ਨਵੀਂ ਦਿੱਲੀ :
ਸ. ਹਰਵਿੰਦਰ ਸਿੰਘ ਸਰਨਾ, ਸਕਤੱਰ ਜਨਰਲ ਸ਼੍ਰੋਮਣੀ ਅਕਾਲੀ ਦਲ ਦਿੱਲੀ ਨੇ ਬੀਤੇ ਦੋ ਦਿਨਾਂ ਵਿੱਚ ਦੋ ਵਾਰ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨਾਲ ਉਨ੍ਹਾਂ ਦੇ ਦਫਤਰ ਵਿੱਚ ਮੁਲਾਕਾਤ ਕੀਤੀ। ਪਹਿਲੀ ਮੁਲਾਕਾਤ ਦੌਰਾਨ ਉਨ੍ਹਾਂ ਵਿਦੇਸ਼ ਰਾਜ ਮੰਤਰੀ ਨੂੰ ਕਿਹਾ ਕਿ ਉਹ ਭਾਰਤ ਦੌਰੇ ਤੇ ਆਏ ਫਰਾਂਸ ਦੇ ਰਾਸ਼ਟਰਪਤੀ ਫਰਾਂਸਵਾ ਔਲਾਂਦ ਨਾਲ ਇਕ ਵਿਸ਼ੇਸ਼ ਮੁਲਾਕਾਤ ਕਰ ਉਨ੍ਹਾਂ ਸਾਹਮਣੇ ਫਰਾਂਸ ਦੇ ਸਰਕਾਰੀ ਸਕੂਲਾਂ ਵਿੱਚ ਸਿੱਖ ਵਿਦਿਆਰਥੀਆਂ ਦੇ ਪੱਗੜੀ ਬੰਨ੍ਹਣ ਤੇ ਲਗੀ ਹੋਈ ਪਾਬੰਧੀ ਹਟਾਏ ਜਾਣ ਦੀ ਸਿੱਖਾਂ ਦੀ ਲੰਬੇ ਸਮੇਂ ਤੋਂ ਲਟਕਦੀ ਚਲੀ ਆ ਰਹੀ ਮੰਗ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਠਾਉਣ ਅਤੇ ਉਨ੍ਹਾਂ ਨੂੰ ਦਸਣ ਕਿ ਪੱਗੜੀ ਪਹਿਨਣਾ ਸਿੱਖਾਂ ਲਈ ਕਿਤਨਾ ਮਹਤੱਵਪੂਰਣ ਹੈ, ਇਹ ਉਨ੍ਹਾਂ ਦਾ ਧਾਰਮਕ ਚਿੰਨ੍ਹ ਹੀ ਨਹੀਂ, ਸਗੋਂ ਉਨ੍ਹਾਂ ਦੇ ਪਹਿਰਾਵੇ ਦਾ ਇੱਕ ਜ਼ਰੂਰੀ ਅੰਗ ਵੀ ਹੈ। ਸ. ਸਰਨਾ ਨੇ ਵਿਦੇਸ਼ ਰਾਜ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਫਰਾਂਸ ਦੇ ਰਾਸ਼ਟਰਪਤੀ ਨੂੰ ਇਹ ਵੀ ਦਸਣ ਕਿ ਪੱਗੜੀ ਭਾਰਤੀ ਸਮਾਜ ਦਾ ਵੀ ਇੱਕ ਜ਼ਰੂਰੀ ਹਿਸਾ ਹੈ, ਕਿਉਂਕਿ ਭਾਰਤ ਵਿੱਚ ਕਿਸੇ ਮਹੱਤਵਪੂਰਣ ਸ਼ਖਸੀਅਤ ਨਾਲ ਮੁਲਾਕਾਤ ਸਮੇਂ ਇਸਨੂੰ ਪਹਿਨਣਾ ਉਸ ਪ੍ਰਤੀ ਸਨਮਾਨ ਪ੍ਰਗਟ ਕਰਨਾ ਮੰਨਿਆ ਜਾਂਦਾ ਹੈ। ਸ. ਸਰਨਾ ਨੇ ਕਿਹਾ ਕਿ ਸ਼੍ਰੀ ਫਰਾਂਸਵਾ ਔਲਾਂਦ ਨੂੰ ਇਹ ਵੀ ਯਾਦ ਕਰਵਾਇਆ ਜਾਏ ਕਿ ਸਿੱਖਾਂ ਦੇ ਫਰਾਂਸ ਨਾਲ ਭਾਰਤ ਦੀ ਆਜ਼ਾਦੀ ਤੋਂ ਕਈ ਵਰ੍ਹੇ ਪਹਿਲਾਂ ਦੇ ਸਦਭਾਵਨਾਪੂਰਣ ਸਬੰਧ ਚਲੇ ਆ ਰਹੇ ਹਨ ਅਤੇ ਇਹ ਸਬੰਧ ਉਸ ਸਮੇਂ ਤੋਂ ਹਨ, ਜਦੋਂ ਪਹਿਲੀ ਵਿਸ਼ਵ ਜੰਗ ਦੇ ਸਮੇਂ ਪੱਗੜੀਧਾਰੀ ਸਿੱਖ ਫੌਜੀ ਫਰਾਂਸ ਦੀ ਰਖਿਆ ਲਈ ਉਥੇ ਪੁਜੇ ਤੇ ਉਨ੍ਹਾਂ ਆਪਣੀਆਂ ਜਾਨਾਂ ਹੂਲ ਕੇ ਫਰਾਂਸ ਦੀ ਦੁਸ਼ਮਣ ਫੌਜਾਂ ਤੋਂ ਰਖਿਆ ਕੀਤੀ ਸੀ।
ਸ. ਹਰਵਿੰਦਰ ਸਿੰਘ ਸਰਨਾ ਦੀ ਵਿਦੇਸ਼ ਰਾਜ ਮੰਤਰੀ ਮਹਾਰਾਣੀ ਪ੍ਰਨੀਤ ਕੌਰ ਨਾਲ ਦੂਸਰੀ ਮੁਲਾਕਾਤ ਕਲ੍ਹ ਸ਼ੁਕਰਵਾਰ ਹੋਈ ਜਿਸ ਵਿੱਚ ਵਿਦੇਸ਼ ਰਾਜ ਮੰਤਰੀ ਨੇ ਉਨ੍ਹਾਂ ਨੂੰ ਦਸਿਆ ਕਿ ਪਗੱੜੀ ਦੇ ਮਸਲੇ ਤੇ ਉਨ੍ਹਾਂ ਦੀ ਫਰਾਂਸ ਦੇ ਰਾਸ਼ਟਰਪਤੀ ਨਾਲ ਲੰਬੀ ਅਤੇ ਵਿਸਥਾਰ ਨਾਲ ਗਲਬਾਤ ਹੋਈ ਹੈ। ਸ਼੍ਰੀ ਫਰਾਂਸਵਾ ਔਲਾਂਦ ਨੇ ਉਨ੍ਹਾਂ ਦੀ ਗਲ ਨੂੰ ਬਹੁਤ ਹੀ ਧਿਆਨ ਨਾਲ ਸੁਣਿਆ ਅਤੇ ਸਮਝਿਆ। ਉਨ੍ਹਾਂ ਭਰੋਸਾ ਦੁਆਇਆ ਹੈ ਕਿ ਉਹ ਵਾਪਸ ਜਾ ਕੇ ਆਪਣੇ ਗ੍ਰਹਿ ਅਤੇ ਕਾਨੂੰਨ ਮੰਤਰੀਆਂ ਨਾਲ ਗਲ ਕਰਨਗੇ ਅਤੇ ਤੁਹਾਡੀਆਂ ਭਾਵਨਾਵਾਂ ਉਨ੍ਹਾਂ ਤਕ ਪਹੁੰਚਾਣ ਤੋਂ ਇਲਾਵਾ ਉਹ ਆਪਣੇ ਵਲੋਂ ਵੀ ਉਨ੍ਹਾਂ ਨੂੰ ਜ਼ੋਰ ਦੇ ਕੇ ਕਹਿਣਗੇ ਕਿ ਭਾਰਤ ਅਤੇ ਵਿਸ਼ੇਸ਼ ਰੂਪ ਵਿੱਚ ਸਿੱਖਾਂ ਨਾਲ ਚਲੇ ਆ ਰਹੇ ਆਪਣੇ ਸਦਭਾਵਨਾਪੂਰਣ ਸਬੰਧਾਂ ਦਾ ਸਨਮਾਨ ਕਰਦਿਆਂ, ਲੰਬੇ ਸਮੇਂ ਤੋਂ ਲਟਕਦੇ ਚਲੇ ਆ ਰਹੇ ਇਸ, ਪੱਗੜੀ ਦੇ ਮਸਲੇ ਨੂੰ ਛੇਤੀ ਤੋਂ ਛੇਤੀ ਹਲ ਕਰ ਸਿੱਖਾਂ ਦੇ ਰੋਸੇ ਨੂੰ ਦੂਰ ਕੀਤਾ ਜਾਏ।