ਲੁਧਿਆਣਾ:-ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੀ ਸਥਾਪਨਾ 1962 ਵਿੱਚ ਹੋਣ ਤੋਂ ਬਾਅਦ ਪਹਿਲੇ ਟ੍ਰਾਈਮਿਸਟਰ ਸਿਸਟਮ ਰਾਹੀਂ ਪਹਿਲੇ ਬੈਚ 1964 ਤੋਂ 1968 ਤੀਕ ਸਿੱਖਿਆ ਹਾਸਲ ਕਰਨ ਵਾਲੇ ਪੁਰਾਣੇ ਵਿਦਿਆਰਥੀਆਂ ਅਤੇ ਇਸ ਵੇਲੇ ਇਸੇ ਯੂਨੀਵਰਸਿਟੀ ਦੇ ਸੇਵਾ ਮੁਕਤ ਅਧਿਆਪਕਾਂ ਨੇ ਅੱਜ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਨਾਲ ਮੁਲਾਕਾਤ ਦੌਰਾਨ ਪੇਸ਼ਕਸ਼ ਕੀਤੀ ਹੈ ਕਿ ਉਹ ਆਪਣੇ ਪੇਂਡੂ ਭਰਾਵਾਂ ਦੀ ਯੋਗ ਅਗਵਾਈ ਲਈ ਇਸ ਯੂਨੀਵਰਸਿਟੀ ਵਿੱਚ ਪੜ੍ਹਨ ਆਉਣ ਵਾਲੇ ਵਿਦਿਆਰਥੀਆਂ ਨੂੰ ਅਗਵਾਈ ਦੇਣ ਲਈ ਆਪਣੀਆਂ ਸੇਵਾਵਾਂ ਦੇਣ ਤੋਂ ਗੁਰੇਜ਼ ਨਹੀਂ ਕਰਨਗੇ। ਇਨ੍ਹਾਂ ਅਧਿਆਪਕਾਂ ਨੇ ਕਿਹਾ ਕਿ ਸਾਡੇ ਪੇਂਡੂ ਬੱਚੇ ਵਿਗਿਆਨ ਦੀ ਪੜ੍ਹਾਈ ਕਰਨ ਤੋਂ ਪਹਿਲਾਂ ਅੰਗਰੇਜ਼ੀ ਤੋਂ ਮਾਰ ਖਾਂਦੇ ਹਨ ਅਤੇ ਜੇਕਰ ਇਨ੍ਹਾਂ ਵਿਦਿਆਰਥੀਆਂ ਦੀ ਅੰਗਰੇਜ਼ੀ ਭਾਸ਼ਾ ਤੇ ਕਮਾਂਡ ਮਜ਼ਬੂਤ ਕਰ ਦਿੱਤੀ ਜਾਵੇ ਤਾਂ ਇਹ ਹਰ ਮੈਦਾਨ ਫਤਿਹ ਕਰਨ ਦੇ ਯੋਗ ਹੋ ਜਾਂਦੇ ਹਨ।
ਇਨ੍ਹਾਂ ਪਹਿਲੇ ਬੈਚ ਦੇ ਵਿਦਿਆਰਥੀਆਂ ਨੇ ਬੀਤੇ ਦਿਨੀਂ ਆਪਣੀ ਇਕ ਵਿਸੇਸ਼ ਮਿਲਣੀ ਕੀਤੀ ਜਿਸ ਵਿੱਚ ਉਸ ਪੁਰਾਣੇ ਵਕਤ ਦੀਆਂ ਯਾਦਾਂ ਨੂੰ ਚੇਤੇ ਕੀਤਾ । ਇਸ ਪ੍ਰੋਗਰਾਮ ਤੇ ਅਧਾਰਿਤ ਇਕ ਸੀ ਡੀ ਨੂੰ ਮਾਨਯੋਗ ਵਾਈਸ ਚਾਂਸਲਰ ਡਾ: ਕੰਗ ਨੇ ਅੱਜ ਰਿਲੀਜ਼ ਕੀਤਾ। ਵਰਨਣਯੋਗ ਹੈ ਕਿ ਡਾ: ਕੰਗ ਵੀ ਇਸੇ ਬੈਚ ਦੇ ਵਿਦਿਆਰਥੀ ਹਨ। ਸੀ ਡੀ ਰਿਲੀਜ਼ ਕਰਦਿਆਂ ਡਾ: ਕੰਗ ਨੇ ਕਿਹਾ ਕਿ ਆਪਣੇ ਜਮਾਤੀਆਂ ਦੀ ਪੇਸ਼ਕਸ਼ ਨੂੰ ਵਿਧੀ ਵਿਧਾਨ ਮੁਤਾਬਕ ਜ਼ਰੂਰ ਹੁੰਗਾਰਾ ਦਿੱਤਾ ਜਾਵੇਗਾ । ਉਨ੍ਹਾਂ ਕਿਹਾ ਕਿ ਜਦੋਂ ਅਸੀਂ ਵੀ ਪਿੰਡਾਂ ਵਿਚੋਂ ਆਏ ਸਾਂ ਤਾਂ ਇਥੇ ਪੜ੍ਹਾਈ ਸ਼ੁਰੂ ਕਰਨ ਵੇਲੇ ਸਾਡੇ ਲਈ ਅੰਗਰੇਜ਼ੀ ਵੱਡੀ ਸਮੱਸਿਆ ਸੀ ਪਰ ਹੁਣ ਅੱਜ ਅਸੀਂ ਪੂਰੇ ਵਿਸ਼ਵ ਨੂੰ ਸਹੀ ਅੰਗਰੇਜ਼ੀ ਪੜ੍ਹਾਉਣ ਅਤੇ ਲਿਖਾਉਣ ਦੇ ਕਾਬਲ ਹਾਂ। ਇਹ ਯੋਗਦਾਨ ਕੇਵਲ ਸਾਡੇ ਅਧਿਆਪਕਾਂ ਦਾ ਹੀ ਹੈ।
1968 ਵਿੱਚ ਪਾਸ ਹੋਏ ਇਸ ਬੈਚ ਦੇ ਇਕ ਮੈਂਬਰ ਡਾ: ਗੁਰਦੇਵ ਸਿੰਘ ਹੀਰਾ ਅਤੇ ਇਨ੍ਹਾਂ ਦੇ ਪ੍ਰਧਾਨ ਡਾ: ਜਗੀਰ ਸਿੰਘ ਸਿੱਧੂ ਨੇ ਦੱਸਿਆ ਕਿ ਇਸ ਐਸੋਸੀਏਸ਼ਨ ਦਾ ਮਨੋਰਥ ਵੱਖ-ਵੱਖ ਥਾਵਾਂ ਤੇ ਖਿਲਰੇ ਆਪਣੇ ਪੁਰਾਣੇ ਸਾਥੀਆਂ ਨੂੰ ਇਕ ਲੜੀ ਵਿੱਚ ਪਰੋਣਾ ਹੈ ਤਾਂ ਜੋ ਇਹ ਵਿਦਿਆਰਥੀ ਆਪਣੀ ਮਹਾਨ ਵਿਦਿਅਕ ਸੰਸਥਾ ਲਈ ਸਾਰਥਿਕ ਯੋਗਦਾਨ ਪਾ ਸਕਣ। ਇਸ ਐਸੋਸੀਏਸ਼ਨ ਦੇ ਮੀਤ ਪ੍ਰਧਾਨ ਡਾ: ਜੋਰਾ ਸਿੰਘ ਬਰਾੜ ਬਣਾਏ ਗਏ ਹਨ ਜਦ ਕਿ ਡਾ: ਐਸ ਸੀ ਸ਼ਰਮਾ ਸਕੱਤਰ ਅਤੇ ਡਾ: ਜੇ ਸੀ ਠਾਕੁਰ ਵਿੱਤ ਸਕੱਤਰ ਬਣਾਏ ਗਏ ਹਨ। ਡਾ: ਮਹਿੰਦਰ ਸਿੰਘ ਸਿੱਧੂ, ਡਾ: ਗੁਰਦੇਵ ਸਿੰਘ ਹੀਰਾ, ਡਾ: ਗੁਰਨਾਮ ਸਿੰਘ ਢੀਂਡਸਾ, ਡਾ:ਯੋਗਰਾਜ ਚਾਨਣਾ ਅਤੇ ਡਾ: ਗੁਰਬਚਨ ਸਿੰਘ ਸੈਣੀ ਨੁੰ ਕਾਰਜਕਾਰਨੀ ਕਮੇਟੀ ਦਾ ਮੈਂਬਰ ਬਣਾਇਆ ਗਿਆ ਹੈ। ਵਿਸ਼ਵ ਖੁਰਾਕ ਸੰਸਥਾ ਦੇ ਸਾਬਕਾ ਸਲਾਹਕਾਰ ਡਾ: ਬੀ ਐਸ ਆਹਲੂਵਾਲੀਆ ਵੀ ਇਸ ਬੈਚ ਦੇ ਵਿਦਿਆਰਥੀ ਹੋਣ ਨਾਤੇ ਇਸ ਸੀ ਡੀ ਰਿਲੀਜ਼ ਸਮਾਰੋਹ ਵਿੱਚ ਸ਼ਾਮਿਲ ਹੋਏ।