ਨਵੀਂ ਦਿੱਲੀ : ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸਕਤੱਰ ਜਨਰਲ ਸ. ਹਰਵਿੰਦਰ ਸਿੰਘ ਸਰਨਾ ਨੇ ਸ਼੍ਰੋਮਣੀ ਅਕਾਲੀ ਦਲ (ਬਾਦਲ) ਦਿੱਲੀ ਪ੍ਰਦੇਸ਼ ਦੇ ਮੁੱਖੀਆਂ ਵਲੋਂ ਸ. ਪਰਮਜੀਤ ਸਿੰਘ ਸਰਨਾ ਪੁਰ ਗੁਰਦੁਆਰਾ ਕਮੇਟੀ ਦੇ ਮਾਮਲਿਆਂ ਵਿੱਚ ਦਖਲ ਦੇਣ, ਗੁਰਦੁਆਰਾ ਕਮੇਟੀ ਦੀਆਂ ਸੰਸਥਾਵਾਂ ਪੁਰ ਕਬਜ਼ਾ ਕਰਨ, ਗੁਰਦੁਆਰਾ ਰਿਕਾਰਡ ਨੂੰ ਖੁਰਦ-ਬੁਰਦ ਕਰਨ ਅਤੇ ਉਨ੍ਹਾਂ ਦੇ ਗੁਰਦੁਆਰਾ ਕਮੇਟੀ ਦਾ ਪ੍ਰਬੰਧ ਸੰਭਾਲਣ ਵਿੱਚ ਰੁਕਾਵਟਾਂ ਪਾਣ ਦੇ ਲਾਏ ਜਾ ਰਹੇ ਦੋਸ਼ਾਂ ਨੂੰ ਹਾਸੋ-ਹੀਣਾ ਅਤੇ ਅਧਾਰਹੀਨ ਕਰਾਰ ਦਿੰਦਿਆਂ ਕਿਹਾ ਹੈ ਕਿ ਉਨ੍ਹਾਂ ਨੂੰ ਇਸ ਗਲ ਦੀ ਹੈਰਾਨੀ ਹੈ ਕਿ ਸਾਰੇ ਜਾਇਜ਼-ਨਾਜਾਇਜ਼ ਤਰੀਕੇ ਵਰਤ, ਗੁਰਦੁਆਰਾ ਕਮੇਟੀ ਵਿੱਚ ਇਤਨਾ ਭਾਰੀ ਬਹੁਮਤ ਹਾਸਲ ਕਰਕੇ ਵੀ ਬਾਦਲ ਅਕਾਲੀ ਦਲ ਦੇ ਮੁਖੀਆਂ ਨੂੰ ਆਪਣੇ ਪੁਰ ਇਹ ਵਿਸ਼ਵਾਸ ਨਹੀਂ ਹੋ ਪਾ ਰਿਹਾ ਕਿ ਉਹ ਗੁਰਦੁਆਰਾ ਕਮੇਟੀ ਦੀ ਇੱਕ-ਛਤਰ ਸੱਤਾ ਹਾਸਲ ਹੋਣ ਦੇ ਬਾਵਜੂਦ ਵੀ, ਉਸਦੇ ਪ੍ਰਬੰਧ ਦੀਆਂ ਜ਼ਿਮੇਂਦਾਰੀਆਂ ਸੰਭਾਲਣ ਅਤੇ ਉਸਦੀਆਂ ਜਾਇਦਾਦਾਂ ਨੂੰ ਸੁਰਖਿਅਤ ਰਖ ਸਕਣ ਵਿੱਚ ਸਫਲ ਹੋ ਸਕਣਗੇ। ਉਨ੍ਹਾਂ ਨੂੰ ਡਰ ਹੈ ਕਿ ਉਹ ਵਿਅਕਤੀ, ਜੋ ਗੁਰਦੁਆਰਾ ਕਮੇਟੀ ਦੀ ਸੱਤਾ ਤੋਂ ਬਾਹਰ ਅਤੇ ਵਿਦੇਸ਼ ਵਿੱਚ ਹੈ, ਗੁਰਦੁਆਰਾ ਕਮੇਟੀ ਦੀਆਂ ਜਾਇਦਾਦਾਂ ਅਤੇ ਰਿਕਾਰਡ ਨੂੰ ਖੁਰਦ-ਬੁਰਦ ਕਰ ਸਕਦਾ ਹੈ। ਸ. ਹਰਵਿੰਦਰ ਸਿੰਘ ਸਰਨਾ ਨੇ ਦਸਿਆ ਕਿ ਸ. ਪਰਮਜੀਤ ਸਿੰਘ ਸਰਨਾ ਤਾਂ ਚੋਣ ਨਤੀਜਿਆਂ ਤੋਂ ਤੁਰੰਤ ਬਾਅਦ ਹੀ ਕਾਰੋਬਾਰੀ ਦੌਰੇ ਤੇ ਵਿਦੇਸ਼ ਚਲੇ ਗਏ ਹਨ ਤਾਂ ਜੋ ਉਨ੍ਹਾਂ ਪੁਰ ਗੁਰਦੁਆਰਾ ਪ੍ਰਬੰਧ ਵਿੱਚ ਕਿਸੇ ਤਰ੍ਹਾਂ ਦਾ ਕੋਈ ਦਖਲ ਦੇਣ ਦਾ ਦੋਸ਼ ਨਾ ਲਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਜਾਪਦਾ ਹੈ ਕਿ ਬਾਦਲਕਿਆਂ ਨੂੰ ਇਹ ਅਹਿਸਾਸ ਹੋ ਗਿਆ ਹੈ ਕਿ ਸ. ਪਰਮਜੀਤ ਸਿੰਘ ਸਰਨਾ ਦੇ ਕਾਰਜ-ਕਾਲ ਦੌਰਾਨ ਗੁਰਦੁਆਰਾ ਪ੍ਰਬੰਧ ਵਿੱਚ ਕਿਸੇ ਤਰ੍ਹਾਂ ਦੀ ਕੋਈ ਗੜਬੜ ਨਹੀਂ ਹੋਈ, ਜਿਸ ਕਾਰਣ ਉਨ੍ਹਾਂ ਵਲੋਂ ਉਨ੍ਹਾਂ ਪੁਰ ਲਾਏ ਜਾਂਦੇ ਰਹੇ ਭ੍ਰਿਸ਼ਟਾਚਾਰ ਦੇ ਸਾਰੇ ਹੀ ਦੋਸ਼ ਨਿਰਾਧਾਰ ਸਨ। ਇਸੇ ਕਾਰਣ ਹੀ ਉਨ੍ਹਾਂ ਸ. ਸਰਨਾ ਪੁਰ ਗੁਰਦੁਆਰਾ ਕਮੇਟੀ ਦੇ ਰਿਕਾਰਡ ਨੂੰ ਖੁਰਦ-ਬੁਰਦ ਕਰਨ ਦੇ ਬੇ-ਸਿਰ-ਪੈਰ ਦੇ ਦੋਸ਼ ਲਾਣੇ ਸ਼ੁਰੂ ਕਰ ਦਿੱਤੇ ਹਨ। ਉਨ੍ਹਾਂ ਹੋਰ ਦਸਿਆ ਕਿ ਚੋਣ ਨਤੀਜਿਆਂ ਤੋਂ ਬਾਅਦ ਉਨ੍ਹਾਂ ਦੇ ਦਲ ਕੋਈ ਵੀ ਮੈਂਬਰ ਗੁਰਦੁਆਰਾ ਕਮੇਟੀ ਦੇ ਦਫਤਰ ਵਿੱਚ ਨਹੀਂ ਜਾ ਰਿਹਾ। ਕੇਵਲ ਸ. ਗੁਰਮੀਤ ਸਿੰਘ ਸ਼ੰਟੀ ਸਮੇਤ ਬਾਦਲ ਅਕਾਲੀ ਦਲ ਦੇ ਚੁਣੇ ਗਏ ਮੈਂਬਰ ਹੀ ਰੋਜ਼ ਕਮੇਟੀ ਅਤੇ ਉਸਦੀਆਂ ਸੰਸਥਾਵਾਂ ਦੇ ਦਫਤਰਾਂ ਵਿੱਚ ਜਾ ਅਤੇ ਸਟਾਫ ਨੂੰ ਧਮਕੀਆਂ ਦੇ ਰਹੇ ਹਨ। ਗੁਰਦੁਆਰਾ ਕਮੇਟੀ ਦਾ ਸਾਰਾ ਰਿਕਾਰਡ ਉਨ੍ਹਾਂ ਦੇ ਹੀ ਕਬਜ਼ੇ ਵਿੱਚ ਹੈ ਅਤੇ ਦਫਤਰੀ ਸਟਾਫ ਵੀ ਉਨ੍ਹਾਂ ਦੇ ਅਧੀਨ ਹੀ ਕੰਮ ਕਰ ਰਿਹਾ ਹੈ। ਸ. ਹਰਵਿੰਦਰ ਸਿੰਘ ਸਰਨਾ ਨੇ ਜ਼ੋਰ ਦੇ ਕੇ ਕਿਹਾ ਕਿ ਸ. ਪਰਮਜੀਤ ਸਿੰਘ ਸਰਨਾ ਸਮੇਤ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਕਿਸੇ ਮੁਖੀ ਜਾਂ ਮੈਂਬਰ ਵਲੋਂ ਗੁਰਦੁਆਰਾ ਪ੍ਰਬੰਧ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਦਖਲ ਨਹੀਂ ਦਿੱਤਾ ਜਾ ਰਿਹਾ ਅਤੇ ਨਾ ਹੀ ਉਹ ਕੋਈ ਦਖਲ ਦੇਣ ਦੇ ਹਕ ਵਿੱਚ ਹਨ। ਉਹ ਚਾਹੁੰਦੇ ਹਨ ਕਿ ਜਿਨ੍ਹਾਂ ਨੂੰ ਗੁਰਦੁਆਰਾ ਕਮੇਟੀ ਦੀ ਸੱਤਾ ਮਿਲੀ ਹੈ, ਉਹੀ ਇਸਦੀ ਜ਼ਿਮੇਂਦਾਰੀ ਸੰਭਾਲਣ ਅਤੇ ਸਿੱਖਾਂ ਨਾਲ ਕੀਤੇ ਆਪਣੇ ਵਾਇਦਿਆਂ ਨੂੰ ਪੂਰਿਆਂ ਕਰਨ।