ਕਟਨੀ- ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨਮੰਤਰੀ ਪਦ ਦੇ ਉਮੀਦਵਾਰ ਸ੍ਰੀ ਲਾਲ ਕ੍ਰਿਸ਼ਨ ਅਡਵਾਨੀ ਦੇ ਮੰਚ ਉਪਰ ਉਸ ਵੇਲੇ ਹਲਚਲ ਮਚ ਗਈ, ਜਦੋਂ ਉਸਦੇ ਆਪਣੀ ਹੀ ਪਾਰਟੀ ਦੇ ਵਰਕਰ ਵਲੋਂ ਉਸ ਵਲ ਚਪਲ ਸੁਟੀ ਗਈ। ਕਟਨੀ ਦੇ ਇਕ ਪੁਲਿਸ ਅਧਿਕਾਰੀ ਨੇ ਦਸਿਆ ਕਿ ਅਡਵਾਨੀ ਜਦੋਂ ਹੀ ਸਟੇਜ ਉਪਰ ਆਏ ਤਾਂ ਪਾਰਟੀ ਦੇ ਇਕ ਕਰਿੰਦੇ ਨੇ ਆਪਣੀ ਚਪਲ ਸਟੇਜ ਵਲ ਸੁਟੀ। ਪੁਲਿਸ ਨੇ ਉਸ ਵਿਅਕਤੀ ਨੂੰ ਪਕੜ ਲਿਆ ਹੈ। ਦਸਿਆ ਜਾਂਦਾ ਹੈ ਕਿ ਸ੍ਰੀ ਅਡਵਾਨੀ ਦੇ ਮੰਚ ਉਪਰ ਪਹੁੰਚਦਿਆਂ ਹੀ ਭਾਜਪਾ ਦੇ ਸਾਬਕਾ ਜਿਲ੍ਹਾ ਪ੍ਰਧਾਨ ਪਾਵਸ ਅਗਰਵਾਲ ਨੇ ਚਪਲ ਮੰਚ ਵਲ ਸੁਟੀ। ਪਾਵਸ ਦਾ ਕਹਿਣਾ ਹੈ ਕਿ ਇਹ ਚਪਲ ਉਸਦੀ ਆਪਣੀ ਨਹੀਂ ਹੈ। ਉਸਨੇ ਆਪਣੇ ਪਿਤਾ ਦੀ ਖੜ੍ਹਾਂ ਚੁਕ ਕੇ ਅਡਵਾਨੀ ਤੇ ਸੁਟੀ ਹੈ। ਅਗਰਵਾਲ ਨੇ ਕਿਹਾ ਕਿ ਅਡਵਾਨੀ ਨਕਲੀ ਲੋਹ ਪੁਰਖ ਹੈ, ਇਸ ਲਈ ਮੈਂ ਇਹ ਸੱਭ ਕੀਤਾ ਹੈ। ਉਸਨੇ ਇਹ ਵੀ ਕਿਹਾ ਕਿ ਪਾਰਟੀ ਨੂੰ ਪ੍ਰਧਾਨਮੰਤਰੀ ਪਦ ਦਾ ਉਮੀਦਵਾਰ ਬਦਲਣਾ ਚਾਹੀਦਾ ਹੈ। ਅਗਰਵਾਲ ਨੇ ਇਹ ਵੀ ਕਿਹਾ ਕਿ ਉਹ ਪਹਿਲਾਂ ਤੋਂ ਤਿਆਰ ਹੋ ਕੇ ਨਹੀ ਸੀ ਆਇਆ ਅਤੇ ਇਹ ਕੰਮ ਮੈਂ ਈਸ਼ਵਰ ਵਲੋਂ ਮਿਲੀ ਪ੍ਰੇਰਨਾ ਸਦਕੇ ਕੀਤਾ ਹੈ। ਪਾਵਸ ਦਾ ਕਹਿਣਾ ਹੈ ਕਿ ਅਡਵਾਨੀ ਦੀ ਕਹਿਣੀ ਅਤੇ ਕਥਨੀ ਵਿਚ ਬਹੁਤ ਫਰਕ ਹੈ, ਉਹ ਰਾਮ ਦੀ ਗੱਲ ਕਰਦੇ ਹਨ। ਪਰ ਜਿਨਾਹ ਦੀ ਮਜ਼ਾਰ ਤੇ ਜਾਂਦੇ ਹਨ। ਅਡਵਾਨੀ ਦੇ ਚਿਹਰੇ ਤੇ ਚਿੰਤਾ ਸਾਫ ਜਾਹਿਰ ਹੋ ਰਹੀ ਸੀ। ਬਾਅਦ ਵਿਚ ਉਨ੍ਹਾਂ ਨੇ ਆਪਣੇ ਆਪ ਨੂੰ ਕੰਟਰੋਲ ਕਰ ਲਿਆ।