ਲੁਧਿਆਣਾ: – ਯੂਨਾਈਟਿਡ ਕਿੰਗਡਮ ਦੇ ਵੇਲਜ਼ ਦੀ ਅਸੈਂਬਲੀ ਦੇ ਮੈਂਬਰ ਜਨਾਬ ਮੁਹੰਮਦ ਅਸਗਰ ਨੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦਾ ਦੌਰਾ ਕੀਤਾ। ਉਨ੍ਹਾਂ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ: ਮਨਜੀਤ ਸਿੰਘ ਕੰਗ ਅਤੇ ਉੱਚ ਅਧਿਕਾਰੀਆਂ ਨਾਲ ਦੁਵੱਲੇ ਸਹਿਯੋਗ ਬਾਰੇ ਵਿਚਾਰ ਚਰਚਾ ਕੀਤੀ। ਉਨ੍ਹਾਂ ਦੱਸਿਆ ਕਿ ਵੇਲਜ਼ ਵਿੱਚ 11 ਯੂਨੀਵਰਸਿਟੀਆਂ ਹਨ ਜਦ ਕਿ ਉਥੇ ਦੀ ਜਨ-ਸੰਖਿਆ 30 ਲੱਖ ਦੇ ਕਰੀਬ ਹੈ। ਉਨ੍ਹਾਂ ਕਿਹਾ ਕਿ ਸੂਬੇ ਦਾ ਕੁੱਲ ਬਜਟ 15 ਬਿਲੀਅਨ ਪੌਂਡ ਹੈ ਜਿਸ ਵਿਚੋਂ ਸਿਹਤ ਕੰਮਾਂ ਅਤੇ ਵਿੱ੍ਯਦਿਆ ਉੱਤੇ 5-5 ਬਿਲੀਅਨ ਪੌਂਡ ਖਰਚ ਕੀਤਾ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਦੀਆਂ ਸਭਨਾਂ ਯੂਨੀਵਰਸਿਟੀਆਂ ਨਾਲ ਦੁਵੱਲੇ ਸਹਿਯੋਗ ਬਾਰੇ ਵਿਚਾਰ ਕੀਤਾ ਜਾ ਸਕਦਾ ਹੈ ਅਤੇ ਕਿਹਾ ਕਿ ਪੀ ਏ ਯੂ ਨਾਲ ਇਹ ਸੰਭਾਵਨਾਵਾਂ ਵਧੇਰੇ ਹਨ। ਉਨ੍ਹਾਂ ਪੀ ਏ ਯੂ ਵਿੱਚ ਚੱਲ ਰਹੇ ਖੇਤੀ ਵਿੱਦਿਆ, ਖੋਜ ਅਤੇ ਪਸਾਰ ਦੇ ਕੰਮਾਂ ਬਾਰੇ ਜਾਣਕਾਰੀ ਲਈ ਅਤੇ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਪੰਜਾਬੀ ਜਿਸ ਵੀ ਕੰਮ ਨੂੰ ਹੱਥ ਪਾਉਂਦੇ ਹਨ ਕਾਮਯਾਬੀ ਹਾਸਿਲ ਕਰਦੇ ਹਨ। ਸ਼੍ਰੀ ਅਸਗਰ ਵਿੱਦਿਆ ਬਾਰੇ ਵੇਲਜ਼ ਦੇ ਬੁਲਾਰੇ ਹਨ। ਉਹ ਕਾਲੇ ਘੱਟ ਗਿਣਤੀ ਲੋਕਾਂ ਸੰਬੰਧੀ ਵਿਸ਼ਿਆਂ ਦੇ ਪਹਿਲੇ ਡਿਪਟੀ ਮੰਤਰੀ ਦੇ ਸਲਾਹਕਾਰ ਹਨ। ਉਨ੍ਹਾਂ ਨੇ ਯੂਨੀਵਰਸਿਟੀ ਦੇ ਕੈਂਪਸ ਦਾ ਦੌਰਾ ਕੀਤਾ ਅਤੇ ਪੰਜਾਬ ਦੀ ਪੇਂਡੂ ਸਭਿਅਤਾ ਨੂੰ ਦਰਸਾਉਂਦਾ ਅਜਾਇਬ ਘਰ ਬੜੀ ਦਿਲਚਸਪੀ ਨਾਲ ਵੇਖਿਆ। ਸ਼੍ਰੀ ਅਸਗਰ, ਜੋ ਮੁੱਢਲੇ ਤੌਰ ਤੇ ਪੰਜਾਬੀ ਹਨ, ਨੇ ਅਜਾਇਬ ਘਰ ਵਿੱਚ ਰੱਖੀਆਂ ਚੀਜ਼ਾਂ ਦੇਖ ਕੇ ਆਪਣਾ ਬਚਪਨ ਯਾਦ ਕੀਤਾ। ਉਨ੍ਹਾਂ ਦੇ ਨਾਲ ਵੇਲਜ਼ ਦੇ ਘੱਟ ਗਿਣਤੀ ਕਮਿਸ਼ਨ ਦੇ ਨੁਮਾਇੰਦੇ ਅਤੇ ਉੱਘੇ ਕਲੀਨੀਕਲ ਸਾਈਕਾਲੋਜਿਸਟ ਅਤੇ ਵਿੱਦਿਆ ਸਾਸ਼ਤਰੀ ਡਾ: ਰਛਪਾਲ ਸਿੰਘ ਰੰਧਾਵਾ ਵੀ ਸਨ। ਵਿਚਾਰ ਵਟਾਂਦਰੇ ਦੌਰਾਨ ਡਾ: ਕੰਗ ਨੇ ਕਿਹਾ ਕਿ ਪੀ ਏ ਯੂ ਨੇ ਕਈ ਮੁਲਕਾਂ ਵਿੱਚ ਵਿਦਿਅਕ ਅਦਾਰਿਆਂ ਨਾਲ ਸਮਝੌਤੇ ਕੀਤੇ ਹਨ ਅਤੇ ਵੇਲਜ਼ ਦੀਆਂ ਯੂਨੀਵਰਸਿਟੀਆਂ ਨਾਲ ਵੀ ਇਕਰਾਰਨਾਮਾ ਕਰਕੇ ਉਹ ਦੁਵੱਲੇ ਸਹਿਯੋਗ ਦੇ ਇੱਛੁਕ ਹਨ। ਹਾਜ਼ਰ ਯੂਨੀਵਰਸਿਟੀ ਦੇ ਉੱਚ ਅਧਿਕਾਰੀਆਂ ਨੇ ਸ਼੍ਰੀ ਅਸਗਰ ਨੂੰ ਸੁਆਲ ਕਰਕੇ ਆਪਣੇ ਵਿਦਿਅਕ ਮੁੱਦਿਆਂ ਬਾਰੇ ਜਾਣਕਾਰੀ ਲਈ।
ਵੇਲਜ਼ ਦੀ ਅਸੈਂਬਲੀ ਦੇ ਮੈਂਬਰ ਮੁਹੰਮਦ ਅਸਗਰ ਨੇ ਪੀ ਏ ਯੂ ਦਾ ਦੌਰਾ ਕੀਤਾ ਵਿੱਦਿਆ ਦੇ ਦੁਵੱਲੇ ਸਹਿਯੋਗ ਬਾਰੇ ਵਿਚਾਰ ਕੀਤੇ ਗਏ
This entry was posted in ਖੇਤੀਬਾੜੀ.