ਬਰਨਾਲਾ,(ਜੀਵਨ ਰਾਮਗੜ੍ਹ)- ‘ਆਈ ਬਸੰਤ ਪਾਲਾ ਉਡੰਤ’ ਦੀ ਕਹਾਵਤ ਨੂੰ ਐਤਕੀ ਨਜ਼ਰ ਲੱਗ ਗਈ ਜਾਪ ਰਹੀ ਹੈ। ਬਸੰਤ ਪੰਚਮੀਂ ਦੇ ਤਿਉਹਾਰ ਉਪਰੰਤ ਪਾਲ਼ੇ ਨੇ ਪਾਸਾ ਨਹੀਂ ਵੱਟਿਆ। ਜਿਸ ਕਾਰਨ ਬਹੁਗਿਣਤੀ ਅਵੇਸਲੇ ਹੋ ਰਹੇ ਲੋਕਾਂ ਨੂੰ ਠੰਡ ਨੇ ਆਪਣੀ ਲਪੇਟ ’ਚ ਲੈ ਲਿਆ ਹੈ। ਇਤਿਹਾਸ ’ਚ ਪਹਿਲੀ ਵਾਰ ਠੰਡ ਦੇ ਮੌਸ਼ਮ ’ਚ ਪੈ ਰਹੇ ਮੀਂਹ ਤੋਂ ਕਿਸਾਨੀ ਤਬਕਾ ਫਿਕਰਾਂ ’ਚ ਪਿਆ ਹੈ। ਬੀਤੇ ਦੋ ਦਿਨਾਂ ਤੋਂ ਪੈ ਰਹੀ ਮੋਹਲੇਧਾਰ ਬਾਰਸ਼ ਅਤੇ ਚੱਲ ਰਹੀਆਂ ਚੱਲ ਰਹੀਆਂ ਠੰਡੀਆਂ ਹਵਾਵਾਂ ਨੇ ਬਾਰਸ਼ ਕਾਰਨ ਕਿਸਾਨਾਂ ਦੇ ਸਾਹ ਸੂਤੇ ਗਏ। ਜਿਥੇ ਠੰਡ ਦਾ ਮੀਂਹ ਕਣਕ ਦੀ ਫਸਲ ਨੂੰ ਫਾਇਦਾ ਪਹੁੰਚਾਉਦਾ ਸੀ, ਉਥੇ ਹੁਣ ਇਹੀ ਮੀਂਹ ਕਣਕ ਦੀ ਫਸ਼ਲ ਲਈ ਸਰਾਪ ਬਣਦਾ ਨਜ਼ਰ ਆ ਰਿਹਾ ਹੈ। ਲਗਾਤਾਰ ਮੀਂਹ ਪੈਣ ਕਾਰਣ ਕਣਕ ਦੀ ਫਸਲ ਵਿੱਚ ਪਾਣੀ ਖੜਨ ਕਰਕੇ ਕਣਕ ਪੀਲੀ ਪੈਂਦੀ ਨਜ਼ਰ ਆ ਰਹੀ। ਪਹਿਲਾਂ ਪਹਿਲਾਂ ਠੰਡ ਦੇ ਸੀਜ਼ਨ ਦੇ ¦ਬੇ ਹੋਣ ਕਾਰਨ ਕਿਸਾਨਾਂ ਨੂੰ ਭਰਪੂਰ ਫਸਲ ਹੋਣ ਦੀ ਆਸ ਸੀ ਪ੍ਰੰਤੂ ਹੁਣ ਮੋਹਲੇਧਾਰ ਮੀਂਹ ਨੇ ਭਵਿੱਖ ’ਚ ਕਣਕ ਦੇ ਉਤਪਾਦਨ ਨੂੰ ਘਾਟੇ ਦੇ ਪਿੜ ’ਚ ਧੱਕ ਦਿੱਤਾ ਹੈ ਕਿਉਂਕਿ ਕਣਕ ਦੀ ਫ਼ਸਲ ’ਚ ਖੜੇ ਮੀਂਹ ਦੇ ਪਾਣੀ ਨੇ ਕਿਸਾਨਾਂ ਨੂੰ ਸੁੱਕ ਜਾਣ ਦੇ ਡਰ ਨੇ ਸਤਾ ਰੱਖਿਆ ਹੈ। ਜਿੱਥੇ ਕਿਸਾਨ ਆਪਣੀਆਂ-ਆਪਣੀਆਂ ਫਸਲਾਂ ਵਿੱਚ ਮੀਂਹ ਦਾ ਪਾਣੀ ਕੱਢਣ ਦੇ ਉਪਰਾਲੇ ਕਰ ਰਹੇ ਹਨ, ਉਥੇ ਕਿਸਾਨ ਪ੍ਰਮਾਤਮਾ ਅੱਗੇ ਹੋਰ ਮੀਂਹ ਤੋਂ ਪ੍ਰਹੇਜ਼ ਕਰਨ ਦੀਆਂ ਅਰਦਾਸਾਂ ਵੀ ਕਰ ਰਹੇ ਹਨ। ਕਿਸਾਨ ਆਗੂ ਮਨਜੀਤ ਸਿੰਘ ਧਨੇਰ ਨੇ ਕਿਹਾ ਕਿ ਇਸ ਮੀਂਹ ਕਾਰਣ ਜਿਥੇ ਕਣਕ ਦੀ ਫਸਲ ਦਾ ਨੁਕਸਾਨ ਹੋਇਆ ਹੈ, ਉਥੇ ਆਲੂਆਂ ਦੀ ਫਸਲ ਨੂੰ ਉਸ ਤੋਂ ਵੀ ਜਿਆਦਾ ਨੁਕਸਾਨ ਹੋਇਆ ਹੈ, ਕਿਉਂਕਿ ਆਲੂਆਂ ਦੀ ਪੁਟਾਈ ਜਾਰੀ ਸੀ ਪਰ ਇਸ ਹਫਤੇ ਵਿੱਚ ਤਿੰਨ ਵਾਰ ਮੀਂਹ ਪੈ ਜਾਣ ਕਾਰਣ ਜਿਥੇ ਆਲੂ ਦੀ ਫਸਲ ਪੁੱਟੀ ਨਹੀਂ ਜਾ ਸਕੀ। ਉਥੇ ਆਲੂਆਂ ਦੀ ਫਸਲ ਵੀ ਖਰਾਬ ਹੋ ਰਹੀ ਹੈ, ਜਿਸ ਕਾਰਣ ਕਿਸਾਨਾਂ ਨੂੰ ਨੁਕਸਾਨ ਹੋ ਰਿਹਾ ਹੈ, ਉਹਨਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਨੁਕਸਾਨੀ ਫਸਲਾਂ ਦੇ ਸਪੈਸ਼ਲ ਗਿਰਦਾਵਰੀ ਕਰਵਾ ਕੇ ਕਿਸਾਨਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ। ਦੂਜੇ ਪਾਸੇ ਵਪਾਰੀ ਆਗੂ ਰਵਿੰਦਰ ਕੁਮਾਰ ਨੇ ਦੱਸਿਆ ਕਿ ਦੋ ਦਿਨਾਂ ਤੋਂ ਪੈ ਰਹੇ ਮੀਂਹ ਕਾਰਨ ਦੁਕਾਨਦਾਰੀ ਨੂੰ ਠੱਪ ਕਰਕੇ ਰੱਖ ਦਿੱਤਾ ਹੈ ਗਾਹਕ ਦੀ ਆਮਦ ਨੂੰ ਮੀਂਹ ਅਤੇ ਠੰਡੀਆਂ ਹਵਾਵਾਂ ਨੇ ਬਰੇਕ ਲਗਾ ਦਿੱਤੀ ਹੈ।
ਬਸੰਤ ਦੇ ਤਿਉਹਾਰ ਦੇ ਮੱਦੇਨਜ਼ਰ ਬਹੁਗਿਣਤੀ ਲੋਕ ਠੰਡ ਨੂੰ ਲੈ ਕੇ ਅਵੇਸਲੇ ਹੋ ਗਏ ਸਨ। ਜਿਸ ਕਾਰਨ ਕਈ ਲੋਕ ਠੰਡ ਦੀ ਲਪੇਟ ’ਚ ਆ ਗਏ। ਖੰਘ ਅਤੇ ਜੁਕਾਮ ਤੋਂ ਇਲਾਵਾ ਸਿਰ ਦਰਦ ਨੇ ਵੀ ਬਹੁਗਿਣਤੀ ਲੋਕਾਂ ਨੂੰ ਆਪਣੀ ਲਪੇਟ ’ਚ ਲੈ ਲਿਆ ਹੈ। ਬੱਚਿਆਂ ਦੇ ਮਾਹਰ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਠੰਡ ਨੇ ਬੱਚਿਆਂ ਨੂੰ ਵਧੇਰੇ ਜਕੜ ਰੱਖਿਆ ਹੈ। ਉਨ੍ਹਾਂ ਦੱਸਿਆ ਕਿ ਬੱਚਿਆਂ ਨੂੰ ਖੰਘ, ਜੁਕਾਮ ਅਤੇ ਗਲ਼ੇ ਦੀ ਬਿਮਾਰੀ ਨੇ ਘੇਰ ਰੱਖਿਆ ਹੈ। ਉਨ੍ਹਾਂ ਮਾਪਿਆਂ ਨੂੰ ਸਲਾਹ ਦਿੰਦਿਆਂ ਕਿਹਾ ਕਿ ਬੱਚਿਆਂ ਨੂੰ ਗਰਮ ਕੱਪੜਿਆਂ ’ਚ ਲਪੇਟ ਕੇ ਰੱਖਣ ਅਤੇ ਖਾਸਕਰ ਖਾਣ ਪੀਣ ਦੀਆਂ ਵਸਤੂਆਂ ਵੱਲ ਵਿਸ਼ੇਸ਼ ਧਿਆਨ ਦੇਣ।
ਸਮਾਜ ਸੇਵੀ ਆਗੂ ਹਰਿੰਦਰ ਸ਼ਰਮਾ ਨੇ ਕਿਹਾ ਕਿ ਮਨੁੱਖ ਵੱਲੋਂ ਕੁਦਰਤ ਨਾਲ ਕੀਤੀ ਜਾ ਰਹੀ ਛੇੜਛਾੜ ਕਾਰਨ ਮੌਸ਼ਮ ’ਚ ਬਦਲਾਅ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਅੱਜ ਕੱਲ੍ਹ ਤਿਉਹਾਰਾਂ ਦੇ ਅਨੁਸਾਰ ਮੌਸ਼ਮ ਅੱਗੇ ਪਿੱਛੇ ਹੋ ਰਹੇ ਹਨ। ਜਿਸ ਦਾ ਕਾਰਨ ਹਵਾ ’ਚ ਪ੍ਰਦੂਸ਼ਣ, ਪਾਣੀਆਂ ਦਾ ਪਲੀਤ ਹੋਣਾਂ, ਦਰੱਖ਼ਤਾਂ ਦੀ ਧੜਾਧੜ ਹੋ ਰਹੀ ਕਟਾਈ ਆਦਿ ਹੈ। ਉਨ੍ਹਾਂ ਕਿਹਾ ਕਿ ਮੌਸ਼ਮ ’ਚ ਹਰ ਸਾਲ ਆ ਰਹੇ ਬਦਲਾਅ ਮਨੁੱਖ ਸਿਹਤ ਲਈ ਖਾਤਕ ਹੀ ਸਾਬਤ ਹੋਣਗੇ।