ਅੰਮ੍ਰਿਤਸਰ:- ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਖਾਲਸਾ ਸਾਜਨਾ ਦਿਵਸ (ਵੈਸਾਖੀ) ਨੂੰ ਸਮਰਪਿਤ ਤਖਤ ਸ੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ ਵਿਖੇ ਮਾਤਾ ਸਾਹਿਬ ਕੌਰ ਗਲਰਜ਼ ਕਾਲਜ ਦੀ ਗਰਾਉਂਡ ਵਿੱਚ ਬੀਤੇ ਦਿਨ ਪੰਜਾਬ ਦੀ ਮਾਂ ਖੇਡ ਵਜੋਂ ਜਾਣੀ ਜਾਂਦੀ ਕਬੱਡੀ ਦੀਆਂ ਅੱਠ ਨਾਮਵਰ ਟੀਮਾਂ – ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਭਾਈ ਲਹਿਣਾ ਸਿੰਘ ਕਬੱਡੀ ਅਕੈਡਮੀ ਮੁਕਤਸਰ, ਮਾਧੋਪੁਰ ਸਪੋਰਟਸ ਅਕੈਡਮੀ ਫਤਹਿਗੜ੍ਹ ਸਾਹਿਬ, ਸੰਤ ਅਮਰਜੀਤ ਸਿੰਘ ਕਬੱਡੀ ਅਕੈਡਮੀ ਮੁੱਦਕੀ, ਮਾਤਾ ਨਸੀਬ ਕੌਰ ਕਬੱਡੀ ਅਕੈਡਮੀ ਫਰਵਾਹੀ ਬਰਨਾਲਾ, ਸੰਤ ਕੇਹਰ ਸਿੰਘ ਕਬੱਡੀ ਅਕੈਡਮੀ ਰੱਜੀਵਾਲ, ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ ਅਤੇ ਮੀਰੀ-ਪੀਰੀ ਸ਼ਹਿਨਸ਼ਾਹ ਕਬੱਡੀ ਅਕੈਡਮੀ ਯੂ.ਕੇ. ਬਠਿਡਾ ਵਿਚਕਾਰ ਮੁਕਾਬਲੇ ਕਰਵਾਏ ਗਏ। ਕਬੱਡੀ ਮੁਕਾਬਲੇ ਸ਼ੁਰੂ ਹੋਣ ਤੋਂ ਪਹਿਲਾਂ ਤਖਤ ਸ੍ਰੀ ਦਮਦਮਾਂ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਬਲਵੰਤ ਸਿੰਘ ਨੰਦਗੜ੍ਹ ਤੇ ਸ.ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ ਟੀਮਾਂ ਦੀ ਜਾਣ-ਪਹਿਚਾਣ ਕਰਵਾਈ ਗਈ। ਪਹਿਲਾ ਮੈਚ ਮੀਰੀ-ਪੀਰੀ ਸ਼ਹਿਨਸ਼ਾਹ ਕਬੱਡੀ ਅਕੈਡਮੀ ਯੂ.ਕੇ. ਬਠਿਡਾ ਅਤੇ ਕੇਹਰ ਸਿੰਘ ਕਬੱਡੀ ਅਕੈਡਮੀ ਰੱਜੀਵਾਲ ਦਰਮਿਆਨ, ਦੂਸਰਾ ਮੈਚ ਮਾਧੋਪੁਰ ਸਪੋਰਟਸ ਅਕੈਡਮੀ ਅਤੇ ਸੰਤ ਅਮਰਜੀਤ ਸਿੰਘ ਕਬੱਡੀ ਅਕੈਡਮੀ ਮੁੱਦਕੀ, ਤੀਸਰਾ ਮੈਚ ਮਾਤਾ ਨਸੀਬ ਕੌਰ ਕਬੱਡੀ ਅਕੈਡਮੀ ਫਰਵਾਹੀ ਬਰਨਾਲਾ ਅਤੇ ਸ਼ਹੀਦ ਭਗਤ ਸਿੰਘ ਕਬੱਡੀ ਅਕੈਡਮੀ ਬਰਨਾਲਾ, ਚੌਥਾ ਮੈਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਕੇਸਾਧਾਰੀ ਟੀਮ ਅਤੇ ਭਾਈ ਲਹਿਣਾ ਸਿੰਘ ਕਬੱਡੀ ਅਕੈਡਮੀ ਮੁਕਤਸਰ ਦਰਮਿਆਨ ਖੇਡੇ ਗਏ। ਸ.ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਨਿਗਰਾਨੀ ਹੇਠ ਹੋਏ ਕਬੱਡੀ ਮੁਕਾਬਲਿਆਂ ਵਿੱਚੋਂ ਫਾਈਨਲ ਮੁਕਾਬਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਅਤੇ ਮੀਰੀ-ਪੀਰੀ ਸ਼ਹਿਨਸ਼ਾਹ ਕਬੱਡੀ ਅਕੈਡਮੀ ਯੂ.ਕੇ. ਬਠਿਡਾ ਵਿਚਕਾਰ ਖੇਡਿਆ ਗਿਆ। ਜਿਸ ਵਿੱਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਟੀਮ ਜੇਤੂ ਰਹੀ। ਜੇਤੂ ਟੀਮ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਸ.ਮੋਹਣ ਸਿੰਘ ਬੰਗੀ ਅੰਤ੍ਰਿੰਗ ਮੈਂਬਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਸ.ਦਲਮੇਘ ਸਿੰਘ ਖੱਟੜਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ 61 ਹਜ਼ਾਰ ਰੁਪਏ ਅਤੇ ਦੂਜੇ ਨੰਬਰ ਤੇ ਰਹੀ ਟੀਮ ਨੂੰ 51 ਹਜਾਰ ਰੁਪਏ ਨਗਦ ਅਤੇ ਟਰਾਫੀਆਂ ਦੇ ਕੇ ਸਨਮਾਨਤ ਕੀਤਾ। ਇੰਨ੍ਹਾਂ ਮੁਕਬਲਿਆਂ ਵਿੱਚ ਸ.ਸੇਵਾ ਸਿੰਘ ਅਤੇ ਸ.ਮੇਜਰ ਸਿੰਘ ਸਹੇੜੀ ਕੋਚ ਵੱਲੋਂ ਰੈਫਰੀ ਦੀ ਭੂਮਿਕਾ ਨਿਭਾਈ ਗਈ ਤੇ ਸ.ਹਰਮਨਪ੍ਰੀਤ ਸਿੰਘ ਵੱਲੋਂ ਮੈਚ ਦੇਖ ਰਹੇ ਪ੍ਰਤੱਖ ਦਰਸ਼ੀਆਂ ਨੂੰ ਕੁਮੈਂਟਰੀ ਰਾਹੀਂ ਜਾਣਕਾਰੀ ਦਿੱਤੀ।
ਕਬੱਡੀ ਟੀਮਾਂ ਨੂੰ ਅਸ਼ੀਰਵਾਦ ਦੇਣ ਸਮੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਕਿਹਾ ਕਿ ਖਾਲਸਾ ਸਾਜਨਾ ਦਿਵਸ ਮੌਕੇ ਮੈਂ ਸਮੁੱਚੀ ਸਿੱਖ ਕੌਮ ਨੂੰ ਮੁਬਾਰਕਬਾਦ ਦਿੰਦਾ ਹਾਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਖਾਲਸਾ ਸਾਜਨਾ ਦਿਵਸ (ਵੈਸਾਖੀ) ਤਖਤ ਸ੍ਰੀ ਦਮਦਮਾਂ ਸਾਹਿਬ ਤਲਵੰਡੀ ਸਾਬੋ ਬਠਿਡਾ ਤੋਂ ਇਲਾਵਾ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਅੰਮ੍ਰਿਤਸਰ ਵਿਖੇ ਧੂਮਧਾਮ ਨਾਲ ਮਨਾ ਰਹੀ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਕਮੇਟੀ ਇਤਿਹਾਸਕ ਗੁਰਦੁਆਰਾ ਸਾਹਿਬਾਨ ਦੇ ਪ੍ਰਬੰਧ ਤੋਂ ਇਲਾਵਾ ਪੰਜਾਬ ਵਿੱਚ ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਹਰ ਹੀਲਾ ਵਰਤ ਰਹੀ ਹੈ। ਸ਼੍ਰੋਮਣੀ ਕਮੇਟੀ ਵੱਲੋਂ ਆਪਣੇ ਪ੍ਰਬੰਧ ਅਧੀਨ ਸਕੂਲਾਂ/ਕਾਲਜਾਂ ਵਿੱਚ ਖੇਡਾਂ ਲਾਜਮੀ ਕਰਾਰ ਦਿੱਤੀਆਂ ਗਈਆਂ ਹਨ। ਖੇਡਾਂ ਸਹਿਣ-ਸ਼ੀਲਤਾ ਤੇ ਆਪਸੀ ਮਿਲ-ਵਰਤਣ ਭਾਵਨਾ, ਪਿਆਰ ਭਾਵਨਾ ‘ਚ ਵਾਧਾ ਕਰਦੀਆਂ ਹਨ। ਉਨ੍ਹਾਂ ਕਿਹਾ ਕਿ ਕਬੱਡੀ ਟੀਮਾਂ ਤੋਂ ਇਲਾਵਾ ਵਿਸ਼ਵ ਪੱਧਰ ਤੇ ਹਾਕੀ ਦੇ ਡਿੱਗ ਰਹੇ ਮਿਆਰ ਨੂੰ ਉੱਚਾ ਚੁੱਕਣ ਲਈ ਵੱਡੇ ਪੱਧਰ ਤੇ ਉਪਰਾਲੇ ਸ਼ੁਰੂ ਕੀਤੇ ਗਏ ਹਨ। ਇਸ ਸਬੰਧੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ 16, 17 ਤੇ 18 ਅਪ੍ਰੈਲ ਨੂੰ 15 ਸਾਲ ਤੱਕ ਦੀ ਉਮਰ ਦੇ ਵਿਦਿਆਰਥੀਆਂ ਦੇ ਟਰਾਇਲ ਪਟਿਆਲਾ, ਅੰਮ੍ਰਿਤਸਰ ਤੇ ਜਲੰਧਰ ਵਿਖੇ ਰੱਖੇ ਗਏ ਹਨ। ਜਿਹੜੇ ਵਿਦਿਆਰਥੀ ਟਰਾਇਲ ਪਾਸ ਕਰਨਗੇ ਉਨ੍ਹਾਂ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਹਰ ਕਿਸਮ ਦੀ ਸਹੂਲਤ ਦਿੱਤੀ ਜਾਵੇਗੀ ਤੇ ਉਨ੍ਹਾਂ ਵਿਦਿਆਰਥੀਆਂ ਨੂੰ ਸ਼੍ਰੋਮਣੀ ਕਮੇਟੀ ਵੱਲੋਂ ਨਿਰਧਾਰਿਤ ਨਿਯਮਾਂ ਦੀ ਪੰਜ ਸਾਲ ਤੱਕ ਪਾਲਣਾ ਕਰਨੀ ਪਵੇਗੀ। ਇਸੇ ਤਰ੍ਹਾਂ ਦਸਮੇਸ਼ ਗੱਤਕਾ ਅਖਾੜਾ ਤਲਵੰਡੀ ਸਾਬੋ ਦੇ ਖਿਡਾਰੀਆਂ ਨੂੰ ਜਥੇਦਾਰ ਅਵਤਾਰ ਸਿੰਘ ਪ੍ਰਧਾਨ ਸ਼੍ਰੋਮਣੀ ਕਮੇਟੀ ਨੇ 11 ਹਜਾਰ ਰੁਪਏ ਦਾ ਵਿਸ਼ੇਸ਼ ਇਨਾਮ ਦੇ ਕੇ ਸਨਮਾਨਿਤ ਕੀਤਾ।
ਇਸ ਮੌਕੇ ਸ.ਬਲਵਿੰਦਰ ਸਿੰਘ ਭੂੰਦੜ ਮੈਂਬਰ ਰਾਜ ਸਭਾ, ਜਥੇਦਾਰ ਚਤਿੰਨ ਸਿੰਘ ਸਮਾਓ ਵਿਧਾਇਕ, ਜਥੇਦਾਰ ਗੁਰਪ੍ਰੀਤ ਸਿੰਘ ਝੱਬਰ ਤੇ ਜਥੇਦਾਰ ਭਰਪੂਰ ਸਿੰਘ ਖਾਲਸਾ, ਸ. ਗੁਰਤੇਜ ਸਿੰਘ ਢੱਡੇ, ਮਾਸਟਰ ਮਿੱਠੂ ਸਿੰਘ, ਸ.ਦਿਲਜੀਤ ਸਿੰਘ ਬੇਦੀ ਐਡੀਸ਼ਨਲ ਸਕੱਤਰ, ਸ.ਕੇਵਲ ਸਿੰਘ ਤੇ ਸ.ਪਰਮਜੀਤ ਸਿੰਘ ਸਰੋਆ ਮੀਤ ਸਕੱਤਰ, ਸ.ਕੁਲਵਿੰਦਰ ਸਿੰਘ ਰਮਦਾਸ ਇੰਚਾਰਜ ਪਬਲੀਸਿਟੀ, ਸ.ਸਕੱਤਰ ਸਿੰਘ ਤੇ ਸ.ਪਰਮਦੀਪ ਸਿੰਘ ਇੰਚਾਰਜ, ਸ.ਜਗਪਾਲ ਸਿੰਘ ਮੈਨੇਜਰ ਤਖਤ ਸ੍ਰੀ ਦਮਦਮਾਂ ਸਾਹਿਬ, ਡਾਕਟਰ ਅਮਰਜੀਤ ਸਿੰਘ ਪ੍ਰਿੰਸੀਪਲ, ਡਾਕਟਰ ਰਾਜਿੰਦਰ ਕੌਰ ਪ੍ਰਿੰਸੀਪਲ ਮਾਤਾ ਸਾਹਿਬ ਕੌਰ ਗਰਲਜ਼ ਕਾਲਜ ਆਦਿ ਹਾਜ਼ਰ ਸਨ।