ਅੰਮ੍ਰਿਤਸਰ – ਸਿੱਖਾਂ ਦੀ ਧਾਰਮਿਕ ਸੰਸਥਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਦੀ ਯੋਗ ਅਗਵਾਈ ‘ਚ ਹੁਣ ਤੱਕ ਬਹੁਤ ਸਾਰੇ ਲੋੜਵੰਦ ਲੋਕਾਂ ਦੀ ਮਦਦ ਕੀਤੀ ਗਈ ਤੇ ਲਗਾਤਾਰ ਜਾਰੀ ਹੈ। ਖੇਤਰ ਕੋਈ ਵੀ ਹੋਵੇ ਕਿਸੇ ਗਰੀਬ ਪਰਿਵਾਰ ਦੇ ਬੱਚੇ ਦੀ ਸ਼ਾਦੀ, ਲੋੜਵੰਦ ਲਈ ਦਵਾਈ, ਪੜ੍ਹਨ ਵਾਲੇ ਬੱਚਿਆਂ ਦੀ ਫੀਸ ਜਾਂ ਫਿਰ ਨਾਮੁਰਾਦ ਰੋਗ ਕੈਂਸਰ ਦਾ ਮਰੀਜ਼ ਹੋਵੇ ਹਰੇਕ ਤਰ੍ਹਾਂ ਦੇ ਪਰਿਵਾਰ ਦੀ ਦਿਲ ਖ੍ਹੋਲ ਕੇ ਮਦਦ ਕੀਤੀ ਜਾਂਦੀ ਹੈ। ਇਸ ਲੜ੍ਹੀ ਨੂੰ ਨਿਰੰਤਰ ਜਾਰੀ ਰੱਖਦੇ ਹੋਏ ਜਥੇਦਾਰ ਅਵਤਾਰ ਸਿੰਘ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਦੀ ਧਰਤੀ ਤੋਂ ਆਪਣੇ ਸਪੁੱਤਰ ਕਾਕਾ ਸਰਬਜੋਤ ਸਿੰਘ ਦੇ ਚੂਲੇ ਦੇ ਬੇਹਤਰ ਇਲਾਜ ਲਈ ਸ੍ਰੀ ਅੰਮ੍ਰਿਤਸਰ ਪੁੱਜੇ ਲਾਲ ਚੰਦ ਖੱਤਰੀ ਉਸ ਦੀ ਪਤਨੀ ਬੀਬੀ ਕਰੁਣਾ ਦੇਵੀ ਤੇ ਦੋ ਹੋਰ ਬੱਚਿਆਂ ਨੂੰ ਗੁਰੂ ਹਰਗੋਬਿੰਦ ਨਿਵਾਸ ਵਿਖੇ ਫਰੀ ਰਿਹਾਇਸ਼ ਦੇਣ ਦੇ ਨਾਲ-ਨਾਲ ਵੀਹ (20000/-) ਹਜਾਰ ਰੁਪਏ ਦੀ ਨਗਦ ਰੂਪ ‘ਚ ਸਹਾਇਤਾ ਦੇਣ ਦੀ ਆਗਿਆ ਕੀਤੀ। ਸ.ਰੂਪ ਸਿੰਘ ਸਕੱਤਰ ਤੇ ਸ.ਮਨਜੀਤ ਸਿੰਘ ਨਿੱਜੀ ਸਕੱਤਰ ਪ੍ਰਧਾਨ ਸਾਹਿਬ ਨੇ ਗੁਰੂ ਹਰਗੋਬਿੰਦ ਨਿਵਾਸ ਵਿਖੇ ਕਾਕਾ ਸਰਬਜੋਤ ਸਿੰਘ ਨੂੰ ਪਰਿਵਾਰ ਦੀ ਹਾਜਰੀ ‘ਚ ਨਗਦ ਸਹਾਇਤਾ ਅਦਾ ਕੀਤੀ।
ਇਸ ਮਦਦ ਸਬੰਧੀ ਕਾਕਾ ਸਰਬਜੋਤ ਸਿੰਘ ਦੇ ਪਿਤਾ ਸ੍ਰੀ ਲਾਲ ਚੰਦ ਤੇ ਮਾਤਾ ਕਰੁਣਾ ਦੇਵੀ ਨੇ ਭਾਵੁਕ ਹੁੰਦਿਆਂ ਬਾਰ-ਬਾਰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਸ਼੍ਰੋਮਣੀ ਕਮੇਟੀ ਤੇ ਸ੍ਰੀ ਅੰਮ੍ਰਿਤਸਰ ਵਾਸੀਆਂ ਵੱਲੋਂ ਉਹਨਾਂ ਦੇ ਪੁੱਤਰ ਦੇ ਇਲਾਜ ਲਈ ਜੋ ਮਦਦ ਤੇ ਪਿਆਰ ਸਤਿਕਾਰ ਮਿਲਿਆ ਹੈ ਉਹ ਹਮੇਸ਼ਾਂ ਇਹਨਾਂ ਪਲਾਂ ਨੂੰ ਆਪਣੇ ਦਿਲ ‘ਚ ਰੱਖਣਗੇ ਤੇ ਆਪਣੇ ਵਤਨ ਪਾਕਿਸਤਾਨ ਜਾ ਕੇ ਆਪਣੇ ਭਾਈਚਾਰੇ ਦੇ ਲੋਕਾਂ ਨੂੰ ਦੱਸਣਗੇ ਕਿ ਸਿੱਖਾਂ ਦੀ ਇੱਕੋ-ਇੱਕ ਸੰਸਥਾ ਸ਼੍ਰੋਮਣੀ ਕਮੇਟੀ ਹੀ ਹੈ ਜੋ ਬਿਨ੍ਹਾਂ ਕਿਸੇ ਜਾਤ-ਪਾਤ, ਭੇਦ-ਭਾਵ ਦੇ ਦਿਲ ਖ੍ਹੋਲ ਕੇ ਮਦਦ ਕਰਦੀ ਹੈ ਤੇ ਦੋ ਦੇਸ਼ਾਂ ਵਿਚਕਾਰ ਖਿੱਚੀ ਗਈ ਲਕੀਰ ਦਾ ਮਦਦ ਕਰਨ ਵਾਲਿਆਂ ਤੇ ਕੋਈ ਅਸਰ ਨਹੀਂ। ਲਾਲ ਚੰਦ ਖੱਤਰੀ ਨੇ ਗੱਲਬਾਤ ਕਰਦਿਆਂ ਕਿਹਾ ਕਿ ਮੇਰੀ ਮਾਂ ਨੇ ਮੇਰੇ ਲਈ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਹੁੰਚ ਕੇ ਔਲਾਦ ਦੀ ਮੰਨਤ ਮੰਗੀ ਸੀ ਤੇ ਕਿਹਾ ਸੀ ਕਿ ਇਸਦੇ ਘਰ ਹੋਈ ਔਲਾਦ ਨੂੰ ਸਿੱਖ ਬਣਾਇਆ ਜਾਵੇਗਾ। ਉਨ੍ਹਾਂ ਕਿਹਾ ਕਿ ਗੁਰੂ ਸਾਹਿਬ ਨੇ ਸਾਡੀ ਫਰਿਆਦ ਸੁਣੀ ਤੇ ਮੈਂ ਆਪਣੇ ਦੋਵੇਂ ਬੇਟੇ ਕਾਕਾ ਸਰਬਜੋਤ ਸਿੰਘ, ਕਾਕਾ ਮਾਨਵਜੋਤ ਸਿੰਘ ਤੇ ਬੇਟੀ ਵਨਦੀਪਜੋਤ ਕੌਰ ਨੂੰ ਸਿੱਖ ਬਣਾਇਆ ਹੈ।
ਉਨ੍ਹਾਂ ਕਿਹਾ ਕਿ ਮੈਂ ਤੇ ਮੇਰਾ ਸਾਰਾ ਪਰਿਵਾਰ ਗੁਰੂ-ਘਰ ਦੇ ਪੱਕੇ ਸ਼ਰਧਾਲੂ ਹਾਂ ਅਤੇ ਮੇਰੇ ਬੱਚੇ ਸਿੱਖ ਬਣਕੇ ਖੁਸ਼ੀ ਮਹਿਸੂਸ ਕਰਦੇ ਹਨ। ਉਨ੍ਹਾਂ ਕਿਹਾ ਕਿ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਨਾਲ ਤੇ ਵਾਹਿਗੁਰੂ ਦੀ ਕ੍ਰਿਪਾ ਸਦਕਾ ਬੱਚੇ ਦੀ ਤੰਦਰੁਸਤੀ ਹੋਣ ਕਰਕੇ ਮਨ ਨੂੰ ਸੰਤੁਸ਼ਟੀ ਮਿਲੀ ਹੈ।
ਇਸ ਮੌਕੇ ਸ.ਕੁਲਦੀਪ ਸਿੰਘ ਬਾਵਾ ਐਡੀਸ਼ਨਲ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ ਵਿਭਾਗ, ਸ.ਪਰਮਿੰਦਰ ਸਿੰਘ ਇੰਚਾਰਜ ਯਾਤਰਾ, ਸ.ਹਰਪਾਲ ਸਿੰਘ ਐਡੀ:ਚੀਫ ਗੁਰਦੁਆਰਾ ਇੰਸਪੈਕਟਰ ਆਦਿ ਮੌਜੂਦ ਸਨ।