ਨਵੀਂ ਦਿੱਲੀ- ਦਿੱਲੀ ਦੀ ਮੁੱਖਮੰਤਰੀ ਸ਼ੀਲਾ ਦੀਕਸ਼ਤ ਨੇ ਦਿੱਲੀ ਪੁਲਿਸ ਦੀ ਕਾਰਗੁਜ਼ਾਰੀ ਤੇ ਸਵਾਲ ਉਠਾਂਉਂਦੇ ਹੋਏ ਪੁਲਿਸ ਕਮਿਸ਼ਨਰ ਦੇ ਖਿਲਾਫ਼ ਫਿਰ ਤੋਂ ਮੁਹਿੰਮ ਸ਼ੁਰੂ ਕਰ ਦਿੱਤੀ ਹੈ।ਮੁੱਖਮੰਤਰੀ ਨੇ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਸਿ਼ਕਾਇਤ ਕੀਤੀ ਹੈ ਕਿ ਪਿੱਛਲੇ ਸਾਲ 16 ਦਸੰਬਰ ਨੂੰ ਦਿੱਲੀ ਵਿੱਚ ਹੋਈ ਗੈਂਗ-ਰੇਪ ਦੀ ਘਟਨਾ ਤੋਂ ਬਾਅਦ ਵੀ ਪੁਲਿਸ ਦੇ ਰਵਈਏ ਵਿੱਚ ਕੋਈ ਸੁਧਾਰ ਨਹੀਂ ਆਇਆ।ਉਨ੍ਹਾਂ ਨੇ ਪ੍ਰਧਾਨਮੰਤਰੀ ਤੋਂ ਇਹ ਮੰਗ ਕੀਤੀ ਹੈ ਕਿ ਉਹ ਸਿੱਧੇ ਤੌਰ ਤੇ ਇਸ ਮਾਮਲੇ ਵਿੱਚ ਦਖਲ ਦੇਣ।
ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੂੰ ਲਿਖੇ ਸ਼ਿਕਾਇਤ ਪੱਤਰ ਵਿੱਚ ਸ਼ੀਲਾ ਦੀਕਸ਼ਤ ਨੇ ਜਿਕਰ ਕੀਤਾ ਹੈ ਕਿ ਪਿੱਛਲੇ ਦੋ ਮਹੀਨਿਆਂ ਵਿੱਚ ਸ਼ਹਿਰ ਵਿੱਚ ਪੁਲਿਸ ਪ੍ਰਸ਼ਾਸਨ ਨੇ ਕੋਈ ਵੀ ਸੁਧਾਰ ਨਹੀਂ ਕੀਤਾ। ਉਨ੍ਹਾਂ ਨੇ ਇਹ ਵੀ ਲਿਖਿਆ ਹੈ ਕਿ 16 ਦਸੰਬਰ ਦੀ ਰੇਪ ਦੀ ਘਟਨਾ ਤੋਂ ਬਾਅਦ ਪੁਲਿਸ ਮੁੱਖੀ ਨੇ ਇਹ ਭਰੋਸਾ ਦਿਵਾਇਆ ਸੀ ਕਿ ਮਹਿਲਾਵਾਂ ਦੀ ਸੁਰੱਖਿਆ ਸਬੰਧੀ ਯੋਗ ਕਦਮ ਚੁੱਕੇ ਜਾਣਗੇ, ਪਰ ਅਜਿਹਾ ਕੁਝ ਵੀ ਨਹੀਂ ਹੋਇਆ।ਉਨ੍ਹਾਂ ਨੇ ਪ੍ਰਧਾਨ ਮੰਤਰੀ ਨੂੰ ਇਸ ਮਾਮਲੇ ਤੇ ਗੰਭੀਰਤਾ ਨਾਲ ਵਿਚਾਰ ਕਰਨ ਅਤੇ ਸਿੱਧੇ ਤੌਰ ਤੇ ਦਖਲ ਦੇਣ ਦੀ ਮੰਗ ਕੀਤੀ ਹੈ। ਮੁੱਖਮੰਤਰੀ ਵੱਲੋਂ ਲਿਖੇ ਗਏ ਇਸ ਪੱਤਰ ਨਾਲ ਦਿੱਲੀ ਦੇ ਰਾਜਨੀਤਕ ਹਲਕਿਆਂ ਵਿੱਚ ਹਲਚਲ ਮੱਚੀ ਹੋਈ ਹੈ।