ਨਵੀਂ ਦਿੱਲੀ- ਬਾਕਸਰ ਵਿਜੇਂਦਰ ਸਿੰਘ ਡਰਗਸ ਮਾਮਲੇ ਵਿੱਚ ਬੁਰੀ ਤਰ੍ਹਾਂ ਨਾਲ ਫਸਦੇ ਨਜ਼ਰ ਆ ਰਹੇ ਹਨ।ਖੇਡ ਵਿਭਾਗ ਨੇ ਸੋਮਵਾਰ ਨੂੰ ਨੈਸ਼ਨਲ ਐਂਟੀ ਡੋਪਿੰਗ ਏਜੰਸੀ (ਨਾਡਾ)ਨੂੰ ਨਿਰਦੇਸ਼ ਦਿੱਤੇ ਹਨ ਕਿ ਬਾਕਸਰ ਵਿਜੇਂਦਰ ਦਾ ਡੋਪ ਟੈਸਟ ਕੀਤਾ ਜਾਵੇ।ਪੰਜਾਬ ਪੁਲਿਸ ਨੇ ਮੁੱਕੇਬਾਜ਼ ਵਿਜੇਂਦਰ ਤੇ ਹੈਰੋਇਨ ਲੈਣ ਦਾ ਆਰੋਪ ਲਗਾਇਆ ਹੈ।
ਖੇਡ ਮੰਤਰਾਲੇ ਨੇ ਵਿਜੇਂਦਰ ਦਾ ਨਾਂ ਡਰਗਸ ਬਰਾਦਮਗੀ ਮਾਮਲੇ ਵਿੱਚ ਆਉਣ ਕਰਕੇ ਆਪਣਾ ਪੱਖ ਸਪੱਸ਼ਟ ਕਰਨ ਲਈ ਵਿਜੇਂਦਰ ਦਾ ਡੋਪ ਟੈਸਟ ਕਰਵਾਉਣ ਦੇ ਹੁਕਮ ਦਿੱਤੇ ਹਨ।ਨਾਡਾ ਦੇ ਡਾਇਰੈਕਟਰ ਜਨਰਲ ਮੁਕੁਲ ਚੈਟਰਜੀ ਨੂੰ ਭੇਜੇ ਗਏ ਨਿਰਦੇਸ਼ ਵਿੱਚ ਖੇਡ ਵਿਭਾਗ ਨੇ ਕਿਹਾ ਹੈ ਕਿ ਮੀਡੀਆ ਵਿੱਚ ਕਥਿਤ ਤੌਰ ਤੇ ਵਿਜੇਂਦਰ ਦੁਆਰਾ ਡਰਗਜ਼ ਲਏ ਜਾਣ ਦੀਆਂ ਖਬਰਾਂ ਚਿੰਤਾਜਨਕ ਸਨ। ਇਸ ਲਈ ਡੋਪ ਟੈਸਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਇਹ ਜਾਂਚ ਟੂਰਨਾਮੈਂਟ ਤੋਂ ਬਾਹਰ ਕਰਨ ਵਾਲੀ ਹੋਵੇਗੀ।
ਪੰਜਾਬ ਪੁਲਿਸ ਨੇ ਇਹ ਖੁਲਾਸਾ ਕੀਤਾ ਹੈ ਕਿ ਮੁੱਕੇਬਾਜ਼ ਵਿਜੇਂਦਰ ਨੇ ਅਨੂਪ ਸਿੰਘ ਕਾਹਲੋਂ ਸਮੇਤ ਕਥਿਤ ਨਸ਼ੀਲੇ ਪਦਾਰਥਾਂ ਦੇ ਸਮਗਲਰਾਂ ਤੋਂ ਹੈਰੋਇਨ ਪ੍ਰਾਪਤ ਕਰਕੇ ਉਸ ਦੀ 12 ਵਾਰ ਵਰਤੋਂ ਕਰ ਚੁੱਕੇ ਹਨ।ਪੰਜਾਬ ਪੁਲਿਸ ਵੱਲੋਂ ਜਾਰੀ ਇੱਕ ਬਿਆਨ ਵਿੱਚ ਕਿਹਾ ਗਿਆ ਹੈ ਕਿ ਹੁਣ ਤੱਕ ਦੀ ਜਾਂਚ ਅਨੁਸਾਰ ਵਿਜੇਂਦਰ ਨੇ ਹੁਣ ਤੱਕ 12 ਵਾਰ ਅਤੇ ਰਾਮ ਸਿੰਘ ਨੇ ਪੰਜ ਵਾਰ ਹੈਰੋਇਨ ਦੀ ਵਰਤੋਂ ਕੀਤੀ।ਪਰਵਾਸੀ ਭਾਰਤੀ ਕਾਹਲੋਂ ਨੂੰ 3 ਮਾਰਚ ਨੂੰ ਹੀ ਗ੍ਰਿਫਤਾਰ ਕਰ ਲਿਆ ਗਿਆ ਸੀ ਅਤੇ ਉਸ ਦੇ ਨਿਵਾਸ ਤੋਂ 130 ਕਰੋੜ ਰੁਪੈ ਦੀ ਕੀਮਤ ਦੀ 26 ਕਿਲੋਗਰਾਮ ਹੈਰੋਇਨ ਜਬਤ ਕੀਤੀ ਗਈ ਸੀ।