ਨਵੀਂ ਦਿੱਲੀ:- ਅੱਠਵੇਂ ਪਾਤਿਸ਼ਾਹ ਸ੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਦੇ ਜੋਤੀ ਜੋਤਿ ਸਮਾਉਣ ਦਾ ਗੁਰਪੁਰਬ ਅੱਜ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਬਾਲਾ ਸਾਹਿਬ ਵਿਖੇ ਬੜੀ ਸ਼ਰਧਾ ਅਤੇ ਭਾਵਨਾ ਨਾਲ ਮਨਾਇਆ ਗਿਆ ਇਸ ਮੌਕੇ ਅੰਮ੍ਰਿਤ ਵੇਲੇ ਤੋਂ ਸੱਜੇ ਦੀਵਾਨਾ ਵਿੱਚ ਭਾਈ ਨਿਰਮਲ ਸਿੰਘ ਜੀ, ਭਾਈ ਅਮਰਜੀਤ ਸਿੰਘ ਜੀ ਪਟਿਆਲਾ ਵਾਲੇ, ਭਾਈ ਜਸਵੰਤ ਸਿੰਘ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਕੀਰਤਨੀ ਜੱਥਿਆ ਨੇ ਅਤੇ ਬੀਬੀ ਪੁਸ਼ਪਿੰਦਰ ਕੌਰ ਜੀ ਖਾਲਸਾ ਦੇ ਢਾਡੀ ਜੱਥੇ ਨੇ ਸੰਗਤ ਨੂੰ ਗੁਰੂ ਜੱਸ ਸ੍ਰਵਨ ਕਰਵਾਕੇ ਸੰਗਤਾਂ ਨੂੰ ਨਿਹਾਲ ਕੀਤਾ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਕੁਲਦੀਪ ਸਿੰਘ ਭੋਗਲ ਦਾ ਬਾਲਾ ਸਾਹਿਬ ਹਸਪਤਾਲ ਨੂੰ ਨਿੱਜੀ ਹੱਥਾਂ ਵਿਚ ਜਾਣ ਤੋਂ ਬਚਾਉਣ ਵਾਸਤੇ ਜੱਦੋ ਜਹਿਦ ਕਰਨ ਲਈ ਦਿੱਲੀ ਕਮੇਟੀ ਵੱਲੋਂ ਉਚੇਚੇ ਤੌਰ ਤੇ ਜੱਥੇਦਾਰ ਅਵਤਾਰ ਸਿੰਘ ਹਿੱਤ ਸਾਬਕਾ ਪ੍ਰਧਾਨ ਦਿੱਲੀ ਕਮੇਟੀ, ਉਂਕਾਰ ਸਿੰਘ ਥਾਪਰ, ਕੁਲਮੋਹਨ ਸਿੰਘ ਅਤੇ ਪਰਮਜੀਤ ਸਿੰਘ ਰਾਣਾ ਵਲੋਂ ਸੰਗਤਾਂ ਦੇ ਭਾਰੀ ਇਕੱਠ ਵਿਚ ਸਿਰੋਪਾ ਸ਼ਾਲ ਅਤੇ ਸ੍ਰੀ ਸਾਹਿਬ ਦੇਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਤੇ ਅਵਤਾਰ ਸਿੰਘ ਹਿੱਤ ਨੇ ਸੰਗਤਾਂ ਨੂੰ ਬਾਲਾ ਸਾਹਿਬ ਹਸਪਤਾਲ ਨੂੰ ਬਨਾਉਣ ਲਈ ਉਨ੍ਹਾਂ ਦੇ ਪ੍ਰਧਾਨਗੀ ਕਾਲ ਵਿਚ ਕੀਤੇ ਗਏ ਕਾਰਜਾ ਤੋਂ ਸੰਗਤਾਂ ਨੂੰ ਜਾਣੂੰ ਕਰਵਾਉਦਿਆ ਕਿਹਾ ਕਿ ਸਾਡੀ ਕਮੇਟੀ ਨੇ ਸਚਖੰਡਵਾਸੀ ਬਾਬਾ ਹਰਬੰਸ ਸਿੰਘ ਕਾਰ ਸੇਵਾ ਵਾਲਿਆਂ ਨੂੰ 32 ਲੱਖ ਵਿਚ ਇਹ ਜਗ੍ਹਾ ਲੈ ਕੇ ਹਸਪਤਾਲ ਬਨਾਉਣ ਵਾਸਤੇ ਦਿੱਤੀ ਸੀ ਤੇ ਸੰਗਤਾਂ ਦੇ ਸਹਿਯੋਗ ਨਾਲ ਬਾਬਾ ਜੀ ਨੇ ਬਾਲਾ ਸਾਹਿਬ ਹਸਪਤਾਲ ਬਨਾਉਣ ਵਾਸਤੇ ਕੰਮ ਸ਼ੁਰੂ ਕਰ ਦਿੱਤਾ ਸੀ ਪਰ ਕੌਮ ਦੇ ਸਰਮਾਏ ਤੋਂ ਬਣ ਰਹੇ ਹਸਪਤਾਲ ਨੂੰ ਨਿੱਜੀ ਹੱਥਾ ਵਿਚ ਦੇਣ ਲਈ ਮੌਕੇ ਦੇ ਹਾਕਮਾਂ ਨੇ ਬੜੀ ਕੋਸ਼ਿਸ਼ ਕੀਤੀ ਪਰ ਸਾਡੇ ਸ਼ੇਰ ਕੁਲਦੀਪ ਸਿੰਘ ਭੋਗਲ ਨੇ ਲੰਬੀ ਕਾਨੂੰਨੀ ਲੜਾਈ ਇਸ ਹਸਪਤਾਲ ਨੂੰ ਬਚਾਉਣ ਵਾਸਤੇ ਲੜੀ ਸੀ ਤੇ ਅਸੀਂ ਦਿੱਲੀ ਦੀ ਸੰਗਤ ਨੂੰ ਇਹ ਭਰੋਸਾ ਦਿਵਾਉਦੇ ਹਾਂ ਕਿ ਨਵੀ ਚੁਣੀ ਗਈ ਕਮੇਟੀ ਮਨਜੀਤ ਸਿੰਘ ਜੀ. ਕੇ. ਦੀ ਯੋਗ ਅਗਵਾਈ ਹੇਠ ਛੇਤੀ ਤੋਂ ਛੇਤੀ ਇਸ ਅਸਥਾਨ ਤੇ ਸ਼ਾਨਦਾਰ ਹਸਪਤਾਲ ਬਣਾ ਕੇ ਸ਼ੁਰੂ ਕਰੇਗੀ।
ਇਸ ਮੌਕੇ ਦਿੱਲੀ ਕਮੇਟੀ ਦੇ ਸੀਨੀਅਰ ਮੈਂਬਰ ਉਂਕਾਰ ਸਿੰਘ ਥਾਪਰ ਨੇ ਬਾਲਾ ਪ੍ਰੀਤਮ ਦੇ ਕੀਰਤਪੁਰ ਸਾਹਿਬ ਤੋਂ ਦਿੱਲੀ ਤੱਕ ਦੇ ਸਫਰ ਦੌਰਾਨ ਸਬੰਧਿਤ ਘਟਨਾਵਾਂ ਦਾ ਵਿਸਥਾਰਪੂਰਵਕ ਜ਼ਿਕਰ ਕੀਤਾ। ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਮੈਂਬਰ ਪਰਮਜੀਤ ਸਿੰਘ ਚੰਡੋਕ ਅਕਾਲੀ ਆਗੂ ਹਰਚਰਨ ਸਿੰਘ ਗੁਲਸ਼ਨ ਅਤੇ ਇਸਤਰੀ ਅਕਾਲੀ ਦਲ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਨੇ ਆਪਣੀ ਸਮੁਹ ਸਾਥੀਆਂ ਸਣੇ ਸੰਗਤਾਂ ਦੇ ਦਰਸ਼ਨ ਕੀਤੇ। ਇਸ ਮੌਕੇ ਸਟੇਜ ਦੀ ਸੇਵਾ ਦਿੱਲੀ ਕਮੇਟੀ ਦੇ ਮੈਂਬਰ ਗੁਰਵਿੰਦਰ ਸਿੰਘ ਮਾਲਵੀਆ ਨਗਰ ਅਤੇ ਕੁਲਮੋਹਨ ਸਿੰਘ ਨੇ ਬਖੂਬੀ ਨਿਭਾਈ।