ਅੰਮ੍ਰਿਤਸਰ -: ਭਗਤ ਰਵਿਦਾਸ ਜੀ ਨੇ ਉਸ ਸਮੇਂ ਪ੍ਰਚਲਿਤ ਸਮਾਜਿਕ ਬੁਰਾਈਆਂ ਵਿਰੁੱਧ ਆਵਾਜ਼ ਬੁਲੰਦ ਕੀਤੀ ਅਤੇ ਪ੍ਰਾਣੀ ਮਾਤਰ ਨੂੰ ਊਚ ਨੀਚ, ਜ਼ਾਤ-ਪਾਤ ਦੇ ਫੋਕੇ ਕਰਮਕਾਂਡੀ ਅਡੰਬਰਾਂ ਦੇ ਬੰਧਨ ਤੋੜਕੇ ਮਨੁੱਖੀ ਬਰਾਬਰੀ ਵਾਲੇ ਸਮਾਜ ਦੀ ਸਿਰਜਨਾ ਦਾ ਹੋਕਾ ਬੁਲੰਦ ਕੀਤਾ। ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਨੇ ਅੱਜ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਭਗਤ ਰਵਿਦਾਸ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਆਯੋਜਿਤ ਸਮਾਗਮ ਵਿੱਚ ਸੰਗਤਾਂ ਨੂੰ ਸੰਬੋਧਨ ਕਰਦਿਆਂ ਕੀਤਾ।
ਉਨ੍ਹਾਂ ਕਿਹਾ ਕਿ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਆਦੇਸ਼ਾਂ ਅਨੁਸਾਰ ਸ਼੍ਰੋਮਣੀ ਕਮੇਟੀ ਵੱਲੋਂ ਗੁਰੂ ਸਾਹਿਬਾਨ ਦੇ ਪ੍ਰਕਾਸ਼ ਗੁਰਪੁਰਬ ਤੇ ਸ਼ਹੀਦੀ ਦਿਹਾੜਿਆਂ ਤੋਂ ਇਲਾਵਾ ਪੰਦਰਾਂ ਭਗਤ ਸਾਹਿਬਾਨ ਜਿੰਨ੍ਹਾਂ ਦੀ ਬਾਣੀ ਧੰਨ-ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ਼ ਹੈ ਦੇ ਦਿਹਾੜੇ ਸਥਾਨਕ ਗੁਰਦੁਆਰਾ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ਼ਰਧਾ ਭਾਵਨਾ ਨਾਲ ਮਨਾਏ ਜਾਂਦੇ ਹਨ। ਅੱਜ ਜਥੇਦਾਰ ਅਵਤਾਰ ਸਿੰਘ ਆਪ ਇਸ ਸਮਾਗਮ ਵਿੱਚ ਉੱਚੇਚੇ ਤੌਰ ਤੇ ਪਹੁੰਚੇ ਹਨ, ਸੋ ਉਹਨਾਂ ਵੱਲੋਂ ਵੀ ਸਮੁੱਚੀਆਂ ਸਿੱਖ ਸੰਗਤਾਂ ਨੂੰ ਭਗਤ ਜੀ ਦੇ ਜਨਮ ਦਿਹਾੜੇ ਦੀ ਬਹੁਤ-ਬਹੁਤ ਮੁਬਾਰਕ। ਭਗਤ ਰਵਿਦਾਸ ਜੀ ਨੇ ਦੁਨਿਆਵੀ ਜੀਵਨ ‘ਚ ਸਮਾਜਿਕ ਵੰਡ-ਵਰਨ ‘ਚ ਵਿਚਰਦਿਆਂ ਇਸ ਨੂੰ ਜਿਥੇ ਆਪਣੇ ਤਨ ਤੇ ਹੰਡਾਇਆ ਉਥੇ ਮਨੁੱਖਤਾ ਨਾਲ ਵੰਡਾਇਆ ਵੀ ਅਤੇ ਇਸ ਨੂੰ ਮਿਟਾਉਣ ਦੀ ਜੁਗਤ ਵੀ ਦੱਸੀ। ਪੰਚਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਪਾਦਨਾ ਸਮੇਂ ਕੌਮਾਂ, ਧਰਮਾਂ, ਜਾਤ ਬਿਰਾਦਰੀਆਂ ਤੇ ਫਿਰਕਿਆਂ ਦੇ ਵੰਡ ਵਰਨ ਤੋਂ ਉੱਪਰ ੳੁੱਠ ਉਨ੍ਹਾਂ ਦੀ ਬਾਣੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਕਰਕੇ ਭਗਤ ਜੀ ਨੂੰ ਢੁਕਵਾਂ ਸਨਮਾਨ ਦਿੱਤਾ ਹੈ। ਅੱਜ ਜੋ ਵੀ ਪ੍ਰਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਨਤਮਸਤਕ ਹੁੰਦੇ ਹਨ ਤਾਂ ਇਸ ਵਿਚ ਦਰਜ ਭਗਤਾਂ ਦੀ ਬਾਣੀ ਨੂੰ ਵੀ ਉਨ੍ਹਾਂ ਹੀ ਸਨਮਾਨ ਮਿਲਦਾ ਹੈ। ਇਸ ਮੌਕੇ ਗਿਆਨੀ ਮੱਲ ਸਿੰਘ ਮੁੱਖ ਗ੍ਰੰਥੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨੇ ਵੀ ਭਗਤ ਜੀ ਦੇ ਜੀਵਨ ਤੇ ਚਾਨਣਾ ਪਾਇਆ ਤੇ ਭਗਤ ਜੀ ਦੇ ਜਨਮ ਦਿਹਾੜੇ ਦੀ ਸਮੁੱਚੇ ਖਾਲਸਾ ਪੰਥ ਨੂੰ ਮੁਬਾਰਕ-ਬਾਦ ਦਿੱਤੀ।
ਇਸ ਤੋਂ ਪਹਿਲਾਂ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹਜ਼ੂਰੀ ਰਾਗੀ ਭਾਈ ਇੰਦਰਜੀਤ ਸਿੰਘ ਬੰਬੇ ਵਾਲੇ ਦੇ ਜਥੇ ਨੇ ਇਲਾਹੀ ਬਾਣੀ ਦੇ ਕੀਰਤਨ ਦੁਆਰਾ ਸੰਗਤਾਂ ਨੂੰ ਨਿਹਾਲ ਕੀਤਾ ਤੇ ਅਰਦਾਸ ਭਾਈ ਰਾਜਦੀਪ ਸਿੰਘ ਅਰਦਾਸੀਏ ਨੇ ਕੀਤੀ। ਉਪਰੰਤ ਢਾਡੀ ਅਤੇ ਕਵੀਸ਼ਰੀ ਜਥਿਆਂ ਨੇ ਵਾਰਾਂ ਰਾਹੀਂ ਸੰਗਤਾਂ ਨੂੰ ਸਿੱਖ ਇਤਿਹਾਸ ਨਾਲ ਜੋੜਿਆ।