ਨਵੀਂ ਦਿੱਲੀ:-ਸ਼੍ਰੋਮਣੀ ਅਕਾਲੀ ਦਲ ਦੀ ਮੈਂਬਰ ਪਾਰਲੀਆਮੈਂਟ ਬੀਬਾ ਹਰਸਿਮਰਤ ਕੌਰ ਬਾਦਲ ਨੇ ਅੱਜ ਨਵੀਂ ਦਿੱਲੀ ਵਿੱਖੇ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧੀਨ ਚਲਦੇ ਗੁਰੂ ਗੋਬਿੰਦ ਸਿੰਘ ਕਾਲਜ ਆਫ ਕਾਮਰਸ ਵਿਖੇ ਮੁੱਖ ਮਹਿਮਾਨ ਵਜੋਂ ਬੋਲਦੇ ਹੋਏ ਕਿਹਾ ਕਿ ਮੇਰੇ ਵਾਸਤੇ ਬੜੇ ਸਨਮਾਨ ਦੀ ਗੱਲ ਹੈ ਕਿ ਮੈਨੂੰ ਦਿੱਲੀ ਦੇ ਮੰਨੇ ਪ੍ਰਮੰਨੇ ਕਾਲਜ ਵਿਚ ਵਿਦਿਆਰਥੀਆਂ ਦੇ ਰੁਬਰੂ ਹੋਣ ਦਾ ਮੌਕਾ ਮਿਲਿਆ ਹੈ, ਅੱਜ ਸਾਡੇ ਦੇਸ਼ ਵਿਚ 25 ਸਾਲ ਤੋਂ ਘੱਟ ਉਮਰ ਦੇ ਨੌਜਵਾਨਾਂ ਦੀ ਆਬਾਦੀ ਲਗਭਗ 55 ਫੀਸਦੀ ਹੈ ਤੇ ਅਸੀਂ ਅਗਰ ਆਪਣੇ ਦੇਸ਼ ਦਾ ਭਵਿੱਖ ਚੰਗਾ ਕਰਨਾ ਹੈ ਤੇ ਸਾਨੂੰ ਆਪਣੇ ਨੌਜਵਾਨਾਂ ਨੂੰ ਦੇਸ਼ ਨਿਰਮਾਣ ਵਾਸਤੇ ਸੁਚੱਜੇ ਤਰੀਕੇ ਨਾਲ ਵਰਤਣਾ ਪਵੇਗਾ, ਜਿਸ ਵਿਚ ਸਾਡੇ ਵਿਦਿਅਕ ਅਦਾਰੇ ਆਪਣਾ ਬਹੁਤ ਵੱਡਾ ਹਿੱਸਾ ਪਾ ਸਕਦੇ ਹਨ। ਉਨ੍ਹਾਂ ਨੇ ਇਸ ਮੌਕੇ ਕਾਲਜ ਦੇ ਕਾਰਜਾਂ ਨੂੰ ਦਰਸ਼ਾਉਦੀ ਇਕ ਪੁਸਤਿਕਾ “ਇਅਰ ਬੁਕ 2013” ਨੂੰ ਵੀ ਰਿਲੀਜ਼ ਕੀਤਾ।
ਹਰਸਿਮਰਤ ਕੌਰ ਬਾਦਲ ਨੇ ਦਾਅਵਾ ਕੀਤਾ ਹੈ ਕਿ ਸਾਡੇ ਦੇਸ਼ ਵਿਚ ਅੱਜ ਵੀ 55 ਫੀਸਦੀ ਬੀਬੀਆਂ ਤੇ 30 ਫੀਸਦੀ ਮਰਦ ਪੜੇ ਲਿੱਖੇ ਨਹੀਂ ਹਨ, ਪਰ ਜਦੋਂ ਅਸੀ ਦੇਸ਼ ਨਿਰਮਾਣ ਦੀਆਂ ਗੱਲਾਂ ਕਰਦੇ ਹੋਏ ਵੋਟਾਂ ਪਾਉਣ ਜਾਦੇ ਹਾਂ ਤੇ ਸਾਡੇ ਵਿਚੋਂ ਹੀ ਕਈ ਵੀਰ ਲਾਲਚ ਅਧੀਨ ਆਪਣੇ ਵੋਟ ਦੀ ਦੁਰਵਰਤੋਂ ਕਰਦੇ ਹਨ। ਜਿਸ ਕਰਕੇ ਅੱਜ ਸਮਾਜ ਵਿਚ ਬੀਬੀਆਂ ਨੂੰ ਬੜੀਆਂ ਪਰੇਸ਼ਾਨੀਆ ਝੇਲਨੀਆਂ ਪੈ ਰਹੀਆਂ ਹਨ। ਇਕ ਪਾਸੇ ਅਸੀ ਕੰਨਿਆ ਭਰੂਣ ਹੱਤਿਆ, ਬਲਾਤਕਾਰ, ਦਾਜ, ਲਿੰਗ ਅੰਤਰ ਭੇਦ ਅਤੇ ਯੋਨ ਸ਼ੋਸ਼ਣ ਵਰਗੀਆਂ ਪਰੇਸ਼ਾਨੀਆ ਦਾ ਪਹਿਲੇ ਹੀ ਸਾਹਮਣਾ ਕਰ ਰਹੇ ਹਾਂ ਪਰ ਹੁਣ ਪੰਜ ਸਾਲ ਦੀ ਬੱਚੀ ਨਾਲ ਦਿੱਲੀ ਵਰਗੇ ਸ਼ਹਿਰ ਵਿਚ ਜੋ ਵਹਿਸ਼ੀ ਦੁਖਾਂਤ ਵਾਪਰਿਆ ਹੈ ਉਸ ਨੂੰ ਸ਼ਬਦਾਂ ਵਿਚ ਬਿਆਨ ਕਰਨਾ ਮੁਸ਼ਕਿਲ ਹੈ। ਇਕ ਪਾਸੇ ਬੀਬੀਆਂ ਵਿਚੋਂ ਕਲਪਨਾ ਚਾਵਲਾ, ਇੰਦਰਾ ਨੁਈ ਵਰਗੀਆਂ ਵੱਡੀਆਂ–ਵੱਡੀਆਂ ਹਸਤੀਆਂ ਨੇ ਇਸੇ ਸਮਾਜ ਵਿੱਚ ਰਹਿੰਦੇ ਹੋਏ ਆਪਣੀ ਥਾਂ ਬਣਾਈ ਹੈ, ਪਰ ਦੂਜੇ ਪਾਸੇ ਅੱਜ ਵੀ ਸਮਾਜ ਬੀਬੀਆ ਭੈਣਾਂ ਨੂੰ ਗਲਤ ਨਿਗਾਹ ਨਾਲ ਦੇਖਦਾ ਹੈ। ਉਨ੍ਹਾਂ ਨੇ ਵਿਦਿਆਰਥੀਆਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਇਸ ਕਾਲਜ ਵਿਚ ਪੜਾਈ ਕਰਨ ਤੋਂ ਬਾਅਦ ਜਦੋਂ ਉਹ ਕੁੱਝ ਬਣ ਜਾਣ ਤੇ ਗੁਰੂ ਗੋਬਿੰਦ ਸਿੰਘ ਜੀ ਦੇ ਨਾਮ ਤੇ ਚਲ ਰਹੇ ਇਸ ਕਾਲਜ ਦਾ ਵਿਦਿਆਰਥੀ ਹੋਣ ਦੇ ਨਾਤੇ ਸਮਾਜ ਵਿਚ ਫੈਲੀਆਂ ਇਨ੍ਹਾਂ ਬੁਰਾਈਆਂ ਨਾਲ ਟਾਕਰਾ ਲੈਣ ਵਾਸਤੇ ਜਰੂਰ ਜੱਦੋ-ਜਹਿਦ ਕਰਨ।
ਇਸ ਮੌਕੇ ਦਿੱਲੀ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ. ਕੇ. ਨੇ ਕਿਹਾ ਕਿ ਦਿੱਲੀ ਕਮੇਟੀ ਅਧੀਨ ਚਲ ਰਹੇ ਕਾਲਜਾਂ ਵਿੱਚੋਂ ਇਹ ਸਭ ਤੋਂ ਵਧੀਆ ਕਾਲਜ ਹੈ ਤੇ ਮੈ ਇਥੇ ਅੱਜ ਤਕਰੀਬਨ 10 ਸਾਲਾਂ ਬਾਅਦ ਆਇਆ ਹਾਂ ਤੇ ਇਥੇ ਮੌਜੂਦ ਵਿਦਿਆਰਥੀਆਂ ਅਤੇ ਸਟਾਫ ਨੂੰ ਇਹ ਭਰੋਸਾ ਦਿਵਾਉਂਦਾ ਹਾਂ ਕਿ ਇਸ ਕਾਲਜ ਨੂੰ ਦੇਸ਼ ਦਾ ਨੰ. 1 ਕਾਲਜ ਬਨਾਉਣ ਵਾਸਤੇ ਦਿੱਲੀ ਕਮੇਟੀ ਆਪਣੇ ਵੱਲੋਂ ਕੋਈ ਕੋਤਾਹੀ ਨਹੀਂ ਵਰਤੇਗੀ ਅਤੇ ਕਾਲਜ ਦੇ ਅੰਦਰੂਨੀ ਮਸਲਿਆਂ ਵਿਚ ਕਾਲਜ ਪ੍ਰਿੰਸੀਪਲ ਅਤੇ ਸਟਾਫ ਨੂੰ ਫੈਸਲੇ ਲੈਣ ਦੀ ਪੂਰੀ ਅਜ਼ਾਦੀ ਹੋਵੇਗੀ। ਇਸ ਮੌਕੇ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ, ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਣਾ, ਮੀਤ ਪ੍ਰਧਾਨ ਤਨਵੰਤ ਸਿੰਘ, ਜੁਆਇੰਟ ਸਕੱਤਰ ਹਰਮੀਤ ਸਿੰਘ ਕਾਲਕਾ ਮੈਂਬਰ ਕੈਪਟਨ ਇੰਦਰਪ੍ਰੀਤ ਸਿੰਘ, ਪਰਮਜੀਤ ਸਿੰਘ ਚੰਢੋਕ ਅਤੇ ਐਮ. ਪੀ. ਐਸ. ਚੱਢਾ ਮੌਜੂਦ ਸਨ। ਕਾਲਜ ਦੇ ਪ੍ਰਿੰਸੀਪਲ ਜੇ. ਬੀ. ਸਿੰਘ ਨੇ ਕਾਲਜ ਦੇ ਸਾਬਕਾ ਪ੍ਰਿੰਸੀਪਲ ਜਸਵੰਤ ਸਿੰਘ ਫੂੱਲ ਦੇ ਨਾਮ ਤੇ ਧਾਰਮਿਕ ਵਿਸ਼ੇ ਵਿਚ ਅੱਵਲ ਆਉਣ ਵਾਲੀ ਗੁਰਲੀਨ ਕੌਰ ਸਣੇ ਕਈ ਵਿਦਿਆਰਥੀਆਂ ਨੂੰ ਅਲੱਗ- ਅਲੱਗ ਵਿਸ਼ਿਆਂ ਵਿਚ ਕਾਲਜ ਵੱਲੋ ਵਜੀਫੇ ਦੇਣ ਦਾ ਐਲਾਨ ਕੀਤਾ।