ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਵਿਖੇ ਕਰਵਾਏ ਜਾ ਰਹੇ ਦੋ ਰੋਜ਼ਾ ਡਾ: ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਫੁੱਲਾਂ ਦੇ ਮੇਲੇ ਦਾ ਉਦਘਾਟਨ ਕਰਦਿਆਂ ਖੇਤੀਬਾੜੀ ਕਾਲਜ ਦੇ ਡੀਨ ਡਾ: ਦਵਿੰਦਰ ਸਿੰਘ ਚੀਮਾ ਨੇ ਕਿਹਾ ਹੈ ਕਿ ਪੰਜਾਬ ਨੂੰ ਫੁੱਲਾਂ ਨਾਲ ਮੁਹੱਬਤ ਸਿਖਾਉਣ ਵਾਲੇ ਕਲਾਪ੍ਰਸਤ ਅਤੇ ਇਸ ਯੂਨੀਵਰਸਿਟੀ ਦੇ ਸੰਸਥਾਪਕਾਂ ਚੋਂ ਪ੍ਰਮੁਖ ਡਾ: ਮਹਿੰਦਰ ਸਿੰਘ ਰੰਧਾਵਾ ਦੀ ਸਦੀਵੀ ਯਾਦ ਫੁੱਲਾਂ ਨੂੰ ਪਿਆਰ ਕਰਨ ਨਾਲ ਹੀ ਮਾਣੀ ਜਾ ਸਕਦੀ ਹੈ। ਉਨ੍ਹਾਂ ਆਖਿਆ ਕਿ ਫੁੱਲਾਂ ਨੁੰ ਪਿਆਰ ਕਰਨ ਵਾਲਾ ਵਿਅਕਤੀ ਕਦੇ ਹਿੰਸਕ ਨਹੀਂ ਹੋ ਸਕਦਾ ਕਿਉਂਕਿ ਉਸ ਨੂੰ ਫੁੱਲਾਂ ਦੇ ਰੰਗ,ਖੁਸ਼ਬੂ ਅਤੇ ਖੇੜਾ ਜ਼ਿੰਦਗੀ ਨੂੰ ਮੁਹੱਬਤ ਕਰਨਾ ਸਿਖਾਉਂਦਾ ਹੈ। ਡਾ: ਚੀਮਾ ਨੇ ਆਖਿਆ ਕਿ ਅੱਜ ਨਵੀਂ ਨਸਲ ਦੇ ਕਿਸਾਨ ਇਸ ਨੂੰ ਕਮਾਈ ਦੇ ਸਾਧਨ ਦੇ ਤੌਰ ਤੇ ਵੀ ਅਪਣਾਅ ਸਕਦੇ ਹਨ ਅਤੇ ਨਾਲ ਦੀ ਨਾਲ ਪੰਜਾਬ ਦੀ ਧਰਤੀ ਨੂੰ ਹਰਿਆਵਲ ਤੋਂ ਇਲਾਵਾ ਰੰਗਾਂ ਨਾਲ ਵੀ ਸ਼ਿੰਗਾਰ ਸਕਦੇ ਹਨ।
ਭਾਰਤੀ ਖੇਤੀ ਖੋਜ ਪ੍ਰੀਸ਼ਦ ਦੇ ਫੁੱਲਾਂ ਨਾਲ ਸਬੰਧਿਤ ਖੋਜ ਡਾਇਰੈਕਟੋਰੇਟ ਦੇ ਡਾਇਰੈਕਟਰ ਡਾ: ਰਮੇਸ਼ ਕੁਮਾਰ ਨੇ ਵਿਸ਼ੇਸ਼ ਮਹਿਮਾਨ ਵਜੋਂ ਹਾਜ਼ਰੀ ਭਰਦਿਆਂ ਕਿਹਾ ਕਿ ਇਸ ਵੇਲੇ ਵੱਖ ਵੱਖ ਖੇਤਰਾਂ ਵਿੱਚ ਫੁੱਲਾਂ ਨਾਲ ਸਬੰਧਿਤ 23 ਤਾਲਮੇਲ ਕੇਂਦਰ ਹਨ ਜਿਨ੍ਹਾਂ ਵਿਚੋਂ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਕੇਂਦਰ ਸਭ ਤੋਂ ਵੱਧ ਸਰਗਰਮ ਅਤੇ ਮਹੱਤਵਪੂਰਨ ਹੈ। ਉਨ੍ਹਾਂ ਆਖਿਆ ਕਿ ਨੌਜਵਾਨ ਪੀੜ੍ਹੀ ਦੀ ਫੁੱਲਾਂ ਦੀ ਕਦਰਦਾਨੀ ਸਿਖਾਉਣ ਲਈ ਇਹ ਮੇਲੇ ਬੜੇ ਜ਼ਰੂਰੀ ਹਨ। ਉਨ੍ਹਾਂ ਆਖਿਆ ਕਿ ਵਿਦਿਆਰਥੀਆਂ, ਨਰਸਰੀਆਂ ਅਤੇ ਸਰਕਾਰੀ ਸੰਸਥਾਵਾਂ ਤੋਂ ਇਲਾਵਾ ਵੱਖ ਵੱਖ ਜ਼ਿਲ੍ਹਿਆਂ ਦੇ ਬਾਗਬਾਨੀ ਅਧਿਕਾਰੀਆਂ ਵੱਲੋਂ ਫੁੱਲਾਂ ਦੇ ਇਸ ਮੇਲੇ ਵਿੱਚ ਦਿਲਚਸਪੀ ਲੈਣਾ ਰੌਸ਼ਨ ਭਵਿੱਖ ਦੀ ਗਵਾਹੀ ਹੈ।
ਫੁੱਲ ਅਤੇ ਲੈਂਡਸਕੇਪਿੰਗ ਵਿਭਾਗ, ਅਸਟੇਟ ਸੰਸਥਾ ਅਤੇ ਹੋਮ ਸਾਇੰਸ ਕਾਲਜ ਦੇ ਪਰਿਵਾਰਕ ਸਰੋਤ ਪ੍ਰਬੰਧ ਵਿਭਾਗ ਦੇ ਸਾਂਝੇ ਯਤਨਾਂ ਨਾਲ ਕਰਵਾਏ ਇਸ ਮੇਲੇ ਦੇ ਮੁੱਖ ਪ੍ਰਬੰਧਕ ਡਾ: ਕੁਸ਼ਲ ਸਿੰਘ ਨੇ ਦੱਸਿਆ ਕਿ ਇਸ ਮੇਲੇ ਵਿੱਚ ਸ਼ਹਿਰ ਦੇ ਸਕੂਲਾਂ ਕਾਲਜਾਂ ਦੇ ਵਿਦਿਆਰਥੀਆਂ ਵੱਲੋਂ ਵੰਨ ਸੁਵੰਨੇ ਡਿਜ਼ਾਈਨ ਕਰਨੇ ਅਤੇ ਫੁੱਲਾਂ ਨੂੰ ਸਜਾਉਣਾ ਇਸ ਗੱਲ ਦਾ ਪ੍ਰਮਾਣ ਹੈ ਕਿ ਨਵੀਂ ਪੀੜ੍ਹੀ ਫੁੱਲਾਂ ਦੇ ਮਹੱਤਵ ਨੂੰ ਸਮਝਦੀ ਹੈ।
ਡਾ: ਮਹਿੰਦਰ ਸਿੰਘ ਰੰਧਾਵਾ ਯਾਦਗਾਰੀ ਦੋ ਰੋਜ਼ਾ ਫੁੱਲਾਂ ਦਾ ਮੇਲਾ ਪੰਜਾਬ ਖੇਤੀ ਵਰਸਿਟੀ ਵਿੱਚ ਸ਼ੁਰੂ
This entry was posted in ਖੇਤੀਬਾੜੀ.