ਲੁਧਿਆਣਾ :- ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਸਾਬਕਾ ਨਿਰਦੇਸ਼ਕ ਪਸਾਰ ਸਿੱਖਿਆ ਡਾ: ਸੁਰਜੀਤ ਸਿੰਘ ਗਿੱਲ ਨੇ ਅੱਜ ਇਥੇ ਆਸਟਰੇਲੀਅਨ ਵੀਜ਼ਾ ਅਤੇ ਮਾਈਗਰੇਸ਼ਨ ਸਲਾਹਕਾਰ ਸੇਵਾਵਾਂ ਦੇ ਉਦਘਾਟਨੀ ਸਮਾਰੋਹ ਦੀ ਪ੍ਰਧਾਨਗੀ ਕਰਦਿਆਂ ਕਿਹਾ ਹੈ ਕਿ ਵਿਦੇਸ਼ਾਂ ਵਿੱਚ ਉਚੇਰੀ ਪੜ੍ਹਾਈ ਲਈ ਜਾਣ ਵਾਲੇ ਵਿਦਿਆਰਥੀਆਂ ਨੂੰ ਧੋਖੇਬਾਜ਼ ਏਜੰਟ ਜਿਹੜੇ ਸਬਜ਼ਬਾਗ ਵਿਖਾਉਂਦੇ ਹਨ ਉਨ੍ਹਾਂ ਤੋਂ ਸਾਵਧਾਨ ਰਹਿਣ ਦੀ ਲੋੜ ਹੈ ਅਤੇ ਸਹੀ ਸਲਾਹਕਾਰੀ ਸੇਵਾਵਾਂ ਦੇਣ ਵਾਲੇ ਰਜਿਸਟਰਡ ਅਦਾਰਿਆਂ ਰਾਹੀਂ ਹੀ ਉਥੋਂ ਦੀਆਂ ਸਹੀ ਵਿਦਿਅਕ ਸੰਸਥਾਵਾਂ ਵਿੱਚ ਪੜ੍ਹਾਈ ਵਾਸਤੇ ਜਾਣ ਦੀ ਲੋੜ ਹੈ। ਉਨ੍ਹਾਂ ਆਖਿਆ ਕਿ ਅੱਜ ਵਿਦੇਸ਼ਾਂ ਵਿੱਚ ਜਾ ਕੇ ਪੜ੍ਹਨ ਅਤੇ ਰਹਿਣ ਦਾ ਰੁਝਾਨ ਵਧਣ ਦਾ ਕਾਰਨ ਦੇਸ਼ ਅੰਦਰ ਰੁਜ਼ਗਾਰ ਦੇ ਮੌਕਿਆਂ ਦਾ ਸੁੰਗੜਨਾ ਹੈ ਪਰ ਅੰਤਰ ਰਾਸ਼ਟਰੀ ਮੰਦੇ ਨੂੰ ਧਿਆਨ ਵਿੱਚ ਰੱਖਦੇ ਹੋਏ ਉਥੋਂ ਦੀ ਅਰਥ ਵਿਵਸਥਾ ਅਤੇ ਰੁਜ਼ਗਾਰ ਮੌਕਿਆਂ ਬਾਰੇ ਵੀ ਤੁਰਨ ਤੋਂ ਪਹਿਲਾਂ ਹੀ ਜਾਣਕਾਰੀ ਹਾਸਿਲ ਕਰਨੀ ਚਾਹੀਦੀ ਹੈ। ਉਨ੍ਹਾਂ ਆਖਿਆ ਕਿ ਇਸ ਆਸਟਰੇਲੀਅਨ ਵੀਜ਼ਾ ਅਤੇ ਮਾਈਗਰੇਸ਼ਨ ਸੰਬੰਧੀ ਸਲਾਹਕਾਰੀ ਸੇਵਾਵਾਂ ਦੇਣ ਵਾਲੀ ਸੰਸਥਾ ਦੇ ਮੁਖੀ ਸ: ਰਾਜਵਿੰਦਰ ਸਿੰਘ ਕਿੱਟੂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਵਿੱਚ ਮੇਰੇ ਵਿਦਿਆਰਥੀ ਵੀ ਰਹੇ ਹਨ ਅਤੇ ਇਥੇ ਹੀ 11 ਸਾਲ ਅਧਿਆਪਕ ਵੀ ਰਹੇ ਹਨ, ਇਸ ਲਈ ਇਨ੍ਹਾਂ ਨੂੰ ਪੰਜਾਬ ਦੇ ਨੌਜਵਾਨਾਂ ਨੂੰ ਸਹੀ ਅਗਵਾਈ ਦੇਣ ਦੀ ਸੂਝ ਵੀ ਹੈ ਅਤੇ ਇਮਾਨਦਾਰ ਪਹੁੰਚ ਵੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਪਸਾਰ ਸਿੱਖਿਆ ਵਿਭਾਗ ਵਿੱਚ ਪ੍ਰੋਫੈਸਰ ਅਤੇ ਪੰਜਾਬੀ ਫਿਲਮਾਂ ਦੇ ਕਾਮੇਡੀਅਨ ਕਲਾਕਾਰ ਡਾ: ਜਸਵਿੰਦਰ ਭੱਲਾ ਨੇ ਇਸ ਕੇਂਦਰ ਦਾ ਉਦਘਾਟਨ ਕਰਦਿਆਂ ਕਿਹਾ ਕਿ ਵਿਦੇਸ਼ਾਂ ਵਿੱਚ ਜਾਣ ਤੋਂ ਪਹਿਲਾਂ ਸਹੀ ਜਾਣਕਾਰੀ ਅੱਧੀ ਕਾਮਯਾਬੀ ਹੁੰਦੀ ਹੈ ਅਤੇ ਇਸ ਕੰਪਨੀ ਨੂੰ ਚਲਾਉਣ ਵਾਲੇ ਸ: ਰਾਜਵਿੰਦਰ ਸਿੰਘ ਕਿੱਟੂ ਅਤੇ ਸ਼੍ਰੀ ਸੰਜੇ ਦੇਸਵਾਲ ਯਕੀਨਨ ਪੰਜਾਬੀ ਨੌਜਵਾਨਾਂ ਨੂੰ ਸਹੀ ਅਗਵਾਈ ਦੇਣਗੇ। ਇਹ ਕੰਪਨੀ ਆਸਟਰੇਲੀਆ, ਨਿਊਜੀਲੈਂਡ ਅਤੇ ਕੈਨੇਡਾ ਵਿੱਚ ਪਹਿਲਾਂ ਹੀ ਆਪਣੇ ਦਫ਼ਤਰ ਸਥਾਪਿਤ ਕਰ ਚੁੱਕੀ ਹੈ ਅਤੇ ਪੰਜਾਬ ਵਿੱਚ ਲੁਧਿਆਣਾ ਵਿਖੇ ਉਸ ਦਾ ਪਹਿਲਾ ਦਫ਼ਤਰ ਖੋਲਿਆ ਗਿਆ ਹੈ ਜਿਸ ਦੀ ਦੇਖ ਰੇਖ ਅਮਰੀਕਾ ਤੋਂ ਐਮ ਬੀ ਏ ਦੀ ਡਿਗਰੀ ਹਾਸਿਲ ਕਰਕੇ ਪਰਤੇ ਨੌਜਵਾਨ ਸ: ਅਮਿਤੇਜ ਸਿੰਘ ਅਤੇ ਡਾ: ਹਰਮਨਦੀਪ ਸਿੰਘ ਬੇਦੀ ਕਰਨਗੇ। ਪੱਖੋਵਾਲ ਰੋਡ ਸਥਿਤ ਨਿਗੋ ਕੰਪਲੈਕਸ ਵਿੱਚ ਇਹ ਦਫ਼ਤਰ ਅੱਜ ਤੋਂ ਹੀ ਕਾਰਜਸ਼ੀਲ ਹੋ ਗਿਆ ਹੈ।
ਆਸਟਰੇਲੀਅਨ ਵੀਜ਼ਾ ਅਤੇ ਮਾਈਗਰੇਸ਼ਨ ਸਲਾਹਕਾਰ ਸੇਵਾਵਾਂ ਦੇ ਆਸਟਰੇਲੀਆ ਤੋਂ ਆਏ ਡਾਇਰੈਕਟਰ ਮਾਰਕੀਟਿੰਗ ਸ: ਰਾਜਵਿੰਦਰ ਸਿੰਘ ਕਿੱਟੂ ਅਤੇ ਸ਼੍ਰੀ ਸੰਜੇ ਦੇਸਵਾਲ ਨੇ ਇਸ ਮੌਕੇ ਅਖਬਾਰਂ ਪ੍ਰਤੀਨਿਧਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਆਸਟਰੇਲੀਆ ਵਿੱਚ ਬੇਰੁਜ਼ਗਾਰੀ ਦਰ 4 ਫੀ ਸਦੀ ਤੋਂ ਘੱਟ ਹੈ ਜਦ ਕਿ ਭਾਰਤ ਵਿੱਚ ਇਹ 25 ਫੀ ਸਦੀ ਦੇ ਨੇੜੇ ਹੈ। ਉਨ੍ਹਾਂ ਆਖਿਆ ਕਿ ਬਹੁਤ ਸਾਰੀਆਂ ਸਲਾਹਕਾਰੀ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਭਾਵੇਂ ਵਿਦਿਆਰਥੀਆਂ ਨੂੰ ਗਲਤ ਸੂਚਨਾ ਦੇ ਕੇ ਉਥੇ ਦਾਖਲੇ ਕਰਵਾ ਰਹੀਆਂ ਹਨ ਪਰ ਸਾਡਾ ਅਜਿਹਾ ਕੋਈ ਮਨਸ਼ਾ ਨਹੀਂ ਕਿਉਂਕਿ ਅਸੀਂ ਕੰਪਨੀ ਹੀ ਇਸ ਲੋੜ ਵਿਚੋਂ ਖੋਲੀ ਹੈ। ਹੋਰਨਾਂ ਤੋਂ ਇਲਾਵਾ ਇਸ ਮੌਕੇ ਡਾ: ਰਮਨਦੀਪ ਸਿੰਘ ਜੱਸਲ, ਡਾ: ਜਗਤਾਰ ਸਿੰਘ ਧੀਮਾਨ, ਗੁਰਭਜਨ ਗਿੱਲ, ਡਾ: ਨਿਰਮਲ ਜੌੜਾ, ਸ: ਤੇਜ ਪ੍ਰਤਾਪ ਸਿੰਘ ਸੰਧੂ, ਡਾ: ਜਸਪਾਲ ਸਿੰਘ ਸੋਢੀ, ਡਾ:ਜਗਜੀਤ ਸਿੰਘ ਸਰਾਭਾ, ਡਾ: ਏ ਪੀ ਸਿੰਘ ਅਤੇ ਸ਼ਹਿਰ ਦੇ ਕਈ ਸਿਰਕੱਢ ਵਿਅਕਤੀ ਹਾਜ਼ਰ ਸਨ।