ਇਸਲਾਮਾਬਾਦ- ਪਾਕਿਸਤਾਨ ਦੀ ਸਾਬਕਾ ਸਵਰਗੀ ਪ੍ਰਧਾਨਮੰਤਰੀ ਬੇਨਜ਼ੀਰ ਭੁੱਟੋ ਅਤੇ ਰਾਸ਼ਟਰਪਤੀ ਜਰਦਾਰੀ ਦੇ ਪੁੱਤਰ ਪੀਪੀਪੀ ਨੇਤਾ ਬਿਲਾਵਲ ਭੁੱਟੋ ਨੇ ਚੋਣਾਂ ਸਮੇਂ ਅਚਾਨਕ ਪਾਕਿਸਤਾਨ ਛੱਡ ਕੇ ਵਿਦੇਸ਼ ਚਲੇ ਗਏ ਹਨ।ਪਾਰਟੀ ਨਾਲ ਸਬੰਧਿਤ ਮੁੱਦਿਆਂ ਤੇ ਆਪਣੇ ਪਿਤਾ ਜਰਦਾਰੀ ਨਾਲ ਸਹਿਮੱਤ ਨਾਂ ਹੋਣ ਕਰਕੇ ਉਹ ਨਰਾਜ਼ ਹੋ ਕੇ ਦੇਸ਼ ਛੱਡ ਕੇ ਦੁਬਈ ਚਲੇ ਗਏ ਹਨ। ਬਿਲਾਵਲ ਦੇ ਇਸ ਸਮੇਂ ਇਹ ਫੈਸਲਾ ਲੈਣ ਨਾਲ ਉਨ੍ਹਾਂ ਦੀ ਪਾਰਟੀ ਲਈ ਸਮਸਿਆ ਖੜ੍ਹੀ ਹੋ ਸਕਦੀ ਹੈ।
ਬਿਲਾਵਲ ਆਪਣੇ ਪਿਤਾ ਨਾਲ ਸਿਰਫ਼ ਟਿਕਟਾਂ ਦੀ ਵੰਡ-ਵੰਡਾਈ ਤੋਂ ਹੀ ਨਰਾਜ਼ ਨਹੀਂ ਹਨ, ਸਗੋਂ ਸਰਕਾਰ ਦੇ ਢਿੱਲੇ ਰਵਈਏ ਤੋਂ ਵੀ ਬਹੁਤ ਖਫ਼ਾ ਹਨ।ਸ਼ਿਆ ਮੁਸਲਮਾਨਾਂ ਤੇ ਲਗਾਤਾਰ ਹੋ ਰਹੇ ਹਮਲਿਆਂ ਤੋਂ ਵੀ ਉਹ ਗੁੱਸੇ ਵਿੱਚ ਹਨ। ਮਲਾਲਾ ਤੇ ਹੋਏ ਹਮਲੇ ਤੋਂ ਬਾਅਦ ਸਰਕਾਰ ਵੱਲੋਂ ਤਾਲਿਬਾਨ ਤੇ ਸਖਤੀ ਨਾਂ ਵਰਤਣ ਕਰਕੇ ਵੀ ਉਹ ਨਾਂਖੁਸ਼ ਹਨ।ਬਿਲਾਵਲ ਬੰਬ ਧਮਾਕਿਆਂ ਨੂੰ ਰੋਕਣ ਵਿੱਚ ਅਸਫਲ ਰਹਿਣ ਕਰਕੇ ਸਰਕਾਰ ਦੀ ਪਹਿਲਾਂ ਵੀ ਅਲੋਚਨਾ ਕਰ ਚੁੱਕੇ ਹਨ।ਬਿਲਾਵਲ ਨੌਜਵਾਨਾਂ ਨੂੰ ਪ੍ਰਭਾਵਿਤ ਕਰਨ ਦੇ ਮੁੱਦੇ ਤੇ ਵੀ ਪਾਰਟੀ ਦੇ ਰੱਖ ਤੋਂ ਖਫ਼ਾ ਹਨ।ਇਮਰਾਨ ਖਾਨ ਦੀ ਤਹਿਰੀਕ-ਏ-ਇਨਸਾਫ ਅਤੇ ਹੋਰ ਪਾਰਟੀਆਂ ਵੱਲੋਂ ਨੌਜਵਾਨਾਂ ਨੂੰ ਉਤਸਾਹਿਤ ਕਰਨ ਕਰਕੇ ਵੀ ਉਹ ਬਹੁਤ ਚਿੰਤਤ ਸਨ। ਸਿੰਧ ਸੂਬੇ ਵਿੱਚ ਟਿਕਟਾਂ ਵੰਡਣ ਦੇ ਮਾਮਲੇ ਵਿੱਚ ਵੀ ਬਿਲਾਵਲ ਨੂੰ ਇਗਨੋਰ ਕੀਤਾ ਜਾ ਰਿਹਾ ਸੀ। ਰਾਸ਼ਟਰਪਤੀ ਜਰਦਾਰੀ ਦੀ ਭੈਣ ਫਰਿਆਲ ਅਤੇ ਬਿਲਾਵਲ ਦਰਮਿਆਨ ਟਿਕਟਾਂ ਨੂੰ ਲੈ ਕੇ ਮੱਤਭੇਦ ਹੋ ਗਏ ਸਨ।ਇਹ ਵੀ ਕਿਹਾ ਜਾ ਰਿਹਾ ਹੈ ਕਿ ਇਸ ਮਾਮਲੇ ਵਿੱਚ ਜਰਦਾਰੀ ਨੇ ਆਪਣੇ ਪੁੱਤਰ ਨੂੰ ਅਣਗੌਲਿਆ ਕਰਕੇ ਭੈਣ ਫਰਿਆਲ ਦਾ ਹੀ ਪੱਖ ਲਿਆ ਹੈ।ਪਾਰਟੀ ਨਾਲ ਸਬੰਧਤ ਮਸਲਿਆਂ ਤੇ ਫਰਿਆਲ ਅਹਿਮ ਭੂਮਿਕਾ ਨਿਭਾ ਰਹੀ ਹੈ।ਪਿਤਾ ਦੇ ਇਸ ਵਤੀਰੇ ਤੋਂ ਦੁੱਖੀ ਹੋ ਕੇ ਬਿਲਾਵਲ ਪਾਕਿਸਤਾਨ ਛੱਡ ਕੇ ਵਿਦੇਸ਼ ਚੱਲੇ ਗਏ ਹਨ।