ਲੁਧਿਆਣਾ : ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਹੋਮ ਸਾਇੰਸ ਕਾਲਜ ਵੱਲੋਂ ਸਕੂਲਾਂ ਵਿੱਚ ਦੁਪਹਿਰ ਦੇ ਖਾਣੇ ਸੰਬੰਧੀ ਯੋਜਨਾ ਬਾਰੇ ਕਾਰਜਸ਼ਾਲਾ ਨੂੰ ਸੰਬੋਧਨ ਕਰਦਿਆਂ ਹੋਮ ਸਾਇੰਸ ਕਾਲਜ ਦੀ ਡੀਨ ਡਾ: ਨੀਲਮ ਗਰੇਵਾਲ ਨੇ ਕਿਹਾ ਹੈ ਕਿ ਦੁਪਹਿਰ ਦੇ ਖਾਣੇ ਦੀ ਤਿਆਰੀ ਵਿੱਚ ਭੋਜਨ ਸੁਰੱਖਿਆ ਨੇਮ ਕਰੜਾਈ ਨਾਲ ਲਾਗੂ ਕਰਨ ਦੀ ਲੋੜ ਹੈ ਕਿਉਂਕਿ ਇਸ ਨਾਲ ਬਾਲ ਸਿਹਤ ਜੁੜੀ ਹੋਈ ਹੈ। ਉਨ੍ਹਾਂ ਆਖਿਆ ਕਿ ਪੌਸ਼ਟਿਕਤਾ ਅਤੇ ਬੱਚਿਆਂ ਵਿੱਚ ਭੋਜਨ ਸੰਬੰਧੀ ਆਦਤਾਂ ਸੁਧਾਰਨੀਆਂ ਸਾਡਾ ਮਨੋਰਥ ਹੋਣਾ ਚਾਹੀਦਾ ਹੈ। ਉਨ੍ਹਾਂ ਆਖਿਆ ਕਿ ਸਾਫ ਸੁਥਰੇ ਢੰਗ ਨਾਲ ਪਕਾਇਆ ਅਤੇ ਪਰੋਸਿਆ ਭੋਜਨ ਹੀ ਲਾਭਕਾਰੀ ਹੈ। ਭਾਰਤ ਸਰਕਾਰ ਦੇ ਮਾਨਵ ਵਿਕਾਸ ਮੰਤਰਾਲੇ ਤੋਂ ਇਲਾਵਾ ਉੱਘੇ ਭੋਜਨ ਪੋਸ਼ਟਿਕਤਾ ਵਿਗਿਆਨੀ, ਮਾਈਕਰੋਬਾਇਲੋਜੀ ਮਾਹਿਰ, ਭੋਜਨ ਤਕਨਾਲੋਜੀ ਮਾਹਿਰ ਅਤੇ ਦੇਸ਼ ਦੇ ਵੱਖ ਵੱਖ ਹਿੱਸਿਆਂ ਤੋਂ ਆਏ ਲਾਭਪਾਤਰੀਆਂ ਨੇ ਇਸ ਕਾਰਜਸ਼ਾਲਾ ਵਿੱਚ ਭਾਗ ਲਿਆ । ਈਸਟਰਨ ਯੂਨੀਵਰਸਿਟੀ ਸਿੱਕਮ ਯੂਨੀਵਰਸਿਟੀ ਦੀ ਸਾਬਕਾ ਵਾਈਸ ਚਾਂਸਲਰ ਡਾ: ਸਤਿੰਦਰ ਬਜਾਜ, ਕੌਮੀ ਲੋਕ ਸਹਿਯੋਗ ਅਤੇ ਬਾਲ ਵਿਕਾਸ ਇੰਸਟੀਚਿਊਟ ਦੀ ਡਾਇਰੈਕਟਰ ਡਾ: ਨੀਲਮ ਭਾਟੀਆ ਅਤੇ ਲੁਧਿਆਣਾ ਜ਼ਿਲ੍ਹੇ ਦੇ ਜਿਲ੍ਹਾ ਸਿੱਖਿਆ ਅਫਸਰ ਸ: ਰਣਜੀਤ ਸਿੰਘ ਵੀ ਇਸ ਮੌਕੇ ਹਾਜ਼ਰ ਸਨ।
ਮਾਨਵ ਵਿਕਾਸ ਵਿਭਾਗ ਭਾਰਤ ਸਰਕਾਰ ਦੀ ਪੌਸ਼ਟਿਕਤਾ ਸੰਬੰਧੀ ਸਲਾਹਕਾਰ ਡਾ: ਅਨੰਦਤਾ ਸ਼ੁਕਲਾ ਨੇ ਦੇਸ਼ ਵਿੱਚ ਦੁਪਹਿਰ ਦਾ ਭੋਜਨ ਯੋਜਨਾ ਬਾਰੇ ਜਾਣਕਾਰੀ ਦਿੱਤੀ ਜਦ ਕਿ ਡਾ: ਕੇ ਅਸ਼ੋਕ ਰਾਓ, ਜਨਰਲ ਸਕੱਤਰ ਸਵਾਮੀ ਸ਼ਿਵਾ ਨੰਦ ਮੈਮੋਰੀਅਲ ਇੰਸਟੀਚਿਊਟ, ਨਵੀਂ ਦਿੱਲੀ ਅਤੇ ਮਿਸ ਇਕਸ਼ਾ ਛਾਬੜਾ ਨੇ ਵੀ ਦੁਪਹਿਰ ਦੇ ਭੋਜਨ ਦੀ ਵਰਤਮਾਨ ਸਥਿਤੀ ਤੋਂ ਜਾਣੂ ਕਰਵਾਇਆ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਲਈ ਸੂਬਿਆਂ ਦੀਆਂ ਖੇਤੀਬਾੜੀ ਯੂਨੀਵਰਸਿਟੀਆਂ ਪਾਸੋਂ ਕੀ ਤਕਨੀਕੀ ਸਹਾਇਤਾ ਲਈ ਜਾ ਸਕਦੀ ਹੈ। ਦੁਪਹਿਰ ਦਾ ਭੋਜਨ ਸਕੀਮ ਸੰਬੰਧੀ ਜ਼ਿਲ੍ਹਾ ਮੈਨੇਜਰ ਸ਼੍ਰੀ ਤਰਸੇਮ ਬੰਗਾ ਨੇ ਪੰਜਾਬ ਦੇ ਵੱਖ ਵੱਖ ਜ਼ਿਲ੍ਹਿਆਂ ਦੀ ਸਥਿਤੀ ਬਾਰੇ ਜਾਣੂ ਕਰਵਾਇਆ।
ਇਸ ਸਾਰੀ ਵਿਚਾਰ ਚਰਚਾ ਦਾ ਨਤੀਜਾ ਇਹ ਨਿਕਲਿਆ ਕਿ ਸਾਰੇ ਰਾਜਾਂ ਦੀਆਂ ਯੂਨੀਵਰਸਿਟੀਆਂ ਦੇ ਗ੍ਰਹਿ ਵਿਗਿਆਨ ਕਾਲਜਾਂ ਦੀ ਮਦਦ ਨਾਲ ਦੁਪਹਿਰ ਦੇ ਭੋਜਨ ਸਕੀਮ ਨੂੰ ਸੁਧਾਰਿਆ ਜਾਵੇ। ਇਕ ਪਾਇਲਟ ਪ੍ਰਾਜੈਕਟ ਵਜੋਂ ਦੇਸ਼ ਦੇ 6 ਜਾਂ 7 ਰਾਜਾਂ ਦੇ ਇਕ ਜ਼ਿਲ੍ਹੇ ਵਿੱਚ ਇਸ ਨੂੰ ਪਰਖ ਲਿਆ ਜਾਵੇ ਅਤੇ ਇਸ ਦੇ ਆਧਾਰ ਤੇ ਅੱਗੇ ਵਧਿਆ ਜਾਵੇ।