ਪੰਜਾਬੀ ਸਾਹਿਤ ਸਭਾ ਕੈਲੀਫ਼ੋਰਨੀਆ (ਬੇ-ਏਰੀਆ)- ਬਾਲ-ਸਾਹਿਤ ਕਲਾ ਅਤੇ ਰੰਗ-ਮੰਚ ਦੇ ਬੱਚਿਆਂ ਵਲੋ ‘ ਨਿੱਕੀਆਂ ਜਿੰਦਾਂ ਵੱਡਾ ਸਾਕਾ- ਸਾਕਾ ਸਰਹਿੰਦ’ ਰੂਪਕ, 16 ਫਰਵਰੀ 2013 ਨੂੰ ਗੁਰਦਵਾਰਾ ਟਰਲੱਕ ਵਿਖੇ ਸੈਂਟਰਲ ਵੈਲੀ ਦੇ ਲੋਕਾਂ ਦੀ ਪੁਰਜ਼ੋਰ ਮੰਗ ਤੇ, ਸਫ਼ਲਤਾ ਪੂਰਵਕ ਪੇਸ਼ ਕੀਤਾ ਗਿਆ । ਇਸ ਤੋ ਪਹਿਲਾਂ ਇਹ ਬਾਲ ਕਲਾਕਾਰ ਇਸ ਰੂਪਕ ਨੂੰ ਗੁਰਦਵਾਰਾ ਸੈਨਹੋਜ਼ੇ, ਗੁਰਦਵਾਰਾ ਟੈਰਾਵਿਊਨਾ ਯੂਬਾ ਸਿਟੀ ਅਤੇ ਗਰੁਦਵਾਰਾ ਫ਼ਰੀਮਾਂਟ ਵਿਖੇ ਵੀ ਪੇਸ਼ ਕਰਕੇ ਆਪਣੀ ਕਮੀਊਨਿਟੀ ਦੇ ਲੋਕਾਂ ਦੀ ਵਾਹ-ਵਾਹ ਖੱਟ ਚੁੱਕੇ ਹਨ ।
ਐਲਸੋਬਰਾਂਟੇ ਅਤੇ ਨੇੜਲੇ ਸਹਿਰਾਂ ਦੀਆਂ ਸੰਗਤਾਂ ਦੀ ਮੰਗ ਤੇ ਹੁਣ ਇਸ ਦੀ ਅਗਲੀ ਪੇਸ਼ਕਾਰੀ 2 ਮਾਰਚ 2013 ਨੂੰ ਗੁਰਦਵਾਰਾ ਐਲਸੋਬਰਾਂਟੇ ਵਿੱਖੇ ਸ਼ਾਮ ਦੇ 7 ਵਜੇ ਹੋਵੇਗੀ। ਇਸ ਰੂਪਕ ਦੇ ਲੇਖਕ ਅਤੇ ਨਿਰਦੇਸ਼ਕ ਸ। ਚਰਨ ਸਿੰਘ ਸਿੰਧਰਾ ਹਨ ਜਿਨ੍ਹਾਂ ਦਾ ਪੂਰਾ ਜੀਵਨ ਹੀ ਨਾਟ-ਕਲਾ ਅਤੇ ਰੰਗ-ਮੰਚ ਨੂੰ ਸਮਰਪਤ ਰਿਹਾ ਹੈ । ਪੰਜਾਬੀ ਸਾਹਿਤ ਸਭਾ ਕੈਲੀਫ਼ਰਨੀਆ (ਬੇ ੲਰੀਆ) ਦੇ ਇਸ ਸੁਹਿਰਦ ਮੈਂਬਰ ਵਿੱਚ ਬੱਚਿਆਂ, ਨੌਜਵਾਨਾਂ ਅਤੇ ਹਰ ਵਰਗ ਦੇ ਪੰਜਾਬੀਆਂ ਨੂੰ ਹਲੂਣ ਕੇ ਉਨ੍ਹਾਂ ਨੂੰ ਆਪਣੀ ਬੋਲੀ, ਵਿਰਸੇ, ਸਭਿਆਚਾਰ ਅਤੇ ਇਤਿਹਾਸ ਤੋਂ ਜਾਣੂ ਕਰਵਾਉਣ ਅਤੇ ਜੋੜਨ ਦੀ ਅਥਾਹ ਸ਼ਕਤੀ ਹੈ । ਯਾਦ ਰਹੇ ਕਿ ਸਿੰਧਰਾ ਸਾਹਿਬ ਦੀਆਂ ਪ੍ਰਾਪਤੀਆਂ ਅਤੇ ਸਮਾਜਿਕ ਦੇਣ ਨੂੰ ਮੱਦੇ ਨਜ਼ਰ ਰੱਖਦਿਆਂ ਸਭਾ ਵੱਲੋ ਉਨ੍ਹਾਂ ਨੂੰ ਸੈਂਨਹੋਜ਼ੇ ਵਿਖੇ ’ਲਾਈਫ ਟਾਈਮ ਅਚੀਵਮੈਂਟ ਅਵਾਰਡ’ ਅਤੇ 501 ਡਾਲਰ ਦੇ ਕੇ ਸਨਮਾਨਿਤ ਵੀ ਕੀਤਾ ਜਾ ਚੁੱਕਾ ਹੈ।
16 ਫ਼ਰਵਰੀ 2013 ਨੂੰ ਬਾਲ-ਸਾਹਿਤ ਕਲਾ ਅਤੇ ਰੰਗ-ਮੰਚ’ ਦੇ ਬੱਚਿਆਂ, ਮਾਪਿਆਂ ਅਤੇ ਪ੍ਰਬੰਧਕਾਂ ਦਾ ਇੱਕ ਕਾਫ਼ਲਾ ਬੱਸ ਰਾਂਹੀ ਜਦੋ ਟਰਲਕ ਵਿਖੇ ਪਹੁੰਚਿਆ ਤਾਂ ਗੁਰੂ-ਘਰ ਦੇ ਪ੍ਰਬੰਧਕਾਂ ਅਤੇ ਸੰਗਤਾਂ ਵੱਲੋ ਉਨ੍ਹਾਂ ਨੂੰ ਅਥਾਹ ਪਿਆਰ ਅਤੇ ਸਤਿਕਾਰ ਦਿੱਤਾ ਗਿਆ । ਪ੍ਰੋਗਰਾਮ ਦੀ ਸ਼ੁਰੂਆਤ ਸਭਾ ਦੇ ਪ੍ਰਬੰਧਕ ਸ। ਪ੍ਰਮਿੰਦਰ ਸਿੰਘ ਪਰਵਾਨਾ ਨੇ ਬੱਚਿਆਂ ਦੇ ਕਵੀ ਦਰਬਾਰ ਨਾਲ ਕੀਤੀ। ਸਰੋਤਿਆਂ ਨੇ ਜ਼ੋਰਦਾਰ ਜੈਕਾਰਿਆਂ ਨਾਲ ਕਵਿਤਾਵਾਂ ਦੀ ਪਸੰਦਗੀ ਦੀ ਦਾਤ ਦੇ ਕੇ ਬੱਚਿਆਂ ਨੂੰ ਉਤਸਾਹਿਤ ਕੀਤਾ।
ਕਵੀ ਦਰਬਾਰ ਉਪਰੰਤ ਸਭਾ ਦੇ ਪ੍ਰਧਾਨ ਕੁਲਦੀਪ ਸਿੰਘ ਢੀਂਡਸਾ ਨੇ ਰੂਪਕ ਅਤੇ ਸਰਦਾਰ ਸਿੰਧਰਾ ਬਾਰੇ ਜਾਣਕਾਰੀ ਦਿੰਦੇ ਹੋਏ ਉਨ੍ਹਾਂ ਸਾਰੀਆਂ ਸਖ਼ਸਿਅਤਾਂ ਅਤੇ ਅਦਾਰਿਆਂ ਦਾ ਧੰਨਵਾਦ ਕੀਤਾ ਜਿਨ੍ਹਾਂ ਦੇ ਭਰਪੂਰ ਸਹਿਯੋਗ ਸਦਕਾ ਇਹ ਸਾਰਾ ਕੁੱਝ ਸੰਭਵ ਹੋ ਸਕਿਆ ਹੈ। ਗੁਰਦਵਾਰਾ ਸੈਨਹੋਜ਼ੇ ਦੇ ਸੇਵਾਦਾਰ ਸੁਖਦੇਵ ਸਿੰਘ ਬੈਨੀਵਾਲ, ਜਿਨ੍ਹਾਂ ਦੇ ਬੱਚੇ ਵੀ ਇਸ ਰੂਪਕ ਵਿੱਚ ਅਹਿਮ ਭੂਮਿਕਾ ਨਿਭਾ ਰਹੇ ਹਨ, ਨੇ ਵੀ ਸੰਗਤਾਂ ਨੂੰ ਸੰਬੋਧਨ ਕੀਤਾ । ਰੂਪਕ ਦੀਆਂ ਪਿਛਲੀਆਂ ਸਫ਼ਲਤਾਵਾਂ ਬਾਰੇ ਗੱਲ ਕਰਦੇ ਹੋਏ ਉਨ੍ਹਾਂ ਨੇ ਸਭਾ ਦੇ ਪ੍ਰਬੰਧਕਾ ਨੂੰ ਇਸ ਨਵੇਕਲੇ ਕੰਮ ਲਈ ਵਧਾਈ ਦਿੱਤੀ ਅਤੇ ਭਵਿੱਖ ਵਿਚ ਵੀ ਹੋਰ ਸਿੱਦਤ ਨਾਲ ਅਜਿਹੇ ਪ੍ਰੋਗਰਾਮ ਕਰਵਾਏ ਜਾਣ ਤੇ ਜ਼ੋਰ ਦਿੱਤਾ। ਪਰਮਿੰਦਰ ਸਿੰਘ ਪਰਵਾਨਾ ਵੱਲੋ ਸ੍ਰੀ ਗੁਰੂ ਗੋਬਿੰਦ ਸਿੰਘ ਦੇ ਸਾਹਿਬਾਜ਼ਾਦਿਆਂ ਦੀ ਸਹੀਦੀ ਦੀ ਦਾਸਤਾਨ ਦੱਸਕੇ ਕੇ ਰੂਪਕ ਵਿਚਲੇ ਇਤਿਹਾਸਿਕ ਝਰੋਖੇ ਦੀ ਅਗਲੀ ਲੜੀ ਨੂੰ ਤੋਰਦਾ ਰੂਪਕ ‘ਨਿੱਕੀਆਂ ਜਿੰਦਾਂ ਵੱਡਾ ਸਾਕਾ (ਸਾਕਾ ਸਰਹਿੰਦ)’ ਸੁਰੂ ਕਰਵਾਇਆ ਗਿਆ।
ਰੂਪਕ ਇਤਨਾ ਭਾਵਪੂਰਤ ਸੀ ਕਿ ਖੱਚਾ-ਖੱਚ ਭਰੇ ਹਾਲ ਵਿੱਚ ਮੂਕ ਬੈਠੇ ਬਹੁਤ ਸਾਰੇ ਦਰਸ਼ਕ ਸਰਹਿੰਦ ਦੀ ਦਾਸਤਾਨ ਦਾ ਖ਼ੂਨੀ ਸਾਕਾ ਵੇਖ ਕੇ ਅਪਣੀਆਂ ਅੱਖਾਂ ਵਿੱਚੋ ਡਿਗਦੇ ਹੰਝੂ ਨਾ ਰੋਕ ਸਕੇ । ਬਹੁਤ ਸਾਰੇ ਦਰਸ਼ਕਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਇੰਜ ਲੱਗ ਰਿਹਾ ਸੀ ਜਿਵੇ ਇਹ ਖ਼ੂਨੀ ਸਾਕਾ ਉਨ੍ਹਾਂ ਦੀਆਂ ਆਪਣੀਆਂ ਅੱਖਾਂ ਦੇ ਸਾਹਮਣੇ ਸ਼ਾਖਸਾਤ ਵਾਪਰ ਰਿਹਾ ਹੋਵੇ । ਮੋਤੀ ਮਹਿਰੇ ਨੂੰ ਠੰਡੇ ਬੁਰਜ ਵਿੱਚ ਕੈਦ ਮਾਤਾ ਗੁਜਰੀ ਅਤੇ ਛੋਟੇ ਬਚਿੱਆਂ ਨੂੰ ਰੋਟੀ ਖੁਆਉਣ ਅਤੇ ਦੁੱਧ ਪਿਆਉਣ ਦੇ ਜ਼ੁਰਮ ਤਹਿਤ ਕੋਹਲੂ ਵਿੱਚ ਪੀੜੇ ਜਾਣ ਦੇ ਦਰਦਨਾਕ ਦ੍ਰਿਸ਼ ਨੇ ਵੀ ਕੋਮਲ ਮਨਾਂ ਨੂੰ ਬੇਹੱਦ ਭਰਵਾਵਿਤ ਕੀਤਾ।
ਟਰਲੱਕ ਅਤੇ ਆਸ ਪਾਸ ਦੇ ਸਹਿਰਾਂ ਤੋ ਆਏ ਕੁੱਝ ਬੱਚਿਆਂ ਨੇ ਵੀ ਰੂਪਕ ਵਿਚਲੇ ਕਈ ਰੋਲ ਨਿਭਾ ਕੇ ਆਪਣੀ ਲਗਨ ਅਤੇ ਯੋਗਤਾ ਦਾ ਪ੍ਰਦਰਸ਼ਨ ਕੀਤਾ ਅਤੇ ਬੱਚਿਆਂ ਵਿੱਚ ਅਜਿਹੇ ਪ੍ਰੋਗਰਾਮਾਂ ਵਿੱਚ ਸਾਮਲ ਹੋਣ ਦੀ ਦਿਲਚਸਪੀ ਦਾ ਸਬੂਤ ਦਿੱਤਾ। ਫਤਿਹਗੜ੍ਹ ਸਾਹਿਬ ਦੀਆਂ ਸੰਗਤਾਂ ਵੱਲੋ ਸ। ਚਰਨ ਸਿੰਘ ਸਿੰਧਰਾ ਦੇ ਸੁਪੱਤਰ ਅਤੇ ਸਹਾਇਕ ਡਾਇਰੈਕਟਰ ਨਵਜੋਤ ਸਿੰਘ ਸਿੰਧਰਾ ਨੂੰ ਬਾਲੂ ਪ੍ਰਧਾਨ ਨੇ ਟਰਾਫੀ ਦੇ ਕੇ ਸਨਮਾਨਿਤ ਕੀਤਾ। ਗੁਰਦਵਾਰਾ ਟਰਲੱਕ ਦੇ ਸੇਵਾਦਾਰ ਭਾਈ ਸਨਦੀਪ ਸਿੰਘ ਵੱਲੋ ਬਹੁਤ ਹੀ ਭਾਵਪੂਰਕ ਸਬਦਾਂ ਵਿੱਚ ਅਜਿਹੇ ਇਤੀਹਾਸਿਕ ਰੂਪਕ ਬੱਚਿਆਂ ਵੱਲੋ ਤਿਆਰ ਕਰਵਾ ਕੇ ਖਿਡਾਏ ਜਾਣ ਦੇ ਉਪਰਾਲੇ ਦੀ ਸਰਾਹਨਾ ਕੀਤੀ, ਸਭਾ ਨੂੰ ਇਸ ਦੀ ਸਫਲਤਾ ਤੇ ਵਧਾਈ ਦਿੱਤੀ ਅਤੇ ਭਵਿੱਖ ਵਿੱਚ ਇਸ ਤਰ੍ਹਾਂ ਦੇ ਹਰ ਕੰਮ ਵਿੱਚ ਹਰ ਕਿਸਮ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਪ੍ਰੋਗਰਾਮ ਦੇ ਅਖੀਰ ਵਿੱਚ ਗੁਰਦਵਾਰਾ ਸਾਹਿਬ ਟਰਲੱਕ ਦੀ ਪ੍ਰਬੰਧਕ ਕਮੇਟੀ ਦੇ ਮੈਂਬਰਾਂ ਵੱਲੋ ਬੱਚਿਆਂ ਨੂੰ ਟਰਾਫ਼ੀਆਂ ਦੇ ਕੇ ਉਨ੍ਹਾਂ ਦੀ ਹੌਸਲਾ ਅਫ਼ਜਾਈ ਕੀਤੀ ਗਈ। ਬਹੁਤ ਸਾਰੇ ਮਾਪਿਆਂ ਵੱਲੋ ਵੀ ਆਪਣੇ ਬੱਚਿਆਂ ਨੂੰ ਭਵਿੱਖ ਵਿੱਚ ਕਰਵਾਏ ਜਾਣ ਵਾਲੇ ਅਜਿਹੇ ਪ੍ਰੋਗਰਾਮਾਂ ਵਿੱਚ ਸਾਮਲ ਕਰਨ ਲਈ ਦਿਲਸਚਪੀ ਵਿਖਾਈ ਗਈ। ਕੁੱਲ ਮਿਲਾ ਕੇ ਇਹ ਪ੍ਰੋਗਰਾਮ ਦਰਸ਼ਕਾਂ ਦੇ ਮਨਾਂ ਵਿੱਚ ਆਪਣੀ ਅਮਿਟ ਯਾਦ ਛੱਡ ਗਿਆ ਜੋ ਉਹ ਹਮੇਸ਼ਾਂ ਯਾਦ ਰਖਣਗੇ।