ਲੁਧਿਆਣਾ: ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਲੁਧਿਆਣਾ ਦੇ ਵਾਈਸ ਚਾਂਸਲਰ ਡਾ: ਬਲਦੇਵ ਸਿੰਘ ਢਿੱਲੋਂ ਦੀ ਪਹਿਲਕਦਮੀ ਸਦਕਾ ਪੀ ਏ ਯੂ ਅਮਾਨਤੀ ਫੰਡ ਦੀ ਸਥਾਪਨਾ ਤੋਂ ਬਾਅਦ ਹੁਣ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕੀ ਕਮੇਟੀ ਵੱਲੋਂ 10 ਲੱਖ ਰੁਪਏ ਦੀ ਸਹਾਇਤਾ ਹਾਸਿਲ ਹੋਈ ਹੈ। ਸ਼੍ਰੋਮਣੀ ਕਮੇਟੀ ਦੇ ਪ੍ਰਤੀਨਿਧ ਸ: ਬੰਤਾ ਸਿੰਘ ਨੇ ਇਹ ਰਾਸ਼ੀ ਬੀਤੀ ਸ਼ਾਮ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਢਿੱਲੋਂ ਨੂੰ ਭੇਂਟ ਕੀਤੀ।
ਦਸ ਲੱਖ ਰੁਪਏ ਦੀ ਧਨ ਰਾਸ਼ੀ ਸਹਾਇਤਾ ਵਜੋਂ ਹਾਸਿਲ ਕਰਨ ਉਪਰੰਤ ਡਾ: ਢਿੱਲੋਂ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਜਥੇਦਾਰ ਅਵਤਾਰ ਸਿੰਘ ਮੱਕੜ ਅਤੇ ਹੋਰ ਅਧਿਕਾਰੀਆਂ ਦਾ ਧੰਨਵਾਦ ਕਰਦਿਆਂ ਕਿਹਾ ਹੈ ਕਿ ਇਸ ਅਸ਼ੀਰਵਾਦੀ ਰੂਪੀ ਰਾਸ਼ੀ ਨਾਲ ਪੰਜਾਬ ਦੇ ਖੇਤੀਬਾੜੀ ਕਰਦੇ ਪਰਿਵਾਰਾਂ ਨੂੰ ਕਿਰਤ ਕਰਨ ਦੇ ਜੀਵਨ ਵਿਹਾਰ ਨਾਲ ਜੋੜਨ ਵਿੱਚ ਮਦਦ ਮਿਲੇਗੀ। ਡਾ: ਢਿੱਲੋਂ ਨੇ ਇਸ ਮੌਕੇ ਆਖਿਆ ਕਿ ਪਹਿਲੀ ਪਾਤਸ਼ਾਹੀ ਗੁਰੂ ਨਾਨਕ ਦੇਵ ਜੀ ਨੇ ਖੁਦ ਖੇਤੀਬਾੜੀ ਕਰਕੇ ਸਮੁੱਚੇ ਵਿਸ਼ਵ ਨੂੰ ਇਹ ਗੱਲ ਸੁਝਾਈ ਸੀ ਕਿ ਅਮਲ ਹੀਣਾ ਜੀਵਨ ਬੇਅਰਥ ਹੈ ਅਤੇ ਅਮਲ ਨਾਲ ਹੀ ਸਰਬੱਤ ਦਾ ਭਲਾ ਮੰਗਣ ਵਾਲਾ ਸਮਾਜ ਉਸਾਰਿਆ ਜਾ ਸਕਦਾ ਹੈ। ਡਾ:ਸ ਢਿੱਲੋਂ ਨੇ ਦੁਨੀਆਂ ਭਰ ਵਿੱਚ ਵੱਸਦੇ ਦਾਨੀ ਅਦਾਰਿਆਂ, ਵਿਅਕਤੀਆਂ ਅਤੇ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਪੀ ਏ ਯੂ ਅਮਾਨਤੀ ਫੰਡ ਵਿੱਚ ਆਪਣਾ ਹਿੱਸਾ ਪਾਉਣ। ਇਸ ਅਮਾਨਤੀ ਫ਼ੰਡ ਦਾ ਖਾਤਾ ਨੰਬਰ 29380100007644 ਹੈ ਅਤੇ ਇਸ ਵਿੱਚ ਚੈੱਕ ਜਾਂ ਡਰਾਫਟ ਰਾਹੀਂ ਅਮਾਨਤੀ ਰਾਸ਼ੀ ਭੇਜੀ ਜਾ ਸਕਦੀ ਹੈ। ਬੈਂਕ ਵਿੱਚ ਇਹ ਰਾਸ਼ੀ ਜ਼ਮ੍ਹਾਂ ਹੋਣ ਉਪਰੰਤ ਦਾਨੀ ਪੁਰਖ ਨੂੰ ਪੱਕੀ ਰਸੀਦ ਜਾਰੀ ਕੀਤੀ ਜਾਵੇਗੀ। ਡਾ: ਢਿੱਲੋਂ ਨੇ ਆਖਿਆ ਕਿ ਇਸ ਫੰਡ ਨਾਲ ਅਸੀਂ ਯੂਨੀਵਰਸਿਟੀ ਰੋਜ਼ਾਨਾ ਕਾਰ ਵਿਹਾਰ ਨਹੀਂ ਚਲਾਉਣਾ ਸਗੋਂ ਇਸ ਦੇ ਵਿਆਜ ਨਾਲ ਸਿਰਫ ਖੇਤੀਬਾੜੀ ਖੋਜ ਅਤੇ ਪਸਾਰ ਲਈ ਲੋੜੀਂਦੀਆਂ ਸੰਕਟਕਾਲੀ ਲੋੜਾਂ ਹੀ ਪੂਰੀਆਂ ਕਰਨੀਆਂ ਹਨ।