ਪਿਛਲੇ ਦਿਨੀ ਪੰਜਾਬ ਦੇ ਕਈ ਸ਼ਹਿਰਾਂ ਕਸਬਿਆਂ ਵਿੱਚ ਘੁੰਮਣ ਦਾ ਸਵੱਬ ਬਣਿਆ ਸੜਕਾਂ ਉਪਰ ਆਵਾਜਾਈ ਦੇ ਟ੍ਰੈਫਿੱਕ ਨਿਯਮਾਂ ਦੀਆਂ ਧੱਜ਼ੀਆਂ ਉਡਾਈਆਂ ਜਾ ਰਹੀਆਂ ਹਨ।ਕਿਸੇ ਨੂੰ ਕਿਸੇ ਦੀ ਕੋਈ ਪ੍ਰਵਾਹ ਨਹੀ,ਮੋਟਰਸਾਈਕਲ,ਕਾਰਾਂ,ਟਰੱਕ ਅਤੇ ਬੱਸਾਂ ਦੀ ਇੱਕ ਦੂਸਰੇ ਨੂੰ ਪਿਛੇ ਛੱਡਣ ਦੀ ਦੌੜ ਲੱਗੀ ਹੋਈ ਹੈ।ਇਝ ਲਗਦਾ ਜਿਵੇਂ ਟ੍ਰੈਫਿੱਕ ਨਿਯਮਾਂ ਤੋਂ ਡਰਾਇਵਰ ਅਣਜਾਣ ਹਨ।ਪਟਿਆਲੇ ਤੋਂ ਸੰਗਰੂਰ ਤੱਕ ਦੇ ਫਾਸਲੇ ਵਿੱਚ ਤਿੰਨ ਖਤਰਨਾਕ ਐਕਸੀਡੈਂਟ ਹੋਏ ਵੇਖੇ।ਦੋ ਕਾਰਾਂ ਅਤੇ ਮੋਟਰਸਾਈਕਲ ਚਕਨਾ ਚੂਰ ਹੋਏ ਪਏ ਸਨ।ਥੋੜੀ ਦੂਰ ਅੱਗੇ ਇੱਕ ਲੋਹੇ ਦਾ ਭਰਿਆ ਹੋਇਆ ਟਰਾਲਾ ਸੜਕ ਵਿੱਚ ਟੇਡਾ ਹੋਇਆ ਪਿਆ ਸੀ।ਜਿਸ ਨੂੰ ਕਰੇਨ ਉਠਾ ਰਹੀ ਸੀ।ਉਹਨਾਂ ਦਿਨਾਂ ਵਿੱਚ ਹੀ ਟਾਂਡੇ ਕੋਲ 12 ਸਕੂਲ ਦੇ ਬੱਚੇ ਬੱਸ ਅਤੇ ਟਰੱਕ ਦੀ ਟੱਕਰ ਵਿੱਚ ਮਾਰੇ ਗਏ ਸਨ।ਗੰਭੀਰ ਚਿੰਤਾ ਦਾ ਵਿਸ਼ਾ ਗਰੀਬੀ ਅਤੇ ਅਮੀਰੀ ਦਾ ਪਾੜ੍ਹਾ ਹੈ।ਜਿਹੜਾ ਦਿੱਨ ਬਦਿੱਨ ਗਹਿਰਾ ਹੁੰਦਾ ਜਾ ਰਿਹਾ ਹੈ।ਸਾਮਰਾਜ਼ ਲੋਕੀ ਮਾਇਆ ਦੀ ਨਗਰੀ ਵਿੱਚ ਮਾਲੋ ਮਾਲ ਹੋਈ ਜਾਦੇਂ ਹਨ।ਗਰੀਬ ਲੋਕੀ ਗਰੀਬ ਖਾਨਿਆਂ ਵਿੱਚ ਹੋਰ ਕੰਗਾਲ ਹੋਈ ਜਾ ਰਹੇ ਹਨ।ਮਹਿਗਾਈ ਨੇ ਆਮ ਲੋਕਾਂ ਦੇ ਨੱਕ ਵਿੱਚ ਦਮ ਕੀਤਾ ਹੋਇਆ ਹੈ।ਇੱਕ ਸਰਦੇ ਪੁਜਦੇ ਘਰ ਵਿੱਚ ਮੰਗਤਾ ਖੈਰ ਲੈਣ ਲਈ ਆਇਆ ਤਾਂ ਘਰ ਵਾਲਿਆਂ ਨੇ ਦੋ ਰੋਟੀਆਂ ਦੇ ਦਿੱਤੀਆਂ,ਪਰ ਉਹ ਦੋ ਹੋਰ ਰੋਟੀਆਂ ਦੀ ਮੰਗ ਕਰਨ ਲੱਗ ਪਿਆ।ਕਹਿੰਦਾ ਸਰਦਾਰ ਜੀ ਅਸੀ ਘਰ ਵਿੱਚ ਦੋ ਜੀਅ ਆਂ, ਦੋ ਦੋ ਆ ਜਾਣਗੀਆਂ , ਉਸ ਦੀ ਅਵਾਜ਼ ਵਿੱਚ ਤਰਲਾ ਸੀ।ਪਰ ਕਿਸੇ ਨੇ ਵੀ ਉਸ ਦੀ ਗੱਲ ਨੂੰ ਧਿਆਨ ਨਾਲ ਨਹੀ ਸੁਣਿਆ,ਉਹ ਕੁਝ ਦੇਰ ਉਡੀਕ ਕਰਨ ਤੋਂ ਬਾਅਦ ਆਪਣੀ ਅਧੂਰੀ ਭੁੱਖ ਭਰੀ ਮੰਗ ਲੈਕੇ ਚਲਿਆ ਗਿਆ।ਪੰਜਾਬ ਦੇ ਇੱਕ ਵੱਡੇ ਸ਼ਹਿਰ ਵਿੱਚ ਅੰਗਰੇਜ਼ੀ ਸ਼ਰਾਬ ਦੇ ਠੇਕੇਦਾਰ ਨੇ ਸ਼ਾਮ ਨੂੰ ਜਦੋਂ ਕਰਿੰਦੇ ਤੋਂ ਦਿੱਨ ਦੀ ਵੇਚ ਵੱਟਤ ਦਾ ਹਿਸਾਬ ਪੁਛਿਆ ਤਾਂ 96000 ਹਜ਼ਾਰ ਰੁਪਏ ਸੀ।ਠੇਕੇਦਾਰ ਨੇ ਢਿੱਲੇ ਜਹੇ ਬੋਲਾਂ ਨਾਲ ਕਿਹਾ,ਅੱਜ ਛੁੱਟੀ ਸੀ ਸੇਲ ਜਿਆਦਾ ਹੋਣੀ ਚਾਹੀਦੀ ਸੀ।ਕਰਿੰਦੇ ਕੋਲ ਇਸ ਦਾ ਕੋਈ ਜਵਾਬ ਨਹੀ ਸੀ,ਉਹ ਚੁੱਪ ਵੱਟੀ ਖੜਾ ਰਿਹਾ।ਮੋਗੇ ਦੀ ਚੋਣ ਵਿੱਚ ਅਕਾਲੀ,ਕਾਗਰਸੀ ਪੱਬਾਂ ਭਾਰ ਹੋਏ ਫਿਰਦੇ ਸਨ।ਪਰ ਅਕਾਲੀਆਂ ਦੀ ਜਿੱਤ ਦਾ ਜਨਤਾ ਨੂੰ ਜਿਵੇਂ ਪਹਿਲਾਂ ਹੀ ਪਤਾ ਸੀ।ਅਕਾਲੀ ਜਿਤਣਗੇ ਦੀ ਹਰ ਇੱਕ ਨੇ ਰੱਟ ਲਾਈ ਹੋਈ ਸੀ।ਤਕੜੇ ਦਾ ਸੱਤੀ ਵੀਹੀ ਸੌ ਵਾਲੀ ਕਹਾਵਤ ਸੱਚੀ ਸਾਬਤ ਹੋ ਰਹੀ ਸੀ।ਪੰਜਾਬ ਦੀ ਨੌਜੁਆਨ ਪੀੜ੍ਹੀ ਪੱਛਮੀ ਸਭਿਆਚਾਰ ਦੇ ਸਮੁੰਦਰ ਵਿੱਚ ਚੁੱਭੀ ਲਾਉਣ ਲਈ ਕਾਹਲੀ ਏ।ਇੱਕ ਵਿਆਹ ਦੀ ਪਾਰਟੀ ਵਿੱਚ ਜਦੋਂ ਭੰਗੜੇ ਦੇ ਨੌਜੁਆਨਾਂ ਨੇ ਮਲਵਈ ਬੋਲੀਆਂ ਪਾਈਆਂ ਤਾਂ ਕੋਈ ਵੀ ਭੰਗੜਾ ਪਾਉਣ ਲਈ ਨਾ ਉਠਿਆ।ਪਰ ਜਦੋਂ ਡਾਨਸਰਾਂ ਨੇ ਸਟੇਜ਼ ਤੇ ਲੱਕ ਦੇ ਗੇੜੇ ਦਿੱਤੇ ਹਵਾ ਵਿੱਚ ਨੋਟ ਸੁੱਟਦੇ 20 25 ਮੁੰਡੇ ਆਕੇ ਟੱਪਣ ਲੱਗ ਪਏ।ਨਸ਼ੇ ਵਿੱਚ ਗਲਤਾਨ ਹੋਏ ਗਿੱਚੀ ਵਿੱਚ ਵਾਲਾਂ ਦੀ ਛੋਟੀ ਜਿਹੀ ਗੁੱਤ ਨੂੰ ਉਹਨਾਂ ਨੇ ਫੈਸ਼ਨ ਬਣਾਇਆ ਹੋਇਆ ਸੀ।ਭੱਦੀ ਸ਼ਬਦਾਵਲੀ ਤੇ ਜਿਸਮਾਂ ਦੀ ਨੁਮਾਇਸ਼ ਵਾਲੇ ਪੰਜਾਬੀ ਕਲਾਕਾਰਾਂ ਨੇ ਆਪਣੀ ਤਾਂ ਗੁੱਡੀ ਅਸਮਾਨੀ ਚਾੜ ਲਈ ਆ।ਪਰ ਪੰਜਾਬੀ ਕਲਚਰ ਨੂੰ ਪਟਕਾ ਕੇ ਮਾਰਿਆ।ਕਈ ਤਾਂ ਸੌ ਚੂਹਾ ਖਾਕੇ ਬਿੱਲੀ ਹੱਜ਼ ਨੂੰ ਚਲੀ ਵਾਲੀ ਕਹਾਣੀ ਘੜ੍ਹ ਰਹੇ ਹਨ।ਆਪਣੇ ਆਪ ਨੂੰ ਕਲਾਕਾਰ ਕਹਾਉਣ ਵਾਲੇ ਦੇਸੀ ਰੰਗਾਂ ਨੂੰ ਪੱਛਮੀ ਪਿਉਂਦ ਚਾੜ ਕੇ ਪੱਕੀ ਪਾਣ ਚੜਾਉਣ ਲਈ ਜੁਟੇ ਹੋਏ ਹਨ।ਪਿੰਡਾਂ ਦੇ ਵਸਨੀਕਾਂ ਦੇ ਗੱਲ ਕਰੀਏ ਤਾਂ ਹਰ ਦੂਸਰੇ ਘਰ ਵਿੱਚ ਇੱਕ ਮਰੀਜ਼ ਹੈ।ਕਿਤੇ ਕੈਂਸਰ ਦਾ ਕਿਤੇ ਅਧਰੰਗ ਦਾ।ਹਰ ਘਰ ਵਿੱਚ ਇੱਕ ਜਾਣਾ ਹਮੇਸ਼ਾ ਇਹਨਾਂ ਕੰਮਾਂ ਵਿੱਚੋਂ ਇੱਕ ਕੰਮ ਗਿਆ ਹੁੰਦਾ। ਡਾਕਟਰ ਦੇ, ਸ਼ਾਦੀ ਭੋਗ ਤੇ,ਸਾਧਾਂ ਦੇ ਡੇਰੇ ਜਾਂ ਫਿਰ ਕਚਿਹਰੀ।ਇੱਕ ਘਰ ਵਿੱਚ ਸੱਸ ਆਪਣੀ ਨੂੰਹ ਵੱਲ ਇਸ਼ਾਰਾ ਕਰਦੀ ਬੋਲੀ,ਮੇਰੇ ਪੁੱਤ ਨੇ ਇਹ ਆਪੇ ਹੀ ਜਾਏ ਖਾਣੀ ਲੱਭ ਲਿਆਦੀ ਕਿਤੋਂ,ਹਾਲੇ ਵਿਆਹ ਨੂੰ ਸਾਲ ਹੋਇਆ।ਰੋਜ਼ ਜੂਤ ਪਤਾਣ ਹੁੰਦਾ।ਮੁੰਡਾ ਇਹਨੂੰ ਕੁੱਟਦਾ ਤੇ ਉਹ ਵੀ ਬਰਾਬਰ ਮਾਰਦੀ ਆ,ਵਾਹਗੁਰੂ ਭਾਈ ਜਮਾਨਾ ਬਦਲ ਗਿਆ।ਜਿਹੜਾ ਕਦੇ ਪੰਜਾਬ ਦਾ ਪਾਣੀ ਸ਼ਰਬਤ ਹੋਇਆ ਕਰਦਾ ਸੀ।ਮਾਲਵੇ ਵਿੱਚ ਤਾਂ ਪੀਣ ਤੋਂ ਵੀ ਰੋਕਦੇ ਨੇ ਹਰ ਕੋਈ ਫਿਲਟਰ ਵਾਲੇ ਪਾਣੀ ਪੀਣ ਦੀ ਸਲਾਹ ਦਿੰਦਾ।ਹੁਣ ਰੰਗਲਾ ਪੰਜਾਬ ਨਹੀ ਰੁੱਖਾ ਰੁੱਖਾ ਲਗਦਾ,ਕਿਉ ਕਿ ਰਿਸ਼ਤਿਆਂ ਵਿੱਚ ਪਿਆਰ ਦੇ ਕਣ ਘੱਟ ਤੇ ਮਤਲਬ ਦੇ ਜਿਆਦਾ ਨਜ਼ਰ ਆਉਦੇ ਹਨ।ਸੋਨੇ ਦੀ ਚਿੜ੍ਹੀ ਵਾਲੇ ਪੰਜਾਬ ਵਿੱਚ ਹੁਣ ਤਾਂ ਅਸਲੀ ਚਿੜ੍ਹੀ ਵੀ ਮਸਾਂ ਲੱਭਦੀ ਆ।ਘਰਾਂ ਅਤੇ ਖੇਤਾਂ ਵਿੱਚ ਸੋਹਣੇ ਸੁਨੱਖੇ ਜਾਨਵਰ ਗੁੰਮ ਹੋਏ ਪਏ ਹਨ। ਹੱਡਾਂਰੋੜੀ ਦੁਆਲੇ ਗਿਰਝਾਂ ਦੇ ਝੁਰਮਟ ਨਹੀ ਲਭਦੇ।ਪਰ ਅਵਾਰਾ ਕੁਤਿਆਂ ਦੀਆਂ ਡਾਰਾਂ ਦੀਆਂ ਡਾਰਾਂ ਫਿਰਦੀਆਂ ਹਨ।ਇਹਨਾਂ ਕੁਤਿਆਂ ਨੇ ਕਈ ਪਿੰਡਾਂ ਵਿੱਚ ਬੱਚਿਆਂ,ਬਜ਼ੁਰਗਾਂ ਔਰਤਾਂ ਨੂੰ ਨੋਚ ਨੋਚ ਖਾ ਸੁੱਟਿਆ ਹੈ।ਜਿਸ ਦੀਆਂ ਖਬਰਾਂ ਅਖਬਾਰਾਂ ਵਿੱਚ ਹਰ ਹਫਤੇ ਮਿਲਦੀਆਂ ਹਨ। ਇਹ ਅਵਾਰਾ ਕੁੱਤੇ ਬੱਚਿਆ ਨੂੰ ਤਾਂ ਪਾੜ੍ਹ ਸਕਦੇ ਹਨ, ਪਰ ਇਹਨਾਂ ਨੂੰ ਮਾਰਨਾ ਕਨੂੰਨੀ ਜੁਰਮ ਹੈ।ਸਵੇਰੇ ਸ਼ਾਮੀ ਪਿਡਾਂ ਦੇ ਧਾਰਮਿੱਕ ਅਸਥਾਨਾਂ ਵਿੱਚ ਇੱਕੋ ਸਮੇ ਉਚੀ ਉਚੀ ਅਵਾਜ਼ ਵਿੱਚ ਬੋਲਦੇ ਕਈ ਕਈ ਸਪੀਕਰ ਸ਼ਾਤੀ ਘੱਟ ਤੇ ਅਸ਼ਾਤੀ ਜਿਆਦਾ ਫਲਾਉਦੇ ਹਨ।ਕਿਉ ਕਿ ਸ਼ੋਰ ਵਿੱਚ ਕੁਝ ਵੀ ਸੁਣਾਈ ਨਹੀ ਦਿੰਦਾ।ਬਾਬੇ,ਸੰਤਾਂ ਤੇ ਸਾਧਾਂ ਦੇ ਡੇਰਿਆਂ ਤੇ ਲੋਕੀ ਟੈਪੂ,ਟਰੱਕ ਭਰਕੇ ਕਿਤੇ ਨਾਂ ਕਿਤੇ ਦਰਸ਼ਨਾਂ ਨੂੰ ਤੁਰੇ ਰਹਿੰਦੇ ਹਨ।ਜੇ ਕਰ ਤੁਹਾਡੀ ਸਰਕਾਰੇ ਦਰਬਾਰੇ ਕੋਈ ਪਹੁੰਚ ਨਹੀ ਦਫਤਰਾਂ ਵਿੱਚੋਂ ਕੰਮ ਕਰਵਾਉਣਾ ਖੂਹ ਵਿੱਚੋਂ ਗਾਂ ਕੱਢਣ ਦੇ ਬਰਾਬਰ ਆ।ਅਗਰ ਰੰਗਲੇ ਪੰਜਾਬ ਨੂੰ ਵਾਕਿਆ ਹੀ ਹਸਦਾ ਵਸਦਾ ਵੇਖਣਾ ਹੈ ਤਾਂ ਫੋਕੀ ਹਵਾ ਦੇਣ ਦੀ ਬਜਾਏ,ਇਸ ਦੀਆਂ ਉਣਤਾਈਆਂ ਖਾਮੀਆਂ ਨੂੰ ਵਾਚ ਕੇ ਕਾਰਜ਼ਸ਼ੈਲੀ ਦੇ ਵੱਖ ਵੱਖ ਖੇਤਰਾਂ ਵਿੱਚ ਸੁਧਾਰ ਕਰਨ ਦੀ ਜਰੂਰਤ ਹੈ।ਨਹੀ ਤਾਂ ਗੀਤਾਂ ਅਤੇ ਫਿਲਮਾਂ ਵਿੱਚ ਬਨਾਉਟੀ ਖੂਬਸੂਰਤੀ ਵੇਖਣ ਸੁਣਨ ਰਹਿ ਨੂੰ ਜਾਵੇਗੀ।ਜਿਸ ਨੂੰ ਵੇਖ ਕੇ ਝੁਰਨ ਤੋਂ ਸਵਾਏ ਕੁਝ ਵੀ ਨਹੀ ਮਿਲੇਗਾ।