ਨਵੀਂ ਦਿੱਲੀ- ਵਿੱਤਮੰਤਰੀ ਦੇ ਤੌਰ ਤੇ ਆਪਣਾ 8ਵਾਂ ਬਜਟ ਪੇਸ਼ ਕਰਦੇ ਹੋਏ ਪੀ ਚਿਦੰਬਰਮ ਨੇ ਕਿਹਾ ਕਿ ਵਿਸ਼ਵ ਆਰਥਿਕ ਵਿਕਾਸ ਦੀ ਦਰ ਘਟਣ ਦਾ ਅਸਰ ਭਾਰਤ ਦੀ ਵਿਕਾਸ ਦਰ ਤੇ ਵੀ ਪਿਆ ਹੈ।ਉਨ੍ਹਾਂ ਨੇ ਮਹਿੰਗਾਈ ਨੂੰ ਵੱਡੀ ਚਣੌਤੀ ਅਤੇ ਵਿਦੇਸ਼ੀ ਨਿਵੇਸ਼ ਨੂੰ ਦੇਸ਼ ਲਈ ਜਰੂਰੀ ਦਸਦੇ ਹੋਏ ਕਿਹਾ ਕਿ ਸਾਡੀ ਸਰਕਾਰ ਦਾ ਮੁੱਖ ਉਦੇਸ਼ ਹੈ ਤੇਜ਼ ਵਿਕਾਸ ਦਾ ਏਜੰਡਾ ਜੋ ਸੱਭ ਨੂੰ ਨਾਲ ਲੈ ਕੇ ਚਲਣਾ ਹੋਵੇਗਾ।
ਪੀ ਚਿਦੰਬਰਮ ਨੇ ਬਜਟ ਪੇਸ਼ ਕਰਦੇ ਹੋਏ ਮਹਿਲਾਵਾਂ, ਨੌਜਵਾਨ ਵਰਗ ਅਤੇ ਗਰੀਬ ਤਬਕੇ ਨੂੰ ਦੇਸ਼ ਦੇ ਤਿੰਨ ਚਿਹਰੇ ਦਸਦੇ ਹੋਏ ਮਹਿਲਾਵਾਂ ਦੀ ਸੁਰੱਖਿਆ ਲਈ 1000ਕਰੋੜ ਰੁਪੈ ਅਤੇ ਨੌਜਵਾਨ ਵਰਗ ਵਿੱਚ ਸਕਿਲ ਨੂੰ ਵਧਾਉਣ ਲਈ ਵੀ 1000 ਕਰੋੜ ਰੁਪੈ ਅਤੇ ਗਰੀਬਾਂ ਨੂੰ ਸਿੱਧੀ ਵਿੱਤੀ ਮਦਦ ਦੇਣ ਲਈ ‘ਡਾਰੈਕਟ ਟਰਾਂਸਫਰ ਸਕੀਮ’ਨੂੰ ਪੂਰੇ ਦੇਸ਼ ਵਿੱਚ ਲਾਗੂ ਕਰਨ ਦਾ ਐਲਾਨ ਕੀਤਾ। ਇਨਕਮ ਟੈਕਸ ਅਤੇ ਸਰਵਿਸ ਟੈਕਸ ਵਿੱਚ ਕੋਈ ਵੀ ਬਦਲਾਅ ਨਹੀਂ ਕੀਤਾ ਗਿਆ।ਪੰਜ ਲੱਖ ਦੀ ਸਾਲਾਨਾ ਆਮਦਨ ਵਾਲਿਆਂ ਨੂੰ 2000 ਰੁਪੈ ਦਾ ਟੈਕਸ ਕਰੈਡਿਟ ਮਿਲੇਗਾ।ਇੱਕ ਕਰੋੜ ਰੁਪੈ ਤੋਂ ਉਪਰ ਦੀ ਆਮਦਨ ਵਾਲਿਆਂ ਨੂੰ ਇੱਕ ਸਾਲ ਲਈ 10% ਸਰਚਾਰਜ ਦੇਣਾ ਪਵੇਗਾ।
ਸਾਲ 2013-14 ਵਿੱਚ ਪਹਿਲੀ ਵਾਰ ਘਰ ਖ੍ਰੀਦਣ ਲਈ ਲੋਨ ਲੈਣ ਵਾਲਿਆਂ ਨੂੰ ਇੱਕ ਲੱਖ ਰੁਪੈ ਤੇ ਟੈਕਸ ਦੀ ਛੋਟ ਦਿੱਤੀ ਜਾਵੇਗੀ।ਲੋਨ ਦੀ ਰਕਮ 25 ਲੱਖ ਤੱਕ ਹੋ ਸਕਦੀ ਹੈ। ਨਿਵੇਸ਼ ਨੂੰ ਵਧਾਉਣ ਲਈ ਛੋਟੇ ਵਪਾਰੀਆਂ ਦੇ ਹਿੱਤਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਨਿਵੇਸ਼ ਅਲਾਂਊਸ ਦਾ ਪ੍ਰਸਤਾਵ ਵੀ ਰੱਖਿਆ ਗਿਆ ਹੈ।ਇਸ ਦੇ ਤਹਿਤ ਜੇ ਕੋਈ ਕੰਪਨੀ 100 ਕਰੋੜ ਦਾ ਨਿਵੇਸ਼ ਕਰਦੀ ਹੈ ਤਾਂ ਸਾਲ 2015 ਤੱਕ ਉਹ 15% ਅਲਾਊਂਸ ਲੈ ਸਕਦੀ ਹੈ।