ਪਟਿਆਲਾ – ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਰੂਹੇ ਰਵਾਂ ਸ਼੍ਰੀ ਐਸ ਪੀ ਸਿੰਘ ਓਬਰਾਏ ਨੇ ਦੱਸਿਆ ਕਿ ਉਹਨਾ ਦੀ ਟਰੱਸਟ 42 ਸਵੈ ਇੱਛਤ ਸੰਸਥਾਵਾਂ ਨੂੰ ਹਰ ਸਾਲ ਸਮਾਜ ਭਲਾਈ ਦੀਆਂ ਸਕੀਮਾਂ ਨੂੰ ਚਾਲੂ ਰੱਖਣ ਲਈ 4 ਕਰੋੜ ਰੁਪਏ ਦੀ ਸਹਾਇਤਾ ਦਿੰਦੀ ਹੈ।ਮਾਲਵਾ ਆਰਟਸ,ਸਪੋਰਟਸ,ਕਲਚਰਲ ਅਤੇ ਐਜੂਕੇਸ਼ਨਲ ਟਰੱਸਟ ਵਲੋਂ ਸਿਕਲੀਗਰ ਬਸਤੀ ਅਬਲੋਵਾਲ ਦੇ ਅਡਾਪਟ ਕੀਤੇ ਬੱਚਿਆਂ ਨੂੰ ਮੁਫਤ ਕਾਪੀਆਂ ਕਿਤਾਬਾਂ ਅਤੇ ਸਪੋਰਟਸ ਕਿਟਾਂ ਦੇਣ ਲਈ ਆਯੋਜਤ ਸਮਾਗਮ ਵਿੱਚ ਆਪਣੇ ਵਿਚਾਰ ਪ੍ਰਗਟ ਕਰਦਿਆਂ ਉਹਨਾਂ ਇਹ ਜਾਣਕਾਰੀ ਦਿੱਤੀ। ਇਸ ਮੌਕੇ ਤੇ ਉਹਨਾਂ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸਾਰੇ ਬੱਚੇ ਰੱਬ ਦਾ ਰੂਪ ਹੁੰਦੇ ਹਨ ,ਇਸ ਲਈ ਹਰ ਬੱਚੇ ਨੂੰ ਉਚੀ ਵਿਦਿਆ ਹਾਸਲ ਕਰਨ ਦੇ ਮੌਕੇ ਦੇਣਾ ਸਮਾਜ ਦਾ ਫਰਜ ਬਣਦਾ ਹੈ। ਉਹਨਾ ਇਸ ਮੌਕੇ ਤੇ ਐਲਾਨ ਕੀਤਾ ਕਿ ਉਹ ਮਸਕਟ ਨੂੰ ਇਹਨਾਂ ਬੱਚਿਆਂ ਦੀ ਸਹਾਇਤਾ ਲਈ ਸਾਲ ਵਿੱਚ 1 ਲੱਖ 20 ਹਜ਼ਾਰ ਰੁਪਏ ਦਿਆ ਕਰਨਗੇ। ਇਸਤੋਂ ਇਲਾਵਾ ਬੱਚਿਆਂ ਨੂੰ ਆਧੁਨਿਕ ਸਮੇਂ ਦੀ ਲੋੜ ਅਨੁਸਾਰ ਕੰਪਿਊਟਰ ਸਿਖਿਆ ਦੇਣ ਲਈ ਇੱਕ ਕੰਪਿਊਟਰ ਦੇਣ ਦਾ ਵੀ ਐਲਾਨ ਕੀਤਾ,ਉਹਨਾ ਇਹ ਵੀ ਕਿਹਾ ਜੇਕਰ ਹੋਰ ਕੰਮਪਿਊਟਰਾਂ ਦੀ ਲੋੜ ਹੋਵੇਗੀ ਹੋਰ ਵੀ ਦਿੱਤੇ ਜਾਣਗੇ ਤਾਂ ਜੋ ਇਹ ਬੱਚੇ ਸਮਾਜ ਵਿੱਚ ਚੰਗਾ ਰੁਤਬਾ ਹਾਸਲ ਕਰ ਸਕਣ।। ਉਹਨਾ ਅੱਗੋਂ ਕਿਹਾ ਕਿ ਸਰਬੱਤ ਦਾ ਭਲਾ ਚੈਰੀਟਏਬਲ ਟਰੱਸਟ ਸਮਾਜ ਦੇ ਹਰ ਲੋੜਵੰਦ ਸ਼ਹਿਰੀ ਦੀ ਮਦਦ ਕਰਨ ਲਈ ਤੱਤਪਰ ਰਹੇਗੀ,ਵਿਸ਼ੇਸ਼ ਤੌਰ ਤੇ ਗਰੀਬ,ਦੱਬੇ ਕੁਚਲੇ,ਅੰਗਹੀਣ,ਵਿਧਵਾਵਾਂ,ਯਤੀਮ ਅਤੇ ਜਿਹਨਾਂ ਨੂੰ ਸਮਾਜ ਨੇ ਅਣਡਿਠ ਕੀਤਾ ਹੋਇਆ ਹੈ । ਉਹਨਾ ਇਹ ਵੀ ਐਲਾਨ ਕੀਤਾ ਕਿ ਉਹ ਆਪਣੀ ਸੰਸਥਾ ਲਈ ਕਿਸੇ ਤੋਂ ਵੀ ਮਾਲੀ ਸਹਾਇਤਾ ਨਹੀਂ ਲੈਂਦੇ ਸਗੋਂ ਆਪਣੇ ਹੀ ਕਾਰੋਬਾਰ ਵਿੱਚੋਂ ਦਸਾਉਂਧ ਕੱਢਕੇ ਸਮਾਜ ਸੇਵਾ ਜਾਰੀ ਰੱਖਣਗੇ। ਉਹਨਾਂ ਦੱਸਿਆ ਕਿ ਉਹਨਾਂ ਨੇ ਸਿਆਟਲ ਅਮਰੀਕਾ ਵਿਖੇ ਸਰਬੱਤ ਦਾ ਭਲਾ ਟਰੱਸਟ ਦੀ ਬਰਾਂਚ ਖੋਲ ਦਿੱਤੀ ਹੈ। ਉਥੇ ਉਹਨਾਂ ਨੂੰ ਆਰਥਕ ਸਹਾਇਤਾ ਦੇਣ ਦੀ ਇੱਛਾ ਪ੍ਰਵਾਸੀ ਪੰਜਾਬੀਆਂ ਵਲੋਂ ਪ੍ਰਗਟ ਕੀਤੀ ਗਈ ਸੀ ਪ੍ਰੰਤੂ ਉਹਨਾ ਉਥੇ ਦੋ ਲੋੜਵੰਦਾਂ ਦੀ ਮਦਦ ਕਰਨ ਲਈ ਉਹ ਰਾਸ਼ੀ ਉਹਨਾ ਲੋਕਾਂ ਨੂੰ ਵਰਤਣ ਲਈ ਕਿਹਾ। ਉਹਨਾ ਕਿਹਾ ਕਿ ਅਗਲੇ ਸਾਲ ਸਮਾਜ ਭਲਾਈ ਦੇ ਕਾਰਜਾਂ ਤੇ 16 ਕਰੋੜ ਰੁਪਏ ਖਰਚਣ ਦੀ ਤਜਵੀਜ ਹੈ। ਇਸ ਮੌਕੇ ਤੇ ਉਹਨਾ ਵਿਦਿਆਰਥੀਆਂ ਨੂੰ ਸਪੋਰਟਸ ਦਾ ਸਾਮਾਨ,ਕਾਪੀਆਂ,ਕਿਤਾਬਾਂ ਅਤੇ ਹੋਰ ਸਾਮਾਨ ਤਕਸੀਮ ਕੀਤਾ।
ਇਸ ਮੌਕੇ ਤੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਡਾ ਹਰਕੇਸ਼ ਸਿੰਘ ਸਿੱਧੂ ਕਿਰਤ ਕਮਿਸ਼ਨਰ ਪੰਜਾਬ ਅਤੇ ਮਸਕਟ ਦੇ ਚੇਅਰਮੈਨ ਨੇ ਕਿਹਾ ਕਿ 2002 ਵਿੱਚ ਇਸ ਬਸਤੀ ਨੂੰ ਮਸਕਟ ਨੇ ਅਡਾਪਟ ਕੀਤਾ ਸੀ । ਉਦੋਂ ਇਹਨਾ ਬੱੰਚਿਆਂ ਦੇ ਮਾਤਾ ਪਿਤਾ ਵੀ ਬੱਚਿਆਂ ਨੂੰ ਪੜ੍ਹਾਉਣਾ ਨਹੀਂ ਚਾਹੁੰਦੇ ਸਨ ਕਿਉਂਕਿ ਇਹ ਬੱਚੇ ਮਾਪਿਆਂ ਨਾਲ ਕੰਮ ਕਰਵਾਕੇ ਪਰਿਵਾਰ ਦਾ ਗੁਜਾਰਾ ਕਰਨ ਵਿੱਚ ਸਹਾਇਤਾ ਕਰਦੇ ਸਨ। ਹੁਣ ਖੁਸ਼ੀ ਦੀ ਗੱਲ ਹੈ ਕਿ ਸਾਡੇ ਇਸ ਈਵਨਿੰਗ ਸਕੂਲ ਵਿੱਚ 106 ਬੱਚੇ ਪੜ੍ਹ ਰਹੇ ਹਨ ਇਹਨਾਂ ਬੱਚਿਆਂ ਦੀ ਪੜ੍ਹਾਈ ਦਾ ਸਾਰਾ ਖਰਚਾ ਮਸਕਟ ਕਰਦੀ ਹੈ । ਇਸ ਸਕੂਲ ਦੇ ਪੜ੍ਹਾਏ ਬੱਚੇ ਇੰਜਨਿਅਰਿੰਗ,ਕੰਪਿਊਟਰ,ਬਿਊਟੀਸ਼ਨ ਅਤੇ ਹੋਰ ਕਿਤੇ ਕਰਕੇ ਆਪਣੇ ਪਰਿਵਾਰਾਂ ਦੀ ਮਦਦ ਕਰ ਰਹੇ ਹਨ।ਇਸਤੋਂ ਪਹਿਲਾਂ ਇਸ ਬਸਤੀ ਦਾ ਕੋਈ ਵੀ ਬੱਚਾ ਸਕੂਲ ਨਹੀਂ ਜਾਂਦਾ ਸੀ ਅਤੇ ਨਾ ਹੀ ਕਿਸੇ ਬੱਚੇ ਪੜ੍ਹਾਈ ਕੀਤੀ ਸੀ। ਇਸ ਬਸਤੀ ਦਾ ਇੱਕ ਬੱਚਾ ਥਾਪਰ ਕਾਲਜ ਤੋਂ ਡਿਪਲੋਮਾ ਕਰ ਚੁੱਕਾ ਹੈ।ਉਹਨਾ ਬੱਚਿਆਂ ਨੂੰ ਨਸ਼ਿਆਂ ਅਤੇ ਹੋਰ ਸਮਾਜਿਕ ਬੁਰਾਈਆਂ ਤੋਂ ਦੂਰ ਰਹਿਣ ਦੀ ਤਾਕੀਦ ਕੀਤੀ।ਇਸ ਮੌਕੇ ਤੇ ਆਏ ਮਹਿਮਾਨਾਂ ਨੂੰ ਡਾ ਰਵੀ ਭੂਸ਼ਨ ਜਨਰਲ ਸਕੱਤਰ ਮਸਕਟ ਨੇ ਜੀਅ ਆਇਆਂ ਕਹਿੰਦਿਆਂ ਦੱਸਿਆ ਕਿ ਇਸ ਬਸਤੀ ਦੀਆਂ ਇਸਤਰੀਆਂ ਨੂੰ ਆਪਣੇ ਪੈਰਾਂ ਤੇ ਖੜ੍ਹੇ ਹੋਣ ਲਈ ਸਿਲਾਈ ਤੇ ਕਢਾਈ ਦੀ ਸਿਖਿਆ ਵੀ ਦਿੱਤੀ ਜਾਂਦੀ ਸੀ, ਜਿਸਨੂੰ ਹੁਣ ਦੁਬਾਰਾ ਸ਼ੁਰੂ ਕਰ ਦਿੱਤਾ ਜਾਵੇਗਾ । ਉਹਨਾ ਸ਼੍ਰੀ ਉਬਰਾਏ ਵਲੋਂ ਖੁਲ੍ਰਦਿਲੀ ਨਾਲ ਸਹਾਇਤਾ ਕਰਨ ਦਾ ਵੀ ਧੰਨਵਾਦ ਕੀਤਾ। ਹੋਰਨਾ ਤੋਂ ਇਲਾਵਾ ਮਿੱਟੀ ਮਾਲਵੇ ਦੀ ਮੈਗਜੀਨ ਦੇ ਪ੍ਰਬੰਧਕੀ ਸੰਪਾਦਕ ਉਜਾਗਰ ਸਿੰਘ ,ਕਰਨਲ ਕਰਮਿੰਦਰਾ ਸਿੰਘ ਉਪ ਪਰਧਾਨ ਸਲੱਮ ਡਿਵੈਲਪਮੈਂਟ ਪ੍ਰਾਜੈਕਟ,ਪ੍ਰਮੋਦ ਕੁਮਾਰ ਗੁਪਤਾ ਪ੍ਰਾਜੈਕਟ ਕਨਵੀਨਰਕੇ ਐਸ ਕਪੂਰ ਮੈਨੇਜਰ ਵਿਤ,ਐਨ ਐਸ ਸੋਢੀ ,ਵੀ ਕੇ ਅਤਰੀ,ਲਾਇਨ ਐਸ ਐਸ ਸੋਢੀ,ਐਸ ਕੇ ਜਿੰਦਲ,ਵੀ ਕੇ ਗਰਗ ਐਕਸੀਨ,ਐਮ ਆਰ ਸ਼ਰਮਾ ਅਤੇ ਹੋਰ ਪਤਵੰਤੇ ਵਿਅਕਤੀ ਹਾਜ਼ਰ ਸਨ।