ਸਿਓਲ- ਅਮਰੀਕਾ ਅਤੇ ਦੱਖਣੀ ਕੋਰੀਆ ਦੀਆਂ ਸੈਨਾਵਾਂ ਨੇ ਸੋਮਵਾਰ ਤੋਂ ਸੰਯੁਕਤ ਅਭਿਆਸ ਸ਼ੁਰੂ ਕਰ ਦਿੱਤੇ ਹਨ। ਉਤਰ ਕੋਰੀਆ ਨੇ ਇਸ ਦੀ ਆਲੋਚਨਾ ਕਰਦੇ ਹੋਏ ਦੱਖਣੀ ਕੋਰੀਆ ਅਤੇ ਅਮਰੀਕਾ ਤੇ ਪਰਮਾਣੂੰ ਹਮਲੇ ਕਰਨ ਦੀ ਧਮਕੀ ਦੇ ਦਿੱਤੀ ਹੈ।ਉਤਰੀ ਕੋਰੀਆ ਨੇ ਦੱਖਣੀ ਕੋਰੀਆ ਨਾਲ ਆਪਣਾ ਹਾਟ ਲਾਈਨ ਸੰਪਰਕ ਵੀ ਸਮਾਪਤ ਕਰ ਦਿੱਤਾ ਹੈ।
ਕੋਰੀਆ ਵਿੱਚ ‘ਕੀ ਰਿਜੋਲਵ’ਨਾਂ ਦਾ ਦੋ ਸਪਤਾਹ ਤੱਕ ਚੱਲਣ ਵਾਲਾ ਅਭਿਆਸ ਇਸ ਖਿੱਤੇ ਵਿੱਚ ਇੱਕ ਹਫ਼ਤੇ ਤੋਂ ਚੱਲ ਰਹੇ ਤਣਾਅ ਦਰਮਿਆਨ ਹੀ ਸ਼ੁਰੂ ਹੋਇਆ ਹੈ।ਉਤਰ ਕੋਰੀਆ ਨੇ ਆਪਣੇ ਤੀਸਰੇ ਪਰਮਾਣੂੰ ਟੈਸਟ ਤੋਂ ਬਾਅਦ ਸੰਯੁਕਤ ਰਾਸ਼ਟਰ ਵੱਲੋਂ ਉਸ ਉਪਰ ਬੰਧਸ਼ਾਂ ਲਗਾਉਣ ਦੀ ਸਖਤ ਆਲੋਚਨਾ ਕੀਤੀ ਹੈ। ਉਤਰ ਕੋਰੀਆ ਨੇ ਪਿੱਛਲੇ ਮਹੀਨੇ ਹੀ ਇਹ ਟੈਸਟ ਕੀਤਾ ਸੀ। ਉਤਰ ਕੋਰੀਆ ਦਾ ਕਹਿਣਾ ਹੈ ਕਿ ਸੰਯੁਕਤ ਅਭਿਆਸ ਹਮਲਾ ਕਰਨ ਲਈ ਕੀਤੀ ਜਾ ਰਹੀ ਪ੍ਰੈਕਟਿਸ ਹੈ ਅਤੇ ਇਹ ਸਾਨੂੰ ਉਕਸਾਉਣ ਵਾਲਾ ਕਦਮ ਹੈ। ਦੱਖਣੀ ਕੋਰੀਆ ਅਤੇ ਉਤਰੀ ਕੋਰੀਆ ਦਰਮਿਆਨ ਰਾਜਨਾਇਕ ਸਬੰਧ ਨਹੀਂ ਹਨ, ਉਹ ਆਪਸ ਵਿੱਚ ਗੱਲ ਕਰਨ ਲਈ ਰੈਡ ਕਰਾਸ ਹਾਟ ਲਾਈਨ ਦਾ ਪ੍ਰਯੋਗ ਕਰਦੇ ਹਨ।