ਲੁਧਿਆਣਾ: ਅਮਰੀਕਾ ਦੀ ਫਲੋਰੀਡਾ ਯੂਨੀਵਰਸਿਟੀ ਤੋਂ ਆਏ ਡਾ: ਫਰੈਡ ਜਮਿੱਤਰ ਨੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਦਾ ਦੌਰਾ ਕੀਤਾ। ਇਸ ਦੌਰੇ ਦੌਰਾਨ ਉਨ੍ਹਾਂ ਅਪਰ ਨਿਰਦੇਸ਼ਕ ਸੰਚਾਰ ਅਤੇ ਹੋਰਨਾਂ ਸਾਇੰਸਦਾਨਾਂ ਨਾਲ ਵਿਚਾਰ ਚਰਚਾ ਕੀਤੀ। ਇਸ ਤੋਂ ਪਹਿਲਾਂ ਡਾ: ਜਮਿੱਤਰ ਯੂਨੀਵਰਸਿਟੀ ਦੇ ਪੇਂਡੂ ਜੀਵਨ ਨੂੰ ਦਰਸਾਉਂਦੇ ਅਜਾਇਬ ਘਰ, ਉੱਪਲ ਮਿਊਜ਼ੀਅਮ ਅਤੇ ਫ਼ਲ ਵਿਗਿਆਨ ਵਿਭਾਗ ਵੱਲੋਂ ਤਿਆਰ ਕੀਤੇ ਜਾਂਦੇ ਵਾਇਰਸ ਮੁਕਤ ਬੂਟਿਆਂ ਦੀ ਨਰਸਰੀ ਦਾ ਵੀ ਦੌਰਾ ਕੀਤਾ।
ਸੰਚਾਰ ਕੇਂਦਰ ਬਾਰੇ ਜਾਣਕਾਰੀ ਦਿੰਦਿਆਂ ਅਪਰ ਨਿਰਦੇਸ਼ਕ ਸੰਚਾਰ ਡਾ: ਹਰਜੀਤ ਸਿੰਘ ਸਹਿਗਲ ਨੇ ਦੱਸਿਆ ਕਿ ਯੂਨੀਵਰਸਿਟੀ ਵੱਲੋਂ ਤਿਆਰ ਕੀਤੀ ਗਈ ਤਕਨਾਲੋਜੀ ਨੂੰ ਕਿਸਾਨਾਂ ਤੀਕ ਪਹੁੰਚਾਉਣ ਲਈ ਹਰ ਸੰਭਵ ਯਤਨ ਕੀਤੇ ਜਾਂਦੇ ਹਨ। ਕਿਸਾਨਾਂ ਤਕ ਸੂਚਨਾ ਪਹੁੰਚਾਉਣ ਲਈ ਪ੍ਰਿੰਟ ਅਤੇ ਇਲੈਕਟ੍ਰਾਨਿਕ ਮੀਡੀਏ ਦੇ ਸਾਰੇ ਤਰੀਕਿਆਂ ਨਾਲ ਸੂਚਨਾ ਪਹੁੰਚਾਈ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ ਤਿਆਰ ਮਾਸਕ ਰਸਾਲੇ ‘ਚੰਗੀ ਖੇਤੀ’ ‘ਪ੍ਰੋਗਰੈਸਿਵ ਫਾਰਮਿੰਗ’ ਕਿਸਾਨਾਂ ਵਿੱਚ ਬਹੁਤ ਹਰਮਨ ਪਿਆਰੇ ਹਨ। ਉਨ੍ਹਾਂ ਦੱਸਿਆ ਕਿ ਕੇਂਦਰ ਵੱਲੋਂ 100 ਤੋਂ ਵੱਧ ਕਿਤਾਬਾਂ ਜਿਨ੍ਹਾਂ ਵਿੱਚੋਂ ਯੂਨੀਵਰਸਿਟੀ ਦੀਆਂ ਖੋਜ ਪ੍ਰਾਪਤੀਆਂ ਦਾ ਕਿਤਾਬਚਾ ਪੈਕੇਜ ਆਫ ਪ੍ਰੈਕਟਿਸ ਵਿਸ਼ੇਸ਼ ਹੈ, ਕਿਸਾਨਾਂ ਤਕ ਹਾੜ੍ਹੀ ਅਤੇ ਸਾਉਣੀ ਦੇ ਮੌਸਮ ਵਿੱਚ ਪਹੁੰਚਾਈ ਜਾਂਦੀਆਂ ਹਨ। ਡਾ: ਜਮਿੱਤਰ ਨੇ ਆਪਣੀ ਫੇਰੀ ਦੌਰਾਨ ਦੱਸਿਆ ਕਿ ਕੇਂਦਰ ਵੱਲੋਂ ਪ੍ਰਦਾਨ ਕੀਤੀਆਂ ਜਾ ਰਹੀਆਂ ਸੇਵਾਵਾਂ ਤੋਂ ਉਹ ਬਹੁਤ ਪ੍ਰਭਾਵਿਤ ਹੋਏ ਹਨ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦਾ ਪਸਾਰ ਢਾਂਚਾ ਭਾਵੇਂ ਸ਼ੁਰੂਆਤੀ ਸਮੇਂ ਅਮਰੀਕਾ ਤੋਂ ਦੇਖ ਕੇ ਅਪਣਾਇਆ ਗਿਆ ਸੀ ਪਰ ਇਸ ਵਿੱਚ ਸੁਧਾਰ ਕਰਕੇ ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਨੇ ਇਕ ਮਜ਼ਬੂਤ ਪਸਾਰ ਢਾਂਚਾ ਤਿਆਰ ਕਰ ਲਿਆ ਹੈ। ਉਨ੍ਹਾਂ ਦੱਸਿਆ ਕਿ ਫਲੋਰੀਡਾ ਵਿਸੇਸ਼ ਕਰਕੇ ਸਿਟਰਸ ਲਈ ਮਸ਼ਹੂਰ ਹੈ ਅਤੇ ਇਸ ਸੂਬੇ ਵਿੱਚ ਕਿਸਾਨਾਂ ਕੋਲ 8 ਹਜ਼ਾਰ ਏਕੜ ਤਕ ਦੇ ਖੇਤ ਵੀ ਹਨ। ਇਸ ਵਿਚਾਰ ਚਰਚਾ ਵਿੱਚ ਕੇਂਦਰ ਦੇ ਵੱਖ ਵੱਖ ਸੈਕਸ਼ਨਾਂ ਬਾਰੇ ਡਾ: ਏ ਪੀ ਸਿੰਘ, ਸੀਨੀਅਰ ਐਡੀਟਰ ਅੰਗਰੇਜ਼ੀ, ਪ੍ਰੋਫੈਸਰ ਗੁਰਭਜਨ ਗਿੱਲ, ਸੰਪਾਦਕ ਪੰਜਾਬੀ, ਡਾ: ਰਮਨਜੀਤ ਸਿੰਘ ਜੱਸਲ, ਡਿਪਟੀ ਡਾਇਰੈਕਟਰ ਲੋਕ ਸੰਪਰਕ, ਡਾ: ਅਨਿਲ ਸ਼ਰਮਾ, ਸਹਾਇਕ ਨਿਰਦੇਸ਼ਕ ਟੀ ਵੀ ਅਤੇ ਰੇਡੀਓ ਨੇ ਵੀ ਜਾਣਕਾਰੀ ਦਿੱਤੀ।