“ ਇਹ ਤਾਂ ਬਹੁਤ ਹੀ ਮਾੜਾ ਹੋਇਆ।” ਲਾਸ਼ ਦਾ ਸੰਸਕਾਰ ਕਰਨ ਲਈ ਲਿਜਾਂਦੇ ਬੰਦਿਆਂ ਵਿਚੋਂ ਇਕ ਨੇ ਦੂਜੇ ਨੂੰ ਕਿਹਾ, “ ਕੀ ਬਣੂਗਾ ਸਾਡੇ ਦੇਸ਼ ਦਾ।”
“ ਕਿਆ ਬਤਾਏ ਬਾਈ ਸਾਹਿਬ।” ਦੂਸਰੇ ਨੇ ਜ਼ਵਾਬ ਦਿੱਤਾ, “ ਉਨ ਹਰਾਮੀਉ ਕੋ ਫਾਂਸੀ ਦੀ ਜਾਣੀ ਚਾਹੀਏ।”
“ ਫਾਂਸੀ ਨਹੀ,ਪੱਥਰ ਮਾਰ ਮਾਰ ਕਰ ਖਤਮ ਕਰ ਦੇਣਾ ਚਾਹੀਏ।” ਇਕ ਹੋਰ ਗੁੱਸੇ ਵਿਚ ਬੋਲਿਆ, “ ਅਗਰ ਸਰਕਾਰ ਨੇ ਕੁੱਝ ਨਹੀ ਕਿਆ ਤੋਂ ਸਾਰੇ ਦੇਸ਼ ਕੋ ਆਗ ਲਗਾ ਦੇਂਗੇ।”
“ ਆਗ ਲਗਾ ਦੇਣ ਦੇ ਡਰ ਕਰਕੇ ਤਾਂ ਸੰਸਕਾਰ ਦਾ ਸਮਾਂ ਸਵੇਰੇ ਨਿਸਚਤ ਕੀਤਾ ਗਿਆ।” ਪਹਿਲੇ ਨੇ ਕਿਹਾ ਜੋ ਪੰਜਾਬੀ ਹੀ ਬੋਲ ਰਿਹਾ ਸੀ।ਜਦੋਂ ਕਿ ਉਸ ਦੇ ਦੋਸਤ ਹਿੰਦੀ ਬੋਲ ਰਿਹੇ ਸਨ।ਇਸ ਸ਼ਹਿਰ ਦੇ ਜ਼ਿਆਦਾ ਵਸਨੀਕ ਹਿੰਦੀ ਹੀ ਬੋਲਦੇ ਹਨ, ਪਰ ਦੂਸਰਿਆਂ ਸੂਬਿਆਂ ਵਿਚੋਂ ਆਏ ਲੋਕ ਆਪਣੀ ਮਾਂ ਭਾਸ਼ਾ ਵਿਚ ਹੀ ਗੱਲ-ਬਾਤ ਕਰਦੇ ਨੇ। ਇਸੇ ਹੀ ਸ਼ਹਿਰ ਵਿਚ ਹੋਈ, ਇਸ ਮੌਤ ਨੇ ਸਾਰੇ ਦੇਸ਼ ਨੂੰ ਹਿਲਾ ਕੇ ਰੱਖ ਦਿੱਤਾ ਸੀ।ਇਹ ਘਿਨਾਉਣਾ ਪਾਪ ਜਿਹਨਾਂ ਜ਼ਾਲਮਾ ਨੇ ਕੀਤਾ ਸੀ, ਉਹ ਇਨਸਾਨ ਤਾਂ ਹੋ ਹੀ ਨਹੀ ਸਕਦੇ, ਸਗੋ ਜਾਨਵਰਾਂ ਤੋਂ ਵੀ ਭੈੜੇ ਕੋਈ ਹੋਰ ਹੀ ਕਿਸਮ ਦੇ ਹੋਣਗੇ, ਜਿਹਨਾਂ ਨੇ ਸ਼ਹਿਰ ਦਾ ਸਾਰਾ ਵਾਤਾਵਰਣ ਦੂਸ਼ਤ ਕਰ ਦਿੱਤਾ ਸੀ।ਇਸ ਤਰਾਂ ਦੀਆਂ ਗੱਲਾਂ ਦੱਬੀ ਜ਼ਬਾਨ ਵਿਚ ਕਰਦੇ ਉਹ ਲਾਸ਼ ਦੇ ਮਗਰ ਹੌਲੀ ਹੌਲੀ ਤੁਰ ਰਹੇ ਸਨ।
“ ਇਸ ਤਰਾਂ ਦਾ ਕਾਰਾ ਸਹਿਨਾ ਅਸਿਹ ਹੈ।” ਪੰਜਾਬੀ ਨੇ ਆਪਣੇ ਦੋਸਤ ਜਨਕ ਦਾਸ ਨੂੰ ਕਿਹਾ, “ ਹੁਣ ਤਾਂ ਪੁਲੀਸ ਅਤੇ ਸਰਕਾਰ ਨੇ ਮਿਲ ਕੇ ਚੁੱਪ-ਚਪੀਤੇ ਦਾਗ ਦੇਣ ਦਾ ਫੈਸਲਾ ਕਰ ਲਿਆ,ਪਰ ਇਹ ਗੱਲ ਹੁਣ ਠੱਪ ਨਹੀ ਹੋਣੀ।”
“ ਜੋਸ਼ੀ, ਆਪ ਕੇ ਮੁਤਾਬਿਕ ਇਨ ਲੋਕੋ ਕੋ ਕੈਸੀ ਸਜਾ ਸੁਣਾਈ ਜਾਏ?” ਦੂਸਰੇ ਨੇ ਪੰਜਾਬੀ ਦਾ ਨਾਮ ਲੈ ਕੇ ਸੰਬੋਧਨ ਕੀਤਾ, “ ਜਿਨਹੋਨੇ ਜੇ ਕੁਕਰਮ ਕੀਆ।”
“ ਪੰਜਾਬ ਦਾ ਭਿੰਡਰਾ ਵਾਲਾ ਹੁੰਦਾ ਤਾਂ ਉਸ ਕਹਿਣਾ ਸੀ ਕਿ ਇਹਨਾਂ ਛੇ ਕੁਤਿਆ ਦਾ ਸਿਰ ਵੱਢ ਕੇ ਮੇਰੇ ਕੋਲ ਆ ਜਾਇਉ।” ਪੰਜਾਬੀ ਨੇ ਸਿਧਾ ਹੀ ਕਿਹਾ, “ ਇਥੇ ਤਾਂ ਸਰਕਾਰ ਦੀ ਚੱਲਣੀ ਆ,ਉਹ ਕਿਵੇ ਨਜਿੱਠਦੀ ਆ।”
“ ਮੈ ਤੋ ਬਿੰਡਰਾ ਵਾਲੇ ਕੋ ਸਮਝ ਹੀ ਨਹੀ ਪਾਇਆ।” ਜਨਕ ਦਾਸ ਨੇ ਕਿਹਾ, “ ਸਰਕਾਰ ਤੋਂ ਉਸੇ ਕੱਟੜ ਸਿੱਖ ਬੋਲਤੀ ਥੀ, ਪਰ ਜਬ ਪੰਜਾਬ ਕੇ ਕੂਪਰਥਲਾ ਸ਼ਹਿਰ ਕਾ ਮੰਦਰ ਜਲ ਗਿਆ ਤੋ ਬਿੰਡਰਾਂਵਾਲੇ ਨੇ ਮੰਦਰ ਬਣਵਾਣੇ ਕੇ ਲੀਏ ਪੈਸਾ ਦਿਆ।”
“ ਸਰਕਾਰ ਦਾ ਕਿਆ, ਉਹ ਤਾਂ ਆਪਣੀ ਕੁਰਸੀ ਬਚਾਉਣ ਲਈ ਬਦਮਾਸ਼ਾਂ ਨੂੰ ਲੀਡਰ ਅਤੇ ਸੰਤਾਂ ਨੂੰ ਅਤਿਵਾਦੀ ਬਣਾ ਦੇਂਦੀ ਆ।”
ਉਹ ਇਹ ਗੱਲਾਂ ਕਰ ਹੀ ਰਹੇ ਸਨ ਕਿ ਜ਼ਨਾਨੀਆਂ ਵਲੋਂ ਬਹੁਤ ਹੀ ਉੱਚੀ ਰੋਣ ਦੀ ਅਵਾਜ਼ ਆਈ। ਮੌਤ ਦਾ ਸੋਗ ਮਨਾ ਰਹੇ ਬੰਦਿਆ ਵਿਚੋਂ ਬੁਹਤਿਆਂ ਦਾ ਧਿਆਨ ਇਕਦਮ ਉੱਧਰ ਚਲਾ ਗਿਆ।
“ਮਰਨ ਵਾਲੀ ਲੜਕੀ ਦੀ ਕੋਈ ਰਿਸ਼ਤੇਦਾਰ ਹੋਵੇਗੀ।” ਜੋਸ਼ੀ ਨੇ ਜਨਕ ਦਾਸ ਨੂੰ ਕਿਹਾ, “ ਜਿਸ ਦੇ ਲਈ ਇਸ ਹੋਣਹਾਰ ਲੜਕੀ ਦੇ ਇਸ ਤਰਾਂ ਤੁਰ ਜਾਣ ਦਾ ਦੁੱਖ ਸਹਾਰਨਾ ਮੁਸ਼ਕਿਲ ਹੈ।”
“ ਉਸ ਕੀ ਮੌਤ ਕੋ ਸਹਿਨਾ ਹਮ ਕੇ ਲੀਏ ਇਤਨਾ ਕਠਨ ਹੈ।” ਜਨਕ ਦਾਸ ਨੇ ਆਪਣੇ ਹੰਝੂ ਬਾਂਹ ਨਾਲ ਸਾਫ ਕਰਦੇ ਕਿਹਾ, “ ਉਸ ਕੇ ਲੀਏ ਤੋ ਮੁਸ਼ਕਲ ਹੋਏਗਾ ਹੀ।”
ਸੰਸਕਾਰ ਦੀ ਤਿਆਰੀ ਹੋਈ ਤਾਂ ਉਦਾਸੀ ਨਾਲ ਭਰੀ ਚੁੱਪ ਸਾਰੇ ਪਾਸੇ ਫੈਲ ਗਈ, ਫਿਰ ਵੀ ਹੋਟਕੋਰੇ ਅਤੇ ਰੋਣ ਦੀਆਂ ਅਵਾਜ਼ਾ ਦੁੱਖ ਦੱਸਦੀਆਂ ਰਹੀਆਂ।
ਦਾਗ ਦੀ ਰਸਮ ਤੋਂ ਬਾਅਦ ਵੀ ਉਹ ਔਰਤ ਬਹੁਤ ਉੱਚੀ ਅਵਾਜ਼ ਵਿਚ ਰੋ ਰਹੀ ਸੀ। ਇਹ ਕੌਣ ਹੈ, ਲੜਕੀ ਕੀ ਰਿਸ਼ਤੇਦਾਰ ਤੋ ਲਗਤੀ ਨਹੀ,ਪਤਾ ਨਹੀ ਕੌਣ ਆ? ਇਕੱਠ ਵਿਚ ਲੋਕ ਹੌਲੀ ਹੌਲੀ ਫੁਸਫੁਸਾ ਰਹੇ ਸਨ।ਥੋੜ੍ਹੀ ਦੇਰ ਇਹ ਲੋਕ ਉਸ ਦੇ ਕੀਰਨੇ ਸੁਣ ਦੇ ਆਪ ਵੀ ਰੋਂਦੇ ਰਿਹੇ।ਜਦੋਂ ਫਿਰ ਵੀ ਉਹ ਔਰਤ ਰੋਣੋ ਨਾ ਹੱਟੀ ਤਾਂ ਕੁਝ ਸਿਆਣੇ ਸਜਣ ਉਸ ਦੇ ਕੋਲ ਜਾ ਖਲੋਏ॥
“ ਜੇ ਔਰਤ ਵੀ ਪੰਜਾਬੀ ਲੱਗਤੀ ਹੈ।” ਜਨਕ ਦਾਸ ਨੇ ਹੌਲੀ ਅਜਿਹੀ ਅਵਾਜ਼ ਵਿਚ ਕਿਹਾ, “ ਕਿਉਂਕਿ ਪੰਜਾਬੀ ਮੇ ਹੀ ਬਾਤ ਕਰ ਰਹੀ ਹੈ।”
“ ਮੈ ਗੱਲ ਕਰਕੇ ਦੇਖਦਾ।” ਇਹ ਕਹਿ ਕੇ ਜੋਸ਼ੀ ਅੱਗੇ ਚਲਿਆ ਗਿਆ। ਉਸ ਦੇ ਆਲੇ-ਦੁਆਲੇ ਖੜ੍ਹੇ ਲੋਕਾਂ ਦੇ ਵਿਚੋਂ ਦੀ ਨਿਕਲ ਕੇ ਉਸ ਔਰਤ ਦੇ ਸਾਹਮਣੇ ਜਾ ਕੇ ਕਹਿਣ ਲੱਗਾ, “ ਭੈਣ ਜੀ, ਤੁਸੀ ਇੰਨਾ ਵਿਰਲਾਪ ਕਿਉਂ ਕਰ ਰਹੇ ਹੋ?”
“ ਅੱਗੇ ਵੀ ਮੇਰੀਆਂ ਧੀਆਂ ਦਰੰਦਿਆਂ ਨੇ ਮਾਰ ਦਿੱਤੀਆ।” ਉਸ ਔਰਤ ਨੇ ਆਪਣੀ ਛਾਤੀ ‘ਤੇ ਦੁਹੱਥਰੇ ਮਾਰਦੇ ਆਖਿਆ, “ ਮੇਰੀ ਭੈਣ ਵੀ ਦਰੰਦਿਆਂ ਮਾਰ ਦਿੱਤੀ।”
ਸੁਨਣ ਵਾਲਿਆਂ ਨੂੰ ਸਮਝ ਨਹੀ ਆ ਰਿਹਾ ਸੀ ਕਿ ਮਰਨ ਵਾਲੀ ਲੜਕੀ ਦੀ ਇਹ ਮਾਂ ਹੈ ਜਾਂ ਭੈਣ।ਗੱਲ ਨੂੰ ਸਪੱਸ਼ਟ ਕਰਨ ਲਈ ਜੋਸ਼ੀ ਨੇ ਕਿਹਾ, “ ਮਰਨ ਵਾਲੀ ਗੁੱਡੀ ਵੀ ਤੁਹਾਡੀ ਧੀ ਸੀ।”
“ ਉਹ ਵੀ ਮੇਰੀਆਂ ਧੀਆਂ ਸੀ ਅਤੇ ਇਹ ਵੀ ਮੇਰੀ ਸੀ।ਧੀਆਂ ਤਾਂ ਸਾਰਿਆਂ ਦੀਆਂ ਹੀ ਸਾਂਝੀਆਂ ਹੁੰਦੀਆਂ” ਔਰਤ ਨੇ ਆਪਣੇ ਸਿਰ ਨੂੰ ਪਿਟਦੇ ਕਿਹਾ, “ ਹਾਏ, ੳਦੋਂ ਮੇਰੀਆਂ ਧੀਆਂ ਇਹਨਾ ਦੇ ਪਿਉਆਂ ਨੇ ਮਾਰੀਆਂ ਸਨ,ਅੱਜ ਇਹਨੀ ਮਾਰ ਦਿੱਤੀ।”
ਜੋਸ਼ੀ ਨੂੰ ਉਸ ਔਰਤ ਤੇ ਤਰਸ ਆ ਗਿਆ। ਉਸ ਨੂੰ ਉਹ ਔਰਤ ਸੱਚਮੁਚ ਹੀ ਆਪਣੀ ਭੈਣ ਲੱਗੀ।ਜੋਸ਼ੀ ਨੇ ਉਸ ਨੂੰ ਸਹਾਰਾ ਦਿੰਦਿਆਂ ਉਸ ਦੇ ਮੋਢਿਆ ਨੂੰ ਫੜ੍ਹਦੇ ਕਿਹਾ, “ ਭੈਣ ਜੀ, ਅਸੀ ਸਭ ਤੁਹਾਡੇ ਨਾਲ ਹਾਂ,ਤਹਾਨੂ ਨਿਆ ਦਵਾ ਕੇ ਰਹਾਂਗੇ।”
“ ਅੱਜ ਤਹਾਨੂੰ ਆਪਣੇ ਨਾਲ ਖਲੋਤੇ ਦੇਖ ਕੇ ਤਾਂ ਆਪਣੇ ਦਿਲ ਦਾ ਗੁਭਾਰ ਕੱਢਣ ਲੱਗੀ ਹਾਂ।” ਔਰਤ ਨੇ ਉੱਚੀ ਅਵਾਜ਼ ਵਿਚ ਕੀਰਨੇ ਪਾਉਂਦੇ ਕਿਹਾ, “ ੳਦੋਂ ਤਾਂ ਮੈ ਖੁਲ੍ਹ ਕੇ ਰੋ ਵੀ ਨਾ ਸਕੀ।”
ਸੁਨਣ ਵਾਲਿਆਂ ਨੂੰ ਅਜੇ ਵੀ ਕੁਝ ਸਮਝ ਨਹੀ ਆ ਰਿਹਾ ਸੀ। ਉਹਨਾਂ ਨੇ ਜੋਸ਼ੀ ਨੂੰ ਇਸ਼ਾਰਾ ਕੀਤਾ ਕਿ ਗੱਲ ਅੱਗੇ ਤੋਰੇ।
“ ਪਹਿਲਾਂ ਵੀ ਇਸ ਤਰਾਂ ਦਾ ਕੁਝ ਵਾਪਰਿਆ ਸੀ।” ਜੌਸ਼ੀ ਨੇ ਪੁੱਛਿਆ, “ ਅਸੀ ਅੱਗੇ ਤਾਂ ਕਦੇ ਇਸ ਤਰਾਂ ਦਾ ਖੋਫਨਾਕ ਹਾਦਸਾ ਸੁਣਿਆ ਨਹੀ ਆ।”
“ ੳਦੋਂ ਵੀ ਇਹੀ ਸ਼ਹਿਰ ਸੀ ਅਤੇ ਇਸੇ ਬਸ ਵਰਗੀਆਂ ਬਸਾਂ ਵਿਚ ਹੀ ਗੁੰਡੇ ਆਏ ਸਨ।” ਔਰਤ ਨੇ ਦਿਲ ਤੇ ਹੱਥ ਰੱਖ ਕੇ ਕਿਹਾ, “ ਹੁਣ ਛੇ ਸਨ ੳਦੋਂ ਛੇ ਸੌ ਸਨ।”
“ ਆਪ ਕਿਸ ਵਕਤ ਕੀ ਬਾਤ ਕਰ ਰਹੇ ਹੋ।” ਇਕੱਠ ਵਿਚੋਂ ਹੀ ਕੋਈ ਬੋਲਿਆ, “ ਜੇ ਸਭ ਕਬ ਹੂਆ ਥਾ?”
“ ਆਪ ਕੀ ਬਾਤੋਂ ਸੇ ਲੱਗਤਾ ਹੈ ਕਿ ਬਿਲਕੁਲ ਇਸ ਤਰਾਂ ਕਾ ਕੋਈ ਹਾਦਸਾ ਆਪ ਕੇ ਦਿਮਾਗ ਮੇ ਹੈ।”
“ ਹਾਂ ਹਾਂ ਹੈ, ਫਰਕ ਇਹ ਹੀ ਸੀ ਕਿ ੳਦੋਂ ਪੁਲੀਸ ਗੁੰਡਿਆਂ ਨਾਲ ਸੀ।” ਔਰਤ ਨੇ ਪਹਿਲੇ ਵਾਂਗ ਹੀ ਕਿਹਾ, “ ਸ਼ੁਕਰ ਰੱਬ ਦਾ,ਹੁਣ ਤਾਂ ਸਾਡੇ ਨਾਲ ਹੈ।”
“ ਹੱਦ ਹੋ ਗਈ।” ਜੋਸ਼ੀ ਨੇ ਹੈਰਾਨੀ ਨਾਲ ਕਿਹਾ, “ ਇੰਨਾ ਵੱਡਾ ਹਾਦਸਾ ਵਾਪਰਿਆ ਹੋਵੇ ਤਾ ਸਾਨੂੰ ਪਤਾ ਹੀ ਨਾ ਹੋਵੇ।”
“ ਇਸ ਤਰਾਂ ਹੀ ਹੋਇਆ ਸੀ।” ਔਰਤ ਕੁਰਲਾਂਦੀ ਹੋਈ ਕਹਿਣ ਲੱਗੀ, “ ਪਤਾ ਨਹੀ,ਤੁਸੀ ਜਾਣਦੇ ਹੋ ਜਾਂ ਨਹੀ, ਪਰ ੳਦੋਂ ਸਾਡੇ ਨਾਲ ਖਲੋਇਆ ਵੀ ਕੋਈ ਨਾ, ਜਿਵੇ ਅੱਜ ਤੁਸੀ ਸਾਰੇ ਖਲੋਤੇ ਹੋ ਜੇ ੳਦੋਂ ਵੀ ਖਲੋ ਜਾਂਦੇ ਸ਼ਾਇਦ ਇਹ ਸਭ ਕੁਝ ਨਾ ਹੁੰਦਾ।”
“ ਬਹਿਨ ਜੀ, ਆਪ ਬਤਾਉ ਤੋ ਇਹ ਕਭ ਹੂਆ, ਕਿਆ ਹੂਆਂ?”
“ ੳਦੋਂ ਤਾਂ ਮੈਨੂੰ ਕਿਸੇ ਨਾ ਸੁਣਿਆ ਮੈ ਬੇਥੇੜਾ ਰੋਈ-ਕੁਰਲਾਈ।” ਔਰਤ ਨੇ ਆਪਣੇ ਹੰਝੂ ਦੁਪਟੇ ਨਾਲ ਪੂੰਝਦੇ ਹੋਏ ਅਤੇ ਆਪਣੇ ਆਪ ਨੂੰ ਸੰਭਾਲ ਦੇ ਕਿਹਾ, “ ਮੈ ਤਹਾਨੂੰ ਸਭ ਦੱਸਦੀ ਹਾਂ ਦਿਲਾਂ ਤੇ ਹੱਥ ਧਰ ਕੇ ਸੁਣਿਉ।”
“ ਹਾਂ ਹਾਂ ਦਸੋ।” ਜੋਸ਼ੀ ਨੇ ਕਿਹਾ, “ਜੋ ਤੁਸੀ ਪਹਿਲਾਂ ਨਹੀ ਕਹਿ ਸਕੇ, ਅੱਜ ਦੱਸ ਹੀ ਦਿਉ।”
“ ਦਹਾਈ ਤਾਂ ਦੋ ਢਾਈ ਸਦੀਆਂ ਤੋਂ ਦੇਂਦੀ ਆ ਰਹੀ ਹਾਂ, ਪਰ ਕੋਈ ਸੁਣਦਾ ਹੀ ਨਹੀ, ਜਿੰਨਾ ਸੁਣਿਆ ਉਹਨਾ ਵੀ ਅਣਸੁਣਿਆ ਕਰ ਦਿੱਤਾ।”
“ ਦੱਸੋਂ ਤਾ ਸਹੀ।”
ਔਰਤ ਚਾਰੇ ਪਾਸੇ ਅੱਖਾ ਘੁੰਮਾਈਆਂ ਅਤੇ ਆਪਣੇ ਸਿਰ ਨੂੰ ਦੋਹਾਂ ਹੱਥਾਂ ਵਿਚ ਫੜ ਕੇ ਕਹਿਣ ਲੱਗੀ, “ ਗੱਲ ੳਦੋਂ ਦੀ ਹੈ ਜਦੋਂ ਕਹਿੰਦੇ ਸੀ ਕਿ ਵੱਡਾ ਦਰੱਖਤ ਡਿਗਿਆ ਹੈ,ਉਹਨਾਂ ਦੀ ਇਸ ਸੋਚ ਨੇ ਧਰਤੀ ਪਾੜ ਦਿੱਤੀ ਸੀ ਕਿੰਨੇ ਹੀ ਜੀਆ ਦੇ ਆਲਣੇ ਟੁੱਟ ਗਏ ਸਨ, ਪਰਿਵਾਰ ਤਬਾਹ ਹੋ ਗਏ ਸੀ।ਇਹਨਾ ਹੀ ਗੁੰਡਿਆ ਦੇ ਪਿਉ ਜੋ ਆਪਣੇ ਆਪ ਨੂੰ ਦੱਰਖਤ ਦੇ ਪੁਜਾਰੀ ਦਸ ਰਹੇ ਸਨ, ਸਾਡੇ ਘਰ ਆ ਗਏ ਅਤੇ ਆਉਂਦਿਆਂ ਹੀ ਸਾਡੇ ਪ੍ਰੀਵਾਰ ਦੇ ਮਰਦਾਂ ਨੂੰ ਦੱਰਖਤ ਨਾਲ ਬੰਨ ਕੇ ਸਾੜ ਦਿੱਤਾ।”
“ ਭੈਣ ਜੀ, ਤੁਸੀ ਤਾਂ ਚੌਰਾਸੀ ਦੀ ਗੱਲ ਕਰਨ ਲੱਗ ਪਏ।” ਜੋਸ਼ੀ ਵਿਚੋਂ ਹੀ ਬੋਲ ਪਿਆ, “ ਤੁਸੀ ਤਾਂ ਕੋਈ ਧੀਆਂ ਦੇ ਹਾਦਸੇ ਦੀ ਗੱਲ ਕਰਨ ਲੱਗੇ ਸੀ।”
“ ਹਾਂ, ਦੋ ਮੇਰੀਆਂ ਧੀਆਂ ਜਿਹਨਾ ਦੀ ਉਮਰ ਬਾਰਾ ਤੇ ਚੋਦਾ ਸਾਲ ਦੀ ਸੀ, ਦੋ ਮੇਰੀ ਜਠਾਣੀ ਦੀਆਂ ਧੀਆਂ, ਇਕ ਮੇਰੀ ਦਿਰਾਣੀ ਜੋ ਮੇਰੀ ਭੈਣ ਵੀ ਸੀ ਅਤੇ ਇਕ ਮੇਰੀ ਨਾਨਣ,ਨੂੰ ਗੁੰਡਿਆਂ ਨੇ ਟੱਰਕ ਵਿਚ ਸੁੱਟ ਲਿਆ। ੳਦੋਂ ਹੀ ਪੁਲੀਸ ਆ ਗਈ ਸਾਡੀ ਜਾਨ ਵਿਚ ਜਾਨ ਆਈ ਕਿ ਅਸੀ ਹੁਣ ਬਚ ਜਾਵਾਂਗੀਆਂ। ਪੁਲੀਸ ਨੇ ਟੱਰਕ ਤੋਰ ਲਿਆ ਅਤੇ ਠਾਣੇ ਵਿਚ ਲੈ ਗਈ।”
“ ਤੁਸੀ ਤਾਂ ਕਹਿ ਰਹੇ ੳਦੋਂ ਪੁਲੀਸ ਤੁਹਾਡੇ ਨਾਲ ਨਹੀ ਸੀ।”
“ ਨਹੀ ਸੀ।” ਉਸ ਔਰਤ ਨੇ ਬੇਝਿਜਕ ਕਿਹਾ, “ ਰਾਤ ਨੂੰ ਇਸ ਪੁਲੀਸ ਨੇ ਸਾਨੂੰ ਬਦਮਾਸ਼ਾ- ਗੁੰਡਿਆਂ ਦੀਆਂ ਜੇਹਲਾਂ ਵਿਚ ਸੁੱਟ ਦਿੱਤਾ।”
“ ਹੈਂ।” ਕਿਸ ਨੇ ਹੈਰਾਨ ਹੋ ਕੇ ਕਿਹਾ, “ਸੱਚੀ।”
ਔਰਤ ਨੇ ਚੀਖ ਕੇ ਕਿਹਾ, “ ਉਹਨਾਂ ਗੁੰਡਿਆਂ ਨੇ ਮੇਰੀਆਂ ਧੀਆਂ ਦਾ ਜੋ ਹਾਲ ਕੀਤਾ,ਤੁਹਾਥੋ ਸੁਣਿਆ ਨਹੀ ਜਾਣਾ।”
“ ਤੁਸੀ ੳਦੋਂ ਕਿੱਥੇ ਸੀ।”
“ ਜਿਸ ਜਿਹਲ ਵਿਚ ਮੈਨੂੰ ਸੁਟਿਆ ਗਿਆ,ਉਹ ਮੇਰੇ ਪਿਉ ਦੇ ਹਾਣ ਕੋਈ ਭਲਾ ਮੁੱਨਖ ਸੀ, ਰੱਬ ਦੀ ਕਰਨੀ ਉਸ ਨੇ ਮੈਨੂੰ ਧੀ ਵਾਂਗ ਰੱਖਿਆ, ਜੇਹਲ ਦੇ ਇਕ ਖੂੰਜੇ ਵਿਚ ਸੁੰਗੜੀ ਬੈਠੀ ਨਿਕੰਮੀ ਮਾਂ ਆਪਣੀਆਂ ਧੀਆਂ ਦੀਆਂ ਲੇਰਾਂ ਸੁਣਦੀ ਪੱਥਰ ਹੋ ਗਈ, ਅੱਜ ਤਕ ਪਤਾ ਨਹੀ ਲੱਗਾ ਮੇਰੀਆਂ ਧੀਆਂ ਦੀਆਂ ਲਾਸ਼ਾ, ਮੇਰੀ ਨਾਨਣ ਅਤੇ ਮੇਰੀ ਭੈਣ ਦੀ ਲਾਸ਼ਾ , ਕਿੱਥੇ ਖਪਾ-ਦਬਾ ਦਿੱਤੀਆਂ।” ਇਹ ਕਹਿ ਕੇ ਔਰਤ ਫਿਰ ਰੋਣ ਲੱਗ ਪਈ।
“ ਪੁਲੀਸ ਐਸੇ ਕੈਸੇ ਕਰ ਸਕਤੀ ਹੈ।” ਕਿਸੇ ਨੇ ਕਿਹਾ, “ ਪੁਲੀਸ ਔਰ ਆਰਮੀ ਦੇਸ਼ ਕੀ ਰੱਖਿਆ ਕੇ ਲੀਏ ਹੋਤੀ ਆ।”
“ ਭਾਈ ਸਾਹਿਬ, ਜੇ ਸਭ ਜ਼ਰੂਰ ਹੋਇਆ ਹੋਗਾ।” ਇਕ ਹੋਰ ਜ਼ਨਾਨੀ ਅੱਗੇ ਆਈ, “ ਹੂਆ ਤੋ ਬਹੁਤ ਕੁਝ ਹੈ, ਅਵਾਜ਼ ਹੀ ਅੱਜ ਉੱਠੀ ਹੈ।”
“ ਆਪ ਸਾਥ ਕੀਆ ਹੂਆ।” ਇਕ ਦੇਸ਼ ਭਗਤ ਬੋਲਿਆ ਜਿਸ ਨੂੰ ਆਪਣੇ ਦੇਸ਼ ਦੀ ਪੁਲੀਸ ਔਰ ਆਰਮੀ ਤੇ ਭੋਰਸਾ ਸੀ, “ ਇਸ ਲੜਕੀ ਕੀ ਮੌਤ ਕਾ ਮਸਲਾ ਆਪ ਆਪਣੇ ਸਿਉਂ ਕਿਉਂ ਜੁੜ ਰਹੇ ਹੋ।”
“ ਆਪ ਕੂ ਬਤਾਉ ਮੇਰੇ ਸਾਥ ਕਿਆ ਹੂਆ।” ਜ਼ਨਾਨੀ ਗੁੱਸੇ ਵਿਚ ਬੋਲੀ, “ ਮੈ ਕਸ਼ਮੀਰ ਸੇ ਹੂੰ, ਮੇਰੇ ਹੀ ਪੜੌਸ ਕੀ ਇਕ ਔਰਤ ਆਰਮੀ ਵਾਲੇ ਉਠਾ ਕੇ ਲੇ ਗਏ। ਉਸ ਕੀ ਇੱਜ਼ਤ ਲੁਟ ਕੇ ਉਸ ਜਨਣ-ਅੰਗ ਮੇ ਪੱਥਰ ਬਰ ਦੀਏ,ਦਰਦ ਨਾ ਸਹਾਰਦੀ ਹੋਈ ਉਹ ਚੱਲ ਬਸੀ।”
ਉਸ ਜ਼ਨਾਨੀ ਦੀ ਗੱਲ ਸੁਣ ਕੇ ਸਾਰਿਆਂ ਦੇ ਚਿਹਰਿਆਂ ਦੇ ਰੰਗ ਉੱਡ ਗਏ। ਪਹਿਲੀ ਔਰਤ ਲੋਕਾਂ ਵੱਲ ਫਿਰ ਕੀਰਨੇ ਪਾਉਂਦੀ ਕਹਿਣ ਲੱਗੀ, “ ਹੋਇਆ ਤਾਂ ਬਹੁਤ ਕੁਝ ਅਵਾਜ਼ ਹੀ ਹੁਣ ਉੱਠੀ ਆ ਵੇ ਲੋਕੋ,ਸ਼ੁਕਰ ਆ ਤੁਹਾਡਾ ਤੁਸੀ ਅਵਾਜ਼ ਤਾਂ ਉਠਾਈ, ਸਾਨੂੰ ਤਾਂ ਕੋਈ ਇਨਸਾਫ ਨਹੀ ਮਿਲਿਆ, ਰੱਬ ਕਰੇ, ਹੁਣ ਤਹਾਨੂੰ ਤਾਂ ਜ਼ਰੂਰ ਮਿਲ ਜਾਵੇ, ਵੇ ਲੋਕੋ,ਸਾਡੀਆਂ ਇੱਜ਼ਤਾ ਲੁਟਣ ਵਾਲਿਆਂ ਨੂੰ ਤਾਂ ਵਜ਼ੀਰੀਆਂ ਦੇ ਦਿਤੀਆਂ।”
ਜੋਸ਼ੀ ਉਸ ਔਰਤ ਨੂੰ ਚੁਪ ਕਰਾਉਣ ਦੀ ਕੋਸ਼ਿਸ਼ ਕਰਦਾ ਆਪ ਵੀ ਰੋ ਰਿਹਾ ਸੀ।ਕਸ਼ਮੀਰ ਦੀ ਗੱਲ ਦੱਸਣ ਵਾਲੀ ਔਰਤ ਰੌਂਦੀ ਹੋਈ, ਪੰਜਾਬੀ ਔਰਤ ਦੇ ਗੱਲ ਲੱਗ ਕੇ ਭੁੱਬਾ ਮਾਰ ਕੇ ਰੋਣ ਲੱਗੀ। ਦੋਹਾਂ ਔਰਤਾ ਦੀਆ ਹੂਕਾਂ ਨਾਲ ਜਿਵੇ ਚੁਫੇਰਾ ਘੁੰਮ ਗਿਆ ਹੋਵੇ,ਅਸਮਾਨ ਜਿਵੇ ਕੰਬ ਉਠਿਆ ਹੋਵੇ ਅਤੇ ਧਰਤੀ ਜਿਵੇ ਹਿਲਣ ਲੱਗ ਪਈ ਹੋਵੇ। ਲੋਕੀ ਦੰਗ ਹੋਏ ਉਹਨਾਂ ਵੱਲ ਦੇਖ ਰਹੇ ਸਨ।ਲੋਕਾਂ ਨੂੰ ਪਤਾ ਨਹੀ ਸੀ ਲੱਗ ਰਿਹਾ ਉਹ ਕੀ ਕਰਨ।
ਪਹਿਲੀ ਔਰਤ ਦੀ ਅਵਾਜ਼ ਫਿਰ ਉੱਠੀ, ‘ ਵੇ ਲੋਕੋ, ਹੁਣ ਉਠੇ ਹੈ ਤਾਂ ਉਠੇ ਹੀ ਰਹੋ, ਜਦੋਂ ਵੀ ਇਨਸਾਨੀਅਤ ਦਾ ਘਾਣ ਹੋਵੇ,ਜਾਗ ਪਿਆ ਕਰੋ, ਫਿਰ ਇਹ ਨਾ ਦੇਖਿਆ ਕਰੋ ਕਿ ਇਨਸਾਨੀਅਤ ਕਿਹੜੀ ਜਾਤ ਜਾਂ ਧਰਮ ਦੀ ਹੈ,ਵੇ ਲੋਕੋ, ਆਪਾਂ ਸਭ ਇਕ ਹੀ ਤਾਂ ਹਾਂ।”
“ ਹਾਂ ਆਪਾਂ ਸਭ ਇਕ ਹੀ ਹਾਂ।” ਜੋਸ਼ੀ ਉਹਨਾਂ ਦੋਹਾਂ ਔਰਤਾਂ ਦੀ ਗੱਲਵੱਕੜੀ ਛਡਾਂਉਂਦਾ ਕਹਿ ਰਿਹਾ ਸੀ, “ ਅਸੀ ਤੁਹਾਡੇ ਦੁੱਖ ਨੂੰ ਸਮਝਦੇ ਹਾਂ।”
“ ਵੇ ਲੋਕੋ, ਬਚਾ ਲਉ ਹੋਰ ਮਾਵਾਂ ਨੂੰ, ਉਹ ਨਾ ਮੇਰੇ ਵਾਂਗ ਤੜਫਨ। ਆ ਛੇ ਦੰਰਿਦਿਆਂ ਨੂੰ ਬਖਸ਼ਉ ਨਾ।”
ਉਸ ਦੀ ਗੱਲ ਸੁਣ ਕੇ ਲੋਕਾਂ ਦੀ ਇਕੱਠੀ ਅਵਾਜ਼ ਆਈ, “ ਅਸੀ ਇਨਸਾਫ ਲੈ ਕੇ ਰਹਾਂਗੇ।”
ਇਹ ਅਵਾਜ਼ ਹੌਲੀ ਹੌਲੀ ਸਾਰੇ ਪਾਸੇ ਫੈਲ ਗਈ, ਇਹ ਅਵਾਜ਼ ਸੁਣ ਕੇ ਦੋਨੇ ਔਰਤਾਂ ਦਾ ਰੋਣਾ ਵੀ ਥੱਮਿਆ ਗਿਆ ਅਤੇ ਉਹ ਵੀ ਉਹਨਾਂ ਦੇ ਨਾਲ ਹੀ ਬੋਲਣ ਲੱਗ ਪਈਆਂ, “ ਵੇ ਲੋਕੋ ,ਸਾਨੂੰ ਵੀ ਇਨਸਾਫ ਦਵਾ ਦਿਉ, ਸਾਨੂੰ ਵੀ ਇਨਸਾਫ ਦਵਾ ਦਿਉ।ਮਹੌਲ ਇੰਨਾ ਸੰਜੀਦਾ ਹੋ ਗਿਆ ਕਿ ਇਨਸਾਫ ਦਿਉ, ਇਨਸਾਫ ਦਿਉ ਚਾਰੇ ਪਾਸਿਉ ਇਹ ਅਵਾਜ਼ਾਂ ਗੂੰਜਣ ਲੱਗੀਆਂ।
ਗਏ ਸੀ ਅਸੀ ਦੁੱਖ ਵਿਡਾਉਣ ਉਹਨਾਂ ਦਾ,
ਦਰਦ ਆਪਣਾ ਹੀ ਸਾਨੂੰ ਚੇਤੇ ਆ ਗਿਆ,
ਅੱਖ ਲੱਗੇ ਸੀ ਪੂੰਝਣ ਅਸੀ ਉਹਨਾਂ ਦੀ,
ਅਥਰੂ ਸਾਡਾ ਹੀ ਦਰਿਆ ਬਣ ਬਹਿ ਗਿਆ।
ਵੇ ਲੋਕੋ
April 9, 2013
by: ਅਨਮੋਲ ਕੌਰ
by: ਅਨਮੋਲ ਕੌਰ
This entry was posted in ਕਹਾਣੀਆਂ.