ਅੰਮ੍ਰਿਤਸਰ – ਅਮਰੀਕਾ ਦੇ ਫਲੋਰੀਡਾ ਰਾਜ ਵਿਚ ਸਿੱਖ ਸ. ਕੰਵਲਜੀਤ ਸਿੰਘ ਜੋ ਆਪਣੇ ਬੇਟੇ ਨਾਲ ਸਟੋਰ ਤੋਂ ਵਾਪਸ ਘਰ ਪਰਤ ਰਿਹਾ ਸੀ ਉਪਰ ਅਣਪਛਾਤੇ ਵਿਅਕਤੀਆਂ ਨੇ ਅੰਨ੍ਹੇਵਾਹ ਗੋਲੀ ਚਲਾ ਕੇ ਗੰਭੀਰ ਰੂਪ ,ਚ ਜ਼ਖਮੀ ਕਰ ਦੇਣ ਦੀ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਖਤ ਸ਼ਬਦਾਂ ਵਿਚ ਨਿਖੇਧੀ ਕਰਦਿਆਂ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕਰਕੇ ਸਖ਼ਤ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਉਨ੍ਹਾਂ ਕਿਹਾ ਕਿ ਅਮੀਰਕਾ ਵਿਚ ਪਹਿਲਾਂ ਵੀ ਗੁੰਡਾ ਅਨਸਰਾਂ ਵੱਲੋਂ ਸਿੱਖਾਂ ਉਪਰ ਕਈ ਹਮਲੇ ਕਰਨ ਦੀਆਂ ਦੁਖਦਾਈ ਘਟਨਾਵਾਂ ਵਾਪਰੀਆਂ ਹਨ ਹਰ ਵਾਰ ਅਮਰੀਕਾ ਸਰਕਾਰ ਵੱਲੋਂ ਸਿੱਖ ਭਾਈਚਾਰੇ ਨੂੰ ਭਰੋਸਾ ਦਿਵਾਇਆ ਜਾਂਦਾ ਸੀ ਕਿ ਅੱਗੇ ਤੋਂ ਅਜਿਹੀਆਂ ਘਟਨਾਵਾਂ ਨੂੰ ਨਹੀਂ ਵਾਪਰਨ ਦਿੱਤਾ ਜਾਵੇਗਾ ਤੇ ਦੋਸ਼ੀਆਂ ਖਿਲਾਫ ਸਖਤੀ ਕੀਤੀ ਜਾਵੇਗੀ ਪਰ ਕੁਝ ਸਮੇਂ ਬਾਅਦ ਹੀ ਦੋਸ਼ੀਆਂ ਵੱਲੋਂ ਘਟਨਾ ਨੂੰ ਦੁਬਾਰਾ ਅੰਜਾਮ ਦਿੰਦਿਆਂ ਸ. ਕੰਵਲਜੀਤ ਸਿੰਘ ਤੇ ਹਮਲਾ ਕਰ ਦਿੱਤਾ।
ਉਨ੍ਹਾਂ ਕਿਹਾ ਕਿ ਦੁਨੀਆਂ ਦੇ ਸਭ ਤੋਂ ਵੱਡੇ ਦੇਸ਼ ਵਿਚ ਘੱਟ-ਗਿਣਤੀ ਸਿੱਖਾਂ ਉਪਰ ਕੁਝ ਗੁੰਡਾ ਅਨਸਰਾਂ ਵੱਲੋਂ ਨਿਤਾ ਪ੍ਰਤੀ ਹਮਲੇ ਜਾਰੀ ਹਨ ਜੋ ਨਿੰਦਣਯੋਗ ਹਨ ਉਨ੍ਹਾਂ ਕਿਹਾ ਕਿ ਅਮਰੀਕਾ ਦੀ ਤਰੱਕੀ ਵਿੱਚ ਸਿੱਖ ਭਾਈਚਾਰੇ ਦਾ ਅਹਿਮ ਯੋਗਦਾਨ ਹੈ। ਇਸ ਦੇਸ਼ ਵਿਚ ਸਿੱਖ ਭਾਈਚਾਰੇ ਵੱਡੇ-ਵੱਡੇ ਕਾਰੋਬਾਰਾਂ ਤੋਂ ਇਲਾਵਾ ਦੇਸ਼ ਦੀ ਅੰਦਰੂਨੀ ਤੇ ਬਾਹਰੀ ਸੁਰੱਖਿਆ ਲਈ ਸਿੱਖ ਅਮਰੀਕੀ ਸੈਨਾਵਾਂ ਵਿਚ ਵੀ ਭਰਤੀ ਹਨ।
ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਰਾਸ਼ਟਰਪਤੀ ਬਰਾਕ ਉਬਾਮਾ ਨੂੰ ਅਪੀਲ ਕੀਤੀ ਹੈ ਕਿ ਅਮਰੀਕਾ ‘ਚ ਵੱਸਦੇ ਸਿੱਖ ਭਾਈਚਾਰੇ ਦੀ ਜਾਨ ਤੇ ਮਾਲ ਦੀ ਹਿਫਾਜ਼ਤ ਨੂੰ ਯਕੀਨੀ ਬਣਾਇਆ ਜਾਵੇ ਤੇ ਗੋਲੀ ਚਲਾਉਣ ਵਾਲੇ ਦੋਸ਼ੀਆਂ ਨੂੰ ਤੁਰੰਤ ਗ੍ਰਿਫਤਾਰ ਕੀਤਾ ਜਾਵੇ।
ਜਥੇਦਾਰ ਅਵਤਾਰ ਸਿੰਘ ਨੇ ਵੱਲੋਂ ਬੀਤੇ ਦਿਨੀਂ ਨਿਊਜ਼ੀਲੈਂਡ ਦੇ ਪੀਹਾ ਬੀਚ ਵਿਖੇ ਪੰਜਾਬੀ ਨੌਜੁਆਨ ਭਵਨਦੀਪ ਸਿੰਘ ਗਿੱਲ ਲੁਧਿਆਣਾ ਜਿਲ੍ਹਾ ਦੇ ਪਿੰਡ ਹਰੀਓ ਕਲਾਂ ਦਾ ਰਹਿਣ ਵਾਲਾ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤਰ ਜੋ ਨਹਾਉਣ ਗਿਆ ਤੇ ਖਤਰਨਾਕ ਲਹਿਰਾਂ ਦੀ ਗ੍ਰਿਫਤ ਵਿਚ ਆ ਕੇ ਡੁੱਬ ਜਾਣ ਕਰਕੇ ਅਕਾਲ ਚਲਾਣਾ ਕਰ ਗਿਆ ਦੇ ਅਕਾਲ ਚਲਾਣੇ ਤੇ ਡੂੰਘੇ ਅਫਸੋਸ ਦਾ ਇਜ਼ਹਾਰ ਕਰਦਿਆਂ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।