ਨਵੀਂ ਦਿੱਲੀ- ਬ੍ਰਿਟਿਸ਼ ਪ੍ਰਧਾਨਮੰਤਰੀ ਕੈਮਰਾਨ ਅਤੇ ਭਾਰਤ ਦੇ ਪ੍ਰਧਾਨਮੰਤਰੀ ਮਨਮੋਹਨ ਸਿੰਘ ਦਰਮਿਆਨ ਸਦਭਾਵਨਾ ਪੂਰਵਕ ਮੀਟਿੰਗ ਹੋਈ।ਕੈਮਰਾਨ ਨੇ ਅਗੱਸਤਾ ਵੈਸਟਲੈਂਡ ਹੈਲੀਕਾਪਟਰ ਸੌਦੇ ਦੀ ਜਾਂਚ ਵਿੱਚ ਭਾਰਤ ਨੂੰ ਲੋੜੀਂਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਦੋਵਾਂ ਨੇਤਾਵਾਂ ਨੇ ਅਫ਼ਗਾਨਿਸਤਾਨ ਦੇ ਮੁੱਦੇ ਤੇ ਇਲਾਵਾ ਦੋਵਾਂ ਦੇਸ਼ਾਂ ਵਿੱਚਕਾਰ ਵਪਾਰ ਵਧਾਉਣ ਸਬੰਧੀ ਵੀ ਸਲਾਹ ਮਸ਼ਵਰਾ ਕੀਤਾ।
ਬ੍ਰਿਟਿਸ਼ ਪ੍ਰਧਾਨ ਮੰਤਰੀ ਅਤੇ ਡਾ: ਮਨਮੋਹਨ ਸਿੰਘ ਨੇ ਅਫ਼ਗਾਨਿਸਤਾਨ ਦੀ ਸਥਿਤੀ ਤੇ ਵੀ ਵਿਚਾਰ ਵਟਾਂਦਰਾ ਕੀਤਾ। ਕੈਮਰਾਨ ਨੇ ਕਿਹਾ ਕਿ ਬ੍ਰਿਟਿਸ਼ ਅਫ਼ਗਾਨਿਸਤਾਨ ਨੂੰ ਅੱਧਵਿਚਾਲੇ ਨਹੀਂ ਛੱਡੇਗਾ। ਕੈਮਰਾਨ ਨੇ ਭਾਰਤ ਨਾਲ ਮਜ਼ਬੂਤ ਸਬੰਧਾਂ ਦਾ ਜਿਕਰ ਕਰਦੇ ਹੋਏ ਕਿਹਾ ਕਿ ਉਹ ਬ੍ਰਿਟੇਨ ਦੇ ਇਤਿਹਾਸ ਵਿੱਚ ਹੁਣ ਤੱਕ ਦਾ ਸੱਭ ਤੋਂ ਵੱਡਾ ਪ੍ਰਤੀਨਿਧੀਮੰਡਲ ਲੈ ਕੇ ਆਏ ਹਨ। ਦੋਵਾਂ ਨੇਤਾਵਾਂ ਨੇ ਵਪਾਰ ਵਧਾਉਣ ਸਬੰਧੀ ਵੀ ਵਿਚਾਰ ਵਟਾਂਦਰਾ ਕੀਤਾ। ਉਨ੍ਹਾਂ ਨੇ ਕਿ 2015 ਤੱਕ 23 ਅਰਬ ਪਾਂਉਡ ਤੱਕ ਕਾਰੋਬਾਰ ਲੈ ਕੇ ਜਾਣ ਦਾ ਟੀਚਾ ਪੂਰਾ ਕੀਤਾ ਜਾਵੇਗਾ। ਕੈਮਰਾਨ ਨੇ ਵਿਦਿਆਰਥੀ ਵੀਜ਼ੇ ਤੇ ਸਪੱਸ਼ਟ ਕੀਤਾ ਕਿ ਇਹ ਕੋਈ ਮੁੱਦਾ ਨਹੀਂ ਹੈ,ਮੁਢਲੀਆਂ ਸ਼ਰਤਾਂ ਪੂਰੀਆਂ ਕਰਨ ਤੇ ਵੀਜ਼ਾ ਮੁਹਈਆ ਕਰਵਾਇਆ ਜਾਵੇਗਾ।ਕਾਰੋਬਾਰੀ ਭਾਰਤੀਆਂ ਨੂੰ ਤੁਰੰਤ ਵੀਜ਼ਾ ਦਿੱਤਾ ਜਵੇਗਾ।
ਪ੍ਰਧਾਨਮੰਤਰੀ ਬਣਨ ਤੋਂ ਬਾਅਦ ਕੈਮਰਾਨ ਦਾ ਇਹ ਦੂਸਰਾ ਭਾਰਤੀ ਦੌਰਾ ਹੈ। ਉਹ ਹਰਿਮੰਦਿਰ ਸਾਹਿਬ ਵੀ ਜਾ ਰਹੇ ਹਨ।ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ ਵੀ ਦੋਵਾਂ ਦੇਸ਼ਾਂ ਦੇ ਹੋਰ ਚੰਗੇ ਹੋ ਰਹੇ ਸਬੰਧਾਂ ਦਾ ਜਿਕਰ ਕੀਤਾ।