ਅਹਿਮਦਗੜ੍ਹ’ ( ਪਰਮਜੀਤ ਸਿੰਘ ਬਾਗੜੀਆ )- ਗੁਰਮਤਿ ਸੇਵਾ ਸੁਸਾਇਟੀ ਰਜਿ. ਸੰਤ ਆਸ਼ਰਮ ਜੰਡਾਲੀ ਖੁਰਦ (ਨੇੜੇ ਅਹਿਮਦਗੜ੍ਹ, ਸੰਗਰੂਰ) ਵਲੋਂ ਗੁਰਮਤਿ ਦੇ ਪ੍ਰਚਾਰ ਅਤੇ ਪਸਾਰ ਦੇ ਆਰੰਭੇ ਕਾਰਜਾਂ ਨੂੰ ਅੱਗੇ ਤੋਰਦਿਆਂ ਉਨ੍ਹਾਂ 15 ਸ਼੍ਰੋਮਣੀ ਭਗਤਾਂ ਦੀ ਯਾਦ ਵਿਚ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ ਜਿਨ੍ਹਾਂ ਭਗਤਾਂ ਦੀ ਬਾਣੀ ਸ੍ਰੀ ਗੁਰੂ ਗ੍ਰੰਥ ਸਾਹਿਬ ਵਿਚ ਦਰਜ ਹੈ। ਸੰਤ ਗਗਨਦੀਪ ਸਿੰਘ ਦੀ ਪ੍ਰੇਰਨਾ ਅਤੇ ਕੋਸ਼ਿਸਾਂ ਸਦਕਾ ਇਹ ਨਗਰ ਕੀਰਤਨ ਸੰਤ ਆਸ਼ਰਮ ਜੰਡਾਲੀ ਤੋਂ ਆਰੰਭ ਹੋ ਕੇ ਪਿੰਡ ਜੰਡਾਲੀ ਖੁਰਦ ਅਤੇ ਜੰਡਾਲੀ ਕਲਾਂ ਥਾਣੀ ਲੰਘਿਆ। ਰਸਤੇ ਵਿਚ ਥਾਂ ਥਾਂ ‘ਤੇ ਸੰਗਤਾਂ ਵਲੋਂ ਭਰਵਾ ਸਵਾਗਤ ਕੀਤਾ ਗਿਆ । ਨਗਰ ਕੀਰਤਨ ਦੌਰਾਨ ਰਾਗੀ-ਢਾਡੀ ਜੱਥਿਆਂ ਨੇ ਗੁਰੂ ਜਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ। ਨਗਰ ਕੀਰਤਨ ਸ਼ੁਰੂ ਕਰਨ ਤੋਂ ਪਹਿਲਾਂ ਲੜੀਵਾਰ ਸ੍ਰੀ ਅਖੰਡਪਾਠਾਂ ਦੇ ਭੋਗ ਉਪਰੰਤ ਆਰੰਭਤਾ ਦੀ ਅਰਦਾਸ ਕੀਤੀ ਗਈ ਜਿਸ ਵਿਚ ਸਰਬਤ ਦੇ ਭਲੇ ਦੇ ਨਾਲ ਸਮਾਜ ਵਿਚ ਫੈਲੀਆਂ ਕੁਰੀਤੀਆਂ ਨਸ਼ੇ, ਭਰੂਣ ਹੱਤਿਆ ਅਤੇ ਦਾਜ ਆਦਿ ਦੇ ਖਾਤਮੇ ‘ਤੇ ਜੋਰ ਦਿੰਦਿਆਂ ਸੰਗਤਾਂ ਨੂੰ ਵਾਤਾਵਰਣ ਨੂੰ ਸ਼ੁਧ ਰੱਖਣ ਦੀ ਲੋੜ ਲਈ ਵੀ ਪ੍ਰੇਰਿਆ ਗਿਆ। ਇਸ ਸਮਾਗਮ ਵਿਚ ਸਿੰਘ ਸਾਹਿਬ ਗਿਆਨੀ ਤਰਲੋਚਨ ਸਿੰਘ ਜਥੇਦਾਰ ਤਖਤ ਸ੍ਰੀ ਕੇਸਗੜ੍ਹ ਸਾਹਿਬ, ਸੰਤ ਬਲਬੀਰ ਸਿੰਘ ਸੀਚੇਵਾਲ, ਸੰਤ ਤੇਜਾ ਸਿੰਘ ਐਮ. ਏ. ਖੁੱਡਾ ਵਾਲੇ, 108 ਸ੍ਰੀ ਸੰਤ ਸ਼ਰੁਸ਼ਤੀ ਦਾਸ ਜੀ ਉਦਾਸੀਨ ਸੰਪਰਦਾ ਡੇਰਾ ਜੰਡਾਲੀ, ਜਥੇਦਾਰ ਬਾਬਾ ਗੁਰਦੇਵ ਸਿੰਘ ਸਾਹਿਬਜਾਦਾ ਬਾਬਾ ਫਤਹਿ ਸਿੰਘ ਤਰਨਾ ਦਲ,ਸੰਤ ਸੁਖਵੰਤ ਸਿੰਘ ਨਾਹਲਾਂ, ਸੰਤ ਪਾਲ ਸਿੰਘ ਲੋਹੀਆਂ, ਗਿਆਨੀ ਭੁਪਿੰਦਰ ਸਿੰਘ ਦਮਦਮੀ ਟਕਸਾਲ, ਸੰਤ ਗਿਆਨੀ ਕ੍ਰਿਸ਼ਨ ਸਿੰਘ ਬੋੜਹਾਈ, ਪੰਥਕ ਵਿਦਵਾਨ ਬਾਬਾ ਬਲਦੇਵ ਸਿੰਘ ਕੰਗਣਵਾਲ, ਸੰਤ ਰਣਜੀਤ ਸਿੰਘ ਘਲੋਟੀ, ਸੰਤ ਹਰੀਪਾਲ ਸਿੰਘ ਨਿਰਮਲ ਕੁਟੀਆ ਚੋਮੋ, ਸੰਤ ਕੇਸਰਦਾਸ ਮਹਾਂਮੰਡਲੇਸ਼ਵਰ ਸੰਤ ਬਲਵਿੰਦਰ ਸਿੰਘ ਬਰੱਖਤ ਮੰਡਲੀ ਨਿਰਮਲ ਅਖਾੜਾ ਕਨਖਲ ਹਰਦੁਆਰ, ਸੰਤ ਸ਼ਮਸ਼ੇਰ ਸਿੰਘ ਜਗੇੜਾ ਪ੍ਰਧਾਨ ਸੰਤ ਸਮਾਜ, ਸੁਆਮੀ ਸੰਤ ਸ਼ੰਕਰਾਨੰਦ ਭੁਰੀ ਵਾਲਿਆਂ ਵਿਸ਼ੇਸ਼ ਤੌਰ ਤੇ ਹਾਜਰੀ ਭਰੀ। ਤਖਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਪੁੱਜੇ ਜਥੇ ਨੇ 30 ਪ੍ਰਾਣੀਆਂ ਨੂੰ ਅੰਮ੍ਰਿਤਪਾਨ ਵੀ ਕਰਵਾਇਆ ਗਿਆ।
ਨਗਰ ਕੀਰਤਨ ਵਿਚ ਸ਼ਿੰਗਾਰੇ ਹੋਏ ਊਠ ਅਤੇ ਘੋੜਿਆਂ ਦੀ ਸਜਾਵਟ ਦੇ ਨਾਲ ਨਾਲ ਗੱਤਕਾ ਪਾਰਟੀਆਂ ਦਾ ਪ੍ਰਦਰਸ਼ਨ ਵੀ ਕਮਾਲ ਰਿਹਾ। ਸੁਸਾਇਟੀ ਦੇ ਪ੍ਰਬੰਧਕਾਂ ਸੁਖਦੇਵ ਸਿੰਘ ਪਟਵਾਰੀ, ਜਥੇਦਾਰ ਜਰਨੈਲ ਸਿੰਘ, ਦਰਸ਼ਨ ਸਿੰਘ ਪਾਂਗਲੀਆਂ, ਗੁਰਦੀਪ ਸਿੰਘ ਮਿੱਠੂ ਅਤੇ ਪ੍ਰੀਤ ਮਹਿੰਦਰ ਸਿੰਘ ਬੇਦੀ ਨੇ ਬਾਬਾ ਗਗਨਦੀਪ ਸਿੰਘ ਜੀ ਦੀ ਅਗਵਾਈ ਵਿਚ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ।