ਅੰਮ੍ਰਿਤਸਰ:- ਵਿਸਾਖੀ ਸਮੇਂ ਪਾਕਿਸਤਾਨ ਦੇ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਦਰਸ਼ਨ-ਦੀਦਾਰੇ ਕਰਨ ਜਾਣ ਵਾਲੇ ਸਿੱਖ ਸ਼ਰਧਾਲੂਆਂ ਲਈ ਦਿੱਲੀ ਸਥਿਤ ਪਾਕਿਸਤਾਨ ਦੇ ਹਾਈਕਮਿਸ਼ਨਰ ਵੱਲੋਂ ਸ਼੍ਰੋਮਣੀ ਕਮੇਟੀ ਨੂੰ ਵੀਜੇ ਨਾ ਦੇਣ ਕਰਕੇ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਪਾਕਿਸਤਾਨ ਦੇ ਮਾਨਯੋਗ ਰਾਸ਼ਟਰਪਤੀ ਸ੍ਰੀ ਆਸਿਫ ਅਲੀ ਜਰਦਾਰੀ ਅਤੇ ਦੇਸ਼ ਦੇ ਮਾਨਯੋਗ ਪ੍ਰਧਾਨ ਮੰਤਰੀ ਡਾਕਟਰ ਮਨਮੋਹਨ ਸਿੰਘ ਨੂੰ ਪੱਤਰ ਲਿਖ ਕੇ ਰੋਸ ਪ੍ਰਗਟਾਇਆ ਹੈ। ਉਨ੍ਹਾਂ ਕਿਹਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸਿੱਖਾਂ ਦੀ ਚੁਣੀ ਹੋਈ ਸਿਰਮੌਰ ਧਾਰਮਿਕ ਸੰਸਥਾ ਹੈ ਜੋ ਪੰਜਾਬ ਅਤੇ ਇਸ ਤੋਂ ਬਾਹਰਲੇ ਸੂਬਿਆਂ ਵਿੱਚ ਗੁਰਦੁਆਰਾ ਸਾਹਿਬਾਨ ਦਾ ਪ੍ਰਬੰਧ ਚਲਾਉਂਦੀ ਹੈ।
ਉਨ੍ਹਾਂ ਕਿਹਾ ਕਿ ਆਪ ਜੀ ਦੇ ਧਿਆਨ ਵਿੱਚ ਲਿਆਉਣਾ ਚਾਹੁੰਦਾ ਹਾਂ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਵਿਸਾਖੀ ਸਮੇਂ ਪਾਕਿਸਤਾਨ ਦੇ ਇਤਿਹਾਸਕ ਅਸਥਾਨਾਂ ਦੇ ਦਰਸ਼ਨਾਂ ਲਈ 1400 ਸਿੱਖ ਯਾਤਰੂਆਂ ਦੀ ਲਿਸਟ ਭਾਰਤ ਸਰਕਾਰ ਤੇ ਪਾਕਿਸਤਾਨ ਅੰਬੈਸੀ ਪਾਸ ਭੇਜੀ ਗਈ ਸੀ, ਪ੍ਰੰਤੂ ਅੰਬੈਸੀ ਨੇ ਸ਼੍ਰੋਮਣੀ ਕਮੇਟੀ ਵੱਲੋਂ ਭੇਜੀ ਲਿਸਟ ਨੂੰ ਅਣਗੌਲਿਆਂ ਕਰਕੇ ਵੀਜੇ ਦੇਣੋਂ ਇਨਕਾਰ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰ ਸੰਸਥਾ ਹੈ ਜਿਸ ਦੇ ਮੈਂਬਰ ਸਾਹਿਬਾਨ ਲੋਕਾਂ ਵੱਲੋਂ ਲੋਕਤੰਤਰੀ ਢੰਗ ਨਾਲ ਚੁਣੇ ਜਾਂਦੇ ਹਨ। ਪ੍ਰੰਤੂ ਪਾਕਿਸਤਾਨ ਦੇ ਹਾਈ ਕਮਿਸ਼ਨਰ ਵੱਲੋਂ ਸੰਸਥਾ ਦੀ ਪਵਿੱਤਰਤਾ ਨੂੰ ਨਕਾਰਿਆ ਹੈ।
ਉਨ੍ਹਾਂ ਕਿਹਾ ਕਿ ਹਰੇਕ ਸਾਲ ਵਿਸਾਖੀ, ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ, ਗੁਰੂ ਅਰਜਨ ਦੇਵ ਜੀ ਸ਼ਹੀਦੀ ਅਤੇ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ਮੌਕੇ ਸ਼੍ਰੋਮਣੀ ਕਮੇਟੀ ਧਾਰਮਿਕ ਰਹੁਰੀਤਾਂ ਲਈ ਯਾਤਰੂ ਜਥੇ ਪਾਕਿਸਤਾਨ ਭੇਜਦੀ ਹੈ, ਪ੍ਰੰਤੂ ਪਾਕਿਸਤਾਨ ਹਾਈ ਕਮਿਸ਼ਨਰ ਵੱਲੋਂ ਸ਼੍ਰੋਮਣੀ ਕਮੇਟੀ ਦੀ ਬਜਾਏ ਹੋਰਨਾਂ ਗਰੁੱਪਾਂ ਦੁਆਰਾ ਭੇਜੇ ਨਾਵਾਂ ਨੂੰ ਵੀਜੇ ਦੇਣਾ ਨਿਆਂਪੂਰਵਕ ਨਹੀਂ ਕਿਉਂਕਿ ਉਹ ਗਰੁੱਪ ਕਾਨੂੰਨੀ ਤੌਰ ਤੇ ਮਾਨਤਾ ਨਹੀਂ ਰੱਖਦੇ। ਪਾਕਿਸਤਾਨ ਦੇ ਹਾਈਕਮਿਸ਼ਨਰ ਵੱਲੋਂ ਦੱਸਿਆ ਗਿਆ ਹੈ ਕਿ ਸ਼੍ਰੋਮਣੀ ਕਮੇਟੀ ਨੇ ਪਾਸਪੋਰਟ ਲੇਟ ਜਮਾਂ ਕਰਵਾਏ ਸਨ ਜੋ ਬਿਲਕੁਲ ਗਲਤ ਹੈ, ਕਿਉਂਕਿ ਹਮੇਸ਼ਾ ਹੀ ਪਾਸਪੋਰਟ ਮਨਿਸਟਰੀ ਆਫ ਹੋਮ ਅਫੇਅਰ ਭਾਰਤ ਸਰਕਾਰ ਦੁਆਰਾ ਜਮਾਂ ਕਰਵਾਏ ਜਾਂਦੇ ਹਨ ਅਤੇ ਬਾਕੀ ਗਰੁੱਪ ਜੋ ਮਨਿਸਟਰੀ ਆਫ ਹੋਮ ਅਫੇਅਰ ਤੋਂ ਕਿਸੇ ਵੀ ਤਰ੍ਹਾਂ ਮਾਨਤਾ ਪ੍ਰਾਪਤ ਨਹੀਂ ਹਨ। ਉਨ੍ਹਾਂ ਅਪੀਲ ਕੀਤੀ ਹੈ ਕਿ ਪਾਕਿਸਤਾਨ ਹਾਈ ਕਮਿਸ਼ਨਰ ਨੂੰ ਨਿਰਦੇਸ਼ ਕੀਤੇ ਜਾਣ ਕਿ ਸ਼੍ਰੋਮਣੀ ਕਮੇਟੀ ਦੀ ਮਾਨਤਾ ਤੇ ਮਹਾਨਤਾ ਅਨੁਸਾਰ ਸਿੱਖ ਸ਼ਰਧਾਲੂਆਂ ਲਈ ਵੀਜੇ ਦਿੱਤੇ ਜਾਣ।