕਿ ਉਨ੍ਹਾਂ ਦੀਆਂ ਸਾਰੀਆਂ ਚਿੰਤਾਵਾਂ ਦੂਰ ਹੋ ਗਈਆ ਹੋਣ। ਉਹ ਵਾਰ-ਵਾਰ ਆਪਣੇ ਪੁੱਤਰ ਦੀ ਵਾਪਸੀ ’ਚ ਮਦਦ ਕਰਨ ਵਾਲਿਆਂ ਨੂੰ ਦੁਆਵਾਂ ਦੇ ਰਿਹਾ ਸੀ। ਜਗਦੇਵ ਸਿੰਘ ਨੇ ਕਿਹਾ ਕਿ ਪੁੱਤਰ ਦੇ ਵਿਛੋੜੇ ਦਾ ਗ਼ਮ ਨੇ ਉਨ੍ਹਾਂ ਨੂੰ ਡਾਹਢੇ ਫ਼ਿਕਰਮੰਦ ਕਰ ਰੱਖਿਆ ਸੀ। ਉਸਨੇ ਕਿਹਾ ਕਿ ਰੋਜੀ ਰੋਟੀ ਲਈ ਆਪਣੇ ਪੁੱਤਾਂ-ਧੀਆਂ ਨੂੰ ਵਿਦੇਸ ਭੇਜਣ ਦੀ ਬਜਾਇ ਐਧਰ ਦੀ (ਘੱਟ) ਚੰਗੀ ਹੈ। ਜਗਦੇਵ ਸਿੰਘ ਵਿਸ਼ੇਸ ਤੌਰ ਤੇ ਐਸਪੀ ਸਿੰਘ ਓਬਰਾਏ, ਕੈਪਟਨ ਅਮਰਿੰਦਰ ਸਿੰਘ ਸਾਬਕਾ ਮੁੱਖ ਮੰਤਰੀ ਪੰਜਾਬ, ਵਿਦੇਸ਼ ਮੰਤਰੀ ਪ੍ਰਨੀਤ ਕੌਰ, ਹਲਕਾ ਵਿਧਾਇਕ ਕੇਵਲ ਸਿੰਘ ਢਿੱਲੋਂ, ਬਲਵੰਤ ਸਿੰਘ ਰਾਮੂਵਾਲੀਆ ਅਤੇ ਸੁਖਦੇਵ ਸਿੰਘ ਢੀਡਸਾ ਦੁਆਰਾ ਉਨ੍ਹਾਂ ਦੇ ਪੁੱਤਰ ਦੀ ਰਿਹਾਈ ’ਚ ਕੀਤੀ ਮੱਦਦ ਲਈ ਜ਼ਿਕਰ ਕੀਤਾ।
ਸੁਖਜੋਤ ਦੀ ਦਾਦੀ ਅਮਰ ਕੌਰ, ਵੱਡੀ ਭੈਣ ਸਿਮਰਦੀਪ ਕੌਰ ਅਤੇ ਛੋਟਾ ਭਰਾ ਜਗਮੋਹਨ ਸਿੰਘ ਵੀ ਆਪਣੇ ਭਰਾ ਦੀ ਵਤਨ ਵਾਪਸੀ ਨੂੰ ਲੈ ਕੇ ਖੁਸ਼ੀ ’ਚ ਹੰਝੂ ਵਹਾ ਰਹੇ ਸਨ। ਇਸ ਮੌਕੇ ਉਨ੍ਹਾਂ ਦੇ ਰਿਸ਼ਤੇਦਾਰ ਤੋਂ ਇਲਾਵਾ ਪਿੰਡ ਦੀ ਪੰਚਾਇਤ ਅਤੇ ਨਗਰ ਨਿਵਾਸੀਆਂ ਨੇ ਉਨ੍ਹਾਂ ਦੇ ਘਰ ਆ ਕੇ ਪਰਿਵਾਰ ਨੂੰ ਵਧਾਈਆਂ ਦਿੱਤੀਆ ਅਤੇ ਪਰਿਵਾਰ ਵੱਲੋਂ ਆਪਣੇ ਪੁੱਤਰ ਦੀ ਆਮਦ ਨੂੰ ਲੈ ਕੇ ਖੁਸ਼ੀ ’ਚ ਲੱਡੂ ਵੀ ਵੰਡੇ।
ਜ਼ਿਕਰਯੋਗ ਹੈ ਕਿ ਸ਼ਾਰਜਾਹ ਦੀ ਸ਼ਰੀਅਤ ਅਦਾਲਤ ਵੱਲੋਂ ਸ਼ਜਾ ਯਾਫਤਾ 17 ਪੰਜਾਬੀ ਨੌਜਵਾਨਾਂ ਦੀ
ਰਿਹਾਈ ਲਈ ਯੂਏਈ ਦੇ ਉਘੇ ਵਪਾਰੀ ਐਸਪੀ ਸਿੰਘ ਓਬਰਾਏ ਵੱਲੋਂ ਮਾਮਲੇ ਵਿੱਚ ਪੀੜਤਾਂ ਨੂੰ 11 ਲੱਖ ਅਮਰੀਕੀ ਡਾਲਰ ਬਲੱਡ ਮਨੀ ਵਜੋਂ ਭੁਗਤਾਨ ਕਰਕੇ ਅਦਾਲਤ ਤੋਂ ਮੁਕਤੀ ਦਵਾਈ ਹੈ।
ਸ਼ਾਰਜਾਹ ਜੇਲ੍ਹ ਤੋਂ ਪਰਤੇ ਸੰਘੇੜਾ ਦੇ ਨੌਜਵਾਨ ਸੁਖਜੋਤ ਦਾ ਘਰ ਪੁੱਜਣ ‘ਤੇ ਭਰਵਾ ਸੁਆਗਤ
This entry was posted in ਪੰਜਾਬ.