ਅੰਮ੍ਰਿਤਸਰ – ਧਾਰਮਿਕ ਫਿਲਮਾਂ ਰਾਹੀਂ ਗੁਰਮਤਿ ਦਾ ਪ੍ਰਚਾਰ-ਪ੍ਰਸਾਰ ਕਰਨ ਲਈ ਗਠਿਤ ਕੀਤੀ ਗਈ ਸਬ-ਕਮੇਟੀ ਦੀ ਇਕੱਤਰਤਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਦਫਤਰ ਵਿਖੇ ਹੋਈ, ਜਿਸ ਵਿਚ ਸ. ਰਜਿੰਦਰ ਸਿੰਘ ਮਹਿਤਾ ਅੰਤ੍ਰਿੰਗ ਮੈਂਬਰ, ਸ. ਸਤਬੀਰ ਸਿੰਘ ਸਕੱਤਰ (ਪ੍ਰ) ਸ. ਦਿਲਜੀਤ ਸਿੰਘ ਬੇਦੀ ਐਡੀ: ਸਕੱਤਰ, ਸ. ਅੰਗਰੇਜ਼ ਸਿੰਘ ਮੀਤ ਸਕੱਤਰ (ਕੋਆਰਡੀਨੇਟਰ), ਸ. ਭੁਪਿੰਦਰਪਾਲ ਸਿੰਘ ਮੀਤ ਸਕੱਤਰ, ਸ. ਸਿਮਰਜੀਤ ਸਿੰਘ ਸੰਪਾਦਕ ਗੁਰਮਤਿ ਪ੍ਰਕਾਸ਼, ਡਾ. ਇੰਦਰਜੀਤ ਸਿੰਘ ਗੋਗੋਆਣੀ, ਡਾ. ਅਮਰਜੀਤ ਸਿੰਘ ਡਾਇਰੈਕਟਰ/ਪ੍ਰਿੰਸੀਪਲ ਗੁਰੂ ਕਾਂਸ਼ੀ ਗੁਰਮਤਿ ਇੰਸਟੀਚਿਊਟ ਦਮਦਮਾ ਸਾਹਿਬ ਤੇ ਪ੍ਰੋ. ਮਨਜੀਤ ਕੌਰ ਸ਼ਹੀਦ ਸਿੱਖ ਮਿਸ਼ਨਰੀ ਕਾਲਜ ਸ਼ਾਮਲ ਹੋਏ। ਇਸ ਇਕੱਤਰਤਾ ਵਿਚ ਫੈਸਲਾ ਕੀਤਾ ਗਿਆ ਕਿ ਧਰਮ ਪ੍ਰਚਾਰ ਕਮੇਟੀ (ਸ਼੍ਰੋਮਣੀ ਕਮੇਟੀ) ਸਿੱਖ ਧਰਮ ਨਾਲ ਸਬੰਧਤ ਧਾਰਮਿਕ ਫਿਲਮਾਂ ਤਿਆਰ ਕਰਕੇ ਸੰਗਤਾਂ ਵਿਚ ਗੁਰਮਤਿ ਦਾ ਪ੍ਰਚਾਰ ਪ੍ਰਸਾਰ ਆਧੁਨਿਕ ਢੰਗ ਤਰੀਕਿਆਂ ਨਾਲ ਕਰੇਗੀ। ਇਹ ਧਾਰਮਿਕ ਫਿਲਮਾਂ ਨਸ਼ਿਆਂ, ਪਤਿਤਪੁਣੇ ਅਤੇ ਸਮਾਜਿਕ ਕੁਰੀਤੀਆਂ ਖਿਲਾਫ ਅਤੇ ਦਸਤਾਰ ਦੀ ਮਹਾਨਤਾ ਨੂੰ ਪੇਸ਼ ਕਰਨਗੀਆਂ। ਇਸ ਸਬੰਧੀ ਮੁੰਬਈ ਦੀਆਂ ਵੱਖ-ਵੱਖ ਫਿਲਮ ਕੰਪਨੀਆਂ ਦੇ ਪ੍ਰੋਡਿਊਸਰਾਂ ਅਤੇ ਡਾਇਰੈਕਟਰਾਂ ਨਾਲ ਵਿਚਾਰ ਚਰਚਾ ਕੀਤੀ ਗਈ। ਇਹ ਵੀ ਫੈਸਲਾ ਲਿਆ ਗਿਆ ਹੈ ਕਿ ਧਾਰਮਿਕ ਨਾਟਕਾਂ ਦੁਆਰਾ ਵੀ ਸਿੱਖੀ ਪ੍ਰਚਾਰ ਕਰਨ ਲਈ ਵੱਖ-ਵੱਖ ਨਾਟਕ ਗਰੁੱਪਾਂ ਤੋਂ ਸਹਿਯੋਗ ਲਿਆ ਜਾਵੇਗਾ। ਇਕੱਤਰਤਾ ਵਿਚ ਫੈਸਲਾ ਲਿਆ ਗਿਆ ਕਿ ਸਮਾਜਿਕ ਬੁਰਾਈਆਂ ਵਿਰੁੱਧ ਪ੍ਰਚਾਰ-ਪ੍ਰਸਾਰ ਕਰਨ ਵਾਲੇ ਨਾਟਕਾਂ ਅਤੇ ਫਿਲਮਾਂ ਦੀ ਤਿਆਰੀ ਸਬੰਧੀ ਸਿੱਖ ਵਿਦਵਾਨ ਡਾ. ਇੰਦਰਜੀਤ ਸਿੰਘ ਗੋਗੋਆਣੀ ਅਤੇ ਡਾ. ਅਮਰਜੀਤ ਸਿੰਘ ਆਪਣਾ ਯੋਗਦਾਨ ਦੇਣਗੇ।
ਇਸੇ ਦੌਰਾਨ ਹੀ ਧਰਮ ਪ੍ਰਚਾਰ ਕਮੇਟੀ ਵੱਲੋਂ ਚਲਾਏ ਜਾਂਦੇ ‘ਸਿੱਖ ਧਰਮ ਅਧਿਐਨ ਪੱਤਰ ਵਿਹਾਰ ਕੋਰਸ’ ਦੀ ਸਮੀਖਿਆ ਕਰਨ ਲਈ ਵੀ ਵਿਚਾਰਾਂ ਕੀਤੀਆਂ ਗਈਆਂ। ਚੱਲ ਰਹੇ ਕੋਰਸ ਨੂੰ ਵੱਧ ਤੋਂ ਵੱਧ ਸੰਗਤਾਂ ਤੀਕ ਪਹੁੰਚਾਉਣ ਲਈ ਇਸ ਨੂੰ ਹੋਰ ਸੁਖੈਨ ਬਣਾਉਣ ਲਈ ਵੀ ਚਰਚਾ ਕੀਤੀ ਗਈ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ. ਅਮਰਜੀਤ ਸਿੰਘ ਇੰਚਾਰਜ, ਪ੍ਰੋ. ਸੁਖਦੇਵ ਸਿੰਘ ਇੰਚਾਰਜ ਪੱਤਰ ਵਿਹਾਰ ਕੋਰਸ ਅਤੇ ਫਿਲਮਾਂ ਦੇ ਵੱਖ-ਵੱਖ ਪ੍ਰੋਡਿਊਸਰ ਤੇ ਡਾਇਰੈਕਟਰ ਆਦਿ ਹਾਜ਼ਰ ਸਨ।
ਧਰਮ ਪ੍ਰਚਾਰ ਕਮੇਟੀ ਗੁਰਮਤਿ ਦੇ ਪ੍ਰਚਾਰ ਲਈ ਧਾਰਮਿਕ ਫਿਲਮਾਂ ਤਿਆਰ ਕਰੇਗੀ
This entry was posted in ਪੰਜਾਬ.