ਬਰਨਾਲਾ,(ਜੀਵਨ ਰਾਮਗੜ੍ਹ)-ਪੰਜਾਬ ਸਰਕਾਰ ਵੱਲੋਂ 31 ਮਾਰਚ ਨੂੰ ਨੌਕਰੀਓ ਫਾਰਗ ਕੀਤੇ ਸਪੈਸ਼ਲ ਟਰੇਨਰ ਅਧਿਆਪਕ ਅਧਿਆਪਕਾਵਾਂ ਨੇ ਅੱਜ ਬਰਨਾਲਾ ਦੇ ਚਿੰਟੂ ਪਾਰਕ ਵਿਖੇ ਮਾਲਵਾ ਜੋਨ ਪੱਧਰੀ ਰੈਲ ਕਰਨ ਉਪਰੰਤ ਸ਼ਹਿਰ ਦੇ ਵੱਖ ਵੱਖ ਬਾਜਾਰਾਂ ’ਚੋਂ ਰੋਸ ਮੁਜ਼ਾਹਰਾ ਕਰਦੇ ਹੋਏ ਜਦੋਂ ਮੁੱਖ ਬੱਸ ਅੱਡੇ ਦੇ ਗੇਟ ਅੱਗੇ ਜਾਮ ਲਗਾਉਣ ਪੁੱਜੇ ਤਾਂ ਪਹਿਲਾਂ ਤੋਂ ਹੀ ਤਿਆਰ ਬੈਠੇ ਨਿੱਜੀ ਟਰਾਂਸਪੋਰਟਰਾਂ ਦੇ ਕਰਿੰਦਿਆਂ ਨੇ ਸਪੈਸ਼ਲ ਟਰੇਨਰਾਂ ਦੀ ਅੰਨ੍ਹੇਵਾਹ ਮਾਰ ਕੁਟਾਈ ਸ਼ੁਰੂ ਕਰ ਦਿੱਤੀ। ਰੋਸ ਮੁਜ਼ਾਹਰੇ ਦੇ ਨਾਲ-ਨਾਲ ਆ ਰਹੀ ਪੁਲਿਸ ਪਾਰਟੀ ਨੇ ਕੁੱਟਮਾਰ ਕਰਨ ਵਾਲੇ ਕਰਿੰਦਿਆਂ ਨੂੰ ਰੋਕਣ ਦੀ ਬਜਾਇ ਖੁਦ ਵੀ ਅਧਿਆਪਕਾ ਤੇ ਅਧਿਆਪਕਾਵਾਂ ’ਤੇ ਡੀਐਸਪੀ ਹਰਮੀਕ ਸਿੰਘ ਦਿਉਲ ਸਮੇਤ ਪੁਲਿਸ ਮੁਲਾਜ਼ਮਾਂ ਨੇ ਮਾਰ ਕੁਟਾਈ ਸ਼ੁਰੂ ਕਰ ਦਿੱਤੀਆਂ। ਰੋਸ ਮਾਰਚ ’ਚ ਨਵਵਿਆਹੀਆਂ ਦੇ ਨਾਲ ਗਰਭਵਤੀ ਅਧਿਆਪਕਾਵਾਂ ਨੂੰ ਵੀ ਕਰਿੰਦਿਆਂ ਅਤੇ ਪੁਲਿਸ ਵਾਲਿਆਂ ਨੇ ਵਾਲਾਂ ਤੋਂ ਫੜ ਕੇ ਧੂਹ ਘੜੀਸ ਕੀਤੀ ਅਤੇ ਚੁੰਨੀਆਂ ਨੂੰ ਪੈਰਾਂ ’ਚ ਰੋਲ਼ਣ ਤੋਂ ਇਲਾਵਾ ਭੱਦੀ ਸ਼ਬਦਾਵਲੀ ਦਾ ਇਸਤੇਮਾਲ ਵੀ ਕੀਤਾ।
ਘਟਨਾ ਸਥਾਨ ਤੋਂ ਪ੍ਰਾਪਤ ਜਾਣਕਾਰੀ ਮੁਤਾਬਿਕ ਪੰਜਾਬ ਸਰਕਾਰ ਵੱਲੋਂ 31 ਮਾਰਚ ਤੋਂ ਨੌਕਰੀਓਂ ਫਾਰਗ ਕੀਤੇ ਜਾਣ ਸਦਕਾ ਬੇਰੁਜਗਾਰੀ ਦਾ ਸੰਤਾਪ ਹੰਢਾ ਰਹੇ ਜੋਨ ਮਾਲਵਾ ਦੇ ਸਪੈਸ਼ਲ ਟਰੇਨਰ ਅਧਿਆਪਕਾਂ/ਅਧਿਆਪਕਾਵਾਂ ਨੇ ਸਪੈਸ਼ਲ ਟਰੇਨਰ ਯੂਨੀਅਨ ਦੀ ਅਗਵਾਈ ਹੇਠ ਅੱਜ ਬਰਨਾਲਾ ਵਿਖੇ ਰੋਸ ਮਾਰਚ ਕਰਨ ਉਪਰੰਤ ਬਰਨਾਲਾ ਦੇ ਮੁੱਖ ਬੱਸ ਸਟੈਂਡ ’ਤੇ ਜਾਮ ਲਗਾ ਦਿੱਤਾ। ਜਿਉਂ ਹੀ ਅਧਿਆਪਕ ਆਧਿਆਪਕਾਵਾਂ ਜਾਮ ਲਗਾਇਆ ਤਾਂ ਬੱਸ ਸਟੈਂਡ ’ਚ ਨਿੱਜੀ ਬੱਸ ਟਰਾਂਸਪੋਰਟਰਾਂ ਦੇ ਕਰਿੰਦਿਆਂ ਵੱਲੋਂ ਧਰਨਾਕਾਰੀਆਂ ਦੀ ਅੰਨ੍ਹੇਵਾਹ ਕੁੱਟਮਾਰ ਸੁੂਰੂ ਕਰ ਦਿੱਤੀ ਅਤੇ ਬੈਠੇ ਅਧਿਆਪਕਾਵਾਂ ’ਤੇ ਬੱਸ ਡਰਾਇਵਰਾਂ ਤੇ ਕੰਡਕਟਰਾਂ ਵੱਲੋਂ ਜਾਮ ਨੂੰ ਤੋੜਕੇ ਧੱਕੇ ਨਾਲ ਪੁਲਿਸ ਮੁਲਾਜ਼ਮਾਂ ਦੇ ਰੋਕੇ ਜਾਣ ਦੇ ਬਾਵਜੂਦ ਬੱਸਾਂ ¦ਘਾਉਣ ਦੀ ਕੋਸ਼ਿਸ਼ ਵੀ ਕੀਤੀ ਗਈ। ਜਿਸ ਉਪਰੰਤ ਜਾਮਕਾਰੀਆਂ ਤੇ ਬੱਸਾਂ ਵਾਲਿਆਂ ’ਚ ਝੜਪ ਸੁਰੂ ਹੋ ਗਈ। ਨੌਬਤ ਹੱਥੋ ਪਾਈ ’ਤੇ ਪੁੱਜ ਗਈ। ਪੁਲਿਸ ਨੇ ਸਥਿਤੀ ਕੰਟਰੋਲ ਕਰਨ ਦੀ ਬਜਾਇ ਘਟਨਾ ਸਥਾਨ ’ਤੇ ਪੁੱਜੇ ਡੀਐਸਪੀ ਹਰਮੀਕ ਸਿੰਘ ਦਿਉਲ ਨੇ ਵੀ ਆਪਣੇ ਮੁਲਾਜਮਾਂ ਸਮੇਤ ਨਿੱਜੀ ਟਰਾਂਸਪੋਰਟਰਾਂ ਦੇ ਕਰਿੰਦਿਆਂ ਦਾ ਸਾਥ ਦਿੰਦਿਆਂ ਟਰੇਨਰ ਅਧਿਆਪਕਾਂ ’ਤੇ ਮਾਰਕੁਟਾਈ ਤੇ ਡਾਂਗ ਵਰ੍ਹਾਈ। ਇਥੋਂ ਤੱਕ ਕਿ ਪ੍ਰਾਇਵੇਟ ਟਰਾਂਸਪੋਰਟਰਾਂ ਦੇ ਕਰਿੰਦਿਆਂ ਨੇ ਪੁਲਿਸ ਵਾਲਿਆਂ ਦੀਆਂ ਹੀ ਲਾਠੀਆਂ ਫੜ-ਫੜ ਕੇ ਸਰ੍ਹੇਆਮ ਅਧਿਆਪਕਾਵਾਂ ਤੇ ਕੁਟਾਪਾ ਚਾੜਿਆ ਤੇ ਭੱਦੀ ਸ਼ਬਦਾਵਲੀ ਦਾ ਪਯੋਗ ਕੀਤਾ। ਪੀੜਤਾਂ ਗਰਭਵਤੀ ਮਲਕੀਤ ਕੌਰ ਪਟਿਆਲਾ, ਨਵਵਿਆਹੀਆਂ ਜਸਪ੍ਰੀਤ ਕੌਰ ਭਦੌੜ, ਗੁਰਜੀਤ ਕੌਰ ਅਜੀਤ ਗੜ੍ਹ ਤੋਂ ਇਲਾਵਾ ਰਮਨ ਕੋਰ ਬਠਿੰਡਾ, ਜਗਨਜੀਤ ਕੌਰ ਰਾਮਪੁਰਾ, ਰੇਸ਼ਮਾ ਰਾਣੀ ਫਾਜਿਲਕਾ, ਬੇਅੰਤ ਕੌਰ ਮੁਕਤਸਰ, ਦਵਿੰਦਰ ਕੌਰ ਮੁਹਾਲੀ ਅਤੇ ਮਾਲਵਾ ਜੋਨ ਪ੍ਰਧਾਨ ਜਗਦੀਪ ਸਿੰਘ ਬਰਨਾਲਾ, ਬਰਿੰਦਰ ਸ਼ਰਮਾ ਪਟਿਆਲਾ, ਨੌਜਵਾਨ ਭਾਰਤ ਸਭਾ ਪੰਜਾਬ ਦੇ ਨਵਕਿਰਨ ਪੱਤੀ ਆਦਿ ਵੀ ਸ਼ਾਮਲ ਸਨ। ਇਸ ਮੌਕੇ ਡੀਐਸਪੀ ਹਰਮੀਕ ਸਿੰਘ ਦਿਉਲ, ਐਸ ਐਚਓ ਸਿਟੀ ਸਤੀਸ਼ ਕੁਮਾਰ, ਸੀਆਈਏ ਇੰਚਾਰਜ਼ ਬਲਜੀਤ ਸਿੰਘ ਸਮੇਤ ਭਾਰੀ ਗਿਣਤੀ ’ਚ ਪੁਲਿਸ ਕਰਮਚਾਰੀ ਹਾਜਰ ਸੀ।
ਇਸ ਘਟਨਾ ਉਪਰੰਤ ਸਪੈਸ਼ਲ ਟਰੇਨਰ ਅਧਿਆਪਕ ਆਪਣੇ ਸਘੰਰਸ਼ ਲਈ ਅੜੇ ਰਹੇ ਅਤੇ ਰੋਸ ਪ੍ਰਦਰਸ਼ਨ ਲਈ ਬਜਿੱਦ ਰਹੇ। ਪ੍ਰਾਇਵੇਟ ਟਰਾਂਸਪੋਰਟਰਾਂ ਦੇ ਕਰਿੰਦਿਆਂ ਨਾਲ ਮਿਲ ਕੇ ਬਰਨਾਲਾ ਪੁਲਿਸ ਵੱਲੋਂ ਕੀਤੀ ਗਈ ਸ਼ਾਂਤਮਈ ਤਰੀਕੇ ਨਾਲ ਆਪਣੇ ਹੱਕਾਂ ਲਈ ਰੋਸ ਪ੍ਰਦਰਸ਼ਨ ਕਰਦੇ ਸਪੈਸ਼ਲ ਟਰੇਨਰ ਅਧਿਆਪਕਾਂ ਦੀ ਕੀਤੀ ਕੁੱਟ ਮਾਰ ਦੀ ਘਟਨਾਂ ਦੀ ਪੰਜਾਬ ਸਟੂਡੈਂਟਸ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮਖ ਸਿੰਘ ਮਾਨ, ਡੀਟੀਐਫ਼ ਦੇ ਸੂਬਾ ਪ੍ਰਧਾਨ ਭੁਪਿੰਦਰ ਸਿੰਘ ਵੜੈਚ, ਇਨਕਲਾਬੀ ਕੇਂਦਰ ਦੇ ਸੂਬਾਈ ਪ੍ਰਧਾਨ ਨਰਾਇਣ ਦੱਤ ਬੀਕੇਯੂ ਉਗਰਾਹਾਂ ਦੇ ਸੂਬਾਈ ਆਗੂ ਹਰਦੀਪ ਸਿੰਘ ਟੱਲੇਵਾਲ, ਤਰਕਸੀਲ ਸੁਸਾਇਟੀ ਦੇ ਪੰਜਾਬ ਦੇ ਸੂਬਾ ਮੁਖੀ ਬਲਵਿੰਦਰ ਬਰਨਾਲਾ ਤੇ ਬੀਕੇਯੂ ਡਕੌਂਦਾ ਦੇ ਮਨਜੀਤ ਸਿੰਘ ਧਨੇਰ ਆਦਿ ਨੇ ਤਿੱਖੇ ਸ਼ਬਦਾਂ ’ਚ ਨਿਖੇਧੀ ਕੀਤੀ ਅਤੇ ਦੋਸ਼ੀਆਂ ਖਿਲਾਫ਼ ਪੁਲਿਸ ਕੇਸ ਦਰਜ਼ ਕਰਨ ਦੀ ਮੰਗ ਕੀਤੀ।