ਨਵੀਂ ਦਿੱਲੀ :- ਗੁਰਮਤਿ ਸਿਧਾਂਤ ਪ੍ਰਚਾਰਕ ਸੰਤ ਸਮਾਜ ਦੇ ਮੁੱਖੀ ਬਾਬਾ ਹਰਨਾਮ ਸਿੰਘ ਜੀ ਖਾਲਸਾ ਦੇ ਹੁਕਮਾਂ ਸਦਕਾ ਭਾਈ ਜਸਬੀਰ ਸਿੰਘ ਰੋਡੇ ਸਾਬਕਾ ਜੱਥੇਦਾਰ ਸ੍ਰੀ ਅਕਾਲ ਤਖਤ ਸਾਹਿਬ ਨੇ ਅੱਜ ਦੇਸ਼ ਦੇ ਮਾਨਯੋਗ ਰਾਸ਼ਟਰਪਤੀ ਪ੍ਰਨਬ ਮੁਖਰਜੀ ਨੂੰ ਸੰਤ ਸਮਾਜ ਵੱਲੋਂ ਇੱਕ ਮੰਗ ਪੱਤਰ ਸੌਂਪ ਕੇ ਪ੍ਰੋ. ਦਵਿੰਦਰ ਪਾਲ ਸਿੰਘ ਭੁੱਲਰ ਦੀ ਰਿਹਾਈ ਦੀ ਮੰਗ ਕੀਤੀ। ਇਸ ਮੌਕੇ ਉਨ੍ਹਾਂ ਨਾਲ ਸੰਤ ਸਮਾਜ ਦੇ ਆਗੂ ਅਤੇ ਸ਼੍ਰੋਮਣੀ ਕਮੇਟੀ ਮੈਂਬਰ ਬਾਬਾ ਗੁਰਮੀਤ ਸਿੰਘ ਤ੍ਰਿਲੋਕੇਵਾਲਾ, ਬਾਬਾ ਗੁਰਪ੍ਰੀਤ ਸਿੰਘ, ਬਾਬਾ ਚਰਨਜੀਤ ਸਿੰਘ ਅਤੇ ਬਾਬਾ ਸੁਖਚੈਨ ਸਿੰਘ ਮੌਜੂਦ ਸਨ। ਇਸ ਮੌਕੇ ਪੱਤਰਕਾਰਾਂ ਨਾਲ ਗਲਬਾਤ ਕਰਦੇ ਹੋਏ ਭਾਈ ਜਸਬੀਰ ਸਿੰਘ ਰੋਡੇ ਨੇ ਕਿਹਾ ਕਿ ਪ੍ਰੋ. ਭੁੱਲਰ ਬੇਗੁਨਾਹ ਨੇ ਤੇ ਸਾਰੀਆਂ ਜੱਥੇਬੰਦੀਆਂ ਚਾਹੇ ਉਹ ਸ਼੍ਰੋਮਣੀ ਅਕਾਲੀ ਦਲ, ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ ਸਣੇ ਹੋਰ ਜੱਥੇਬੰਦੀਆਂ ਪ੍ਰੋ. ਭੁੱਲਰ ਦੀ ਰਿਹਾਈ ਵਾਸਤੇ ਬੜੀਆਂ ਜੱਦੋ-ਜਹਿਦ ਕਰ ਰਹੀਆਂ ਨੇ ਤੇ ਅੱਜ ਸੰਤ ਸਮਾਜ ਵਲੋਂ ਵੀ ਰਾਸ਼ਟਰਪਤੀ ਨੂੰ ਪ੍ਰੋ. ਭੁੱਲਰ ਦੀ ਰਿਹਾਈ ਦੀ ਮੰਗ ਨੂੰ ਲੈ ਕੇ ਅਸੀ ਮੰਗ ਪੱਤਰ ਦਿੱਤਾ ਹੈ ਤੇ ਦੇਸ਼ ਦੇ ਗ੍ਰਹਿ ਮੰਤਰੀ ਦੇ ਬਿਆਨਾਂ ਤੋਂ ਮਿਲ ਰਹੇ ਸੰਕੇਤਾਂ ਤੋਂ ਲੱਗਦਾ ਹੈ ਕਿ ਪ੍ਰੋ. ਭੁੱਲਰ ਜਲਦ ਹੀ ਰਿਹਾ ਹੋ ਜਾਣਗੇ। ਉਨ੍ਹਾਂ ਕਿਹਾ ਕਿ 1980-90 ਦੇ ਦਹਾਕੇ ਵਿਚ ਪੰਜਾਬ ਨੇ ਬੜਾ ਸੰਤਾਪ ਝੇਲਿਆ ਹੈ ਅਤੇ ਅਕਾਲੀ ਦਲ ਨੇ ਹਮੇਸ਼ਾ ਪੰਜਾਬੀ ਸੂਬੇ, ਦਰਿਆਈ ਪਾਣੀ, ਧਰਮ ਯੁੱਧ ਜਿਹੇ ਮੋਰਚੇ ਲਗਾਕੇ ਕੌਮ ਦੇ ਹੱਕਾਂ ਦੀ ਆਵਾਜ਼ ਨੂੰ ਬੁਲੰਦ ਕੀਤਾ ਹੈ, ਪਰ ਵੇਲੇ ਦੀਆਂ ਸਰਕਾਰਾਂ ਨੇ ਹਮੇਸ਼ਾ ਹੀ ਸਿੱਖਾਂ ਨਾਲ ਵਿਤਕਰਾ ਕੀਤਾ ਹੈ ਜੂਨ 1984 ਵਿਚ ਸਾਕਾ ਨੀਲਾ ਤਾਰਾ ਅਤੇ ਨਵੰਬਰ 1984 ਵਿੱਚ ਦਿੱਲੀ ਸਮੇਤ ਕਈ ਸ਼ਹਿਰਾ ਵਿਚ ਹਜਾਰਾ ਬੇਗੁਨਾਹ ਸਿੱਖਾਂ ਦਾ ਕਤਲ ਕੀਤਾ ਗਿਆ, ਜਿਸ ਕਰਕੇ ਪੰਜਾਬ ਵਿਚ ਖਾੜਕੂਵਾਦ ਪੈਦਾ ਹੋਇਆ ਤੇ ਇਸ ਦੌਰਾਨ ਹੀ ਪ੍ਰੋ. ਭੁੱਲਰ ਦੇ ਪਰਿਵਾਰ ਨਾਲ ਪੁਲਿਸ ਨੇ ਬੜਾ ਧੱਕਾ ਕੀਤਾ। ਉਨ੍ਹਾਂ ਕਿਹਾ ਕਿ ਅਸੀਂ ਇਥੇ ਇਹ ਫੈਸਲਾ ਕਰਨ ਨਹੀਂ ਆਏ ਕਿ ਕੌਣ ਠੀਕ ਸੀ ਤੇ ਕੌਣ ਗਲਤ ਸੀ ਪਰ ਇਕ ਅਠ੍ਹਾਂਰਾ ਸਾਲਾਂ ਤੋਂ ਜੇਲ ਕੱਟ ਰਹੇ ਕਿਸੇ ਬੰਦੇ ਨੂੰ ਫਾਂਸੀ ਤੇ ਕਿਵੇਂ ਚਾੜਿਆ ਜਾ ਸਕਦਾ ਹੈ ਜਦਕਿ ਉਹਦੇ ਖਿਲਾਫ ਕੋਈ ਸਬੂਤ / ਗਵਾਹ ਨਹੀਂ ਹੈ ਤੇ ਪੁਲਿਸ ਹਿਰਾਸਤ ਵਿਚ ਲਏ ਗਏ ਇਕਬਾਲੀਆ ਬਿਆਨ ਦੇ ਆਧਾਰ ਤੇ ਕਿਵੇਂ ਕਿਸੇ ਨੂੰ ਫਾਂਸੀ ਚਾੜਿਆ ਜਾ ਸਕਦਾ ਹੈ ਤੇ ਅਸੀਂ ਧੰਨਵਾਦੀ ਹਾਂ ਸੁਪਰੀਮ ਕੋਰਟ ਦੇ ਜੱਜ ਐਮ. ਬੀ. ਸ਼ਾਹ ਦੇ ਜਿਨ੍ਹਾਂ ਨੇ ਪ੍ਰੋ. ਭੁੱਲਰ ਦੇ ਖਿਲਾਫ ਫਾਂਸੀ ਦੀ ਸਜਾ ਦਾ ਆਪਣੇ ਫੈਸਲੇ ਵਿਚ ਵਿਰੋਧ ਕੀਤਾ ਸੀ।
ਭਾਈ ਰੋਡੇ ਨੇ ਕਿਹਾ ਕਿ ਅੱਜ ਪੁਰੇ ਸੰਸਾਰ ਦੀਆਂ ਨਜ਼ਰਾਂ ਪ੍ਰੋ. ਭੁੱਲਰ ਦੇ ਫੈਸਲੇ ਦੇ ਮਸਲੇ ਤੇ ਲੱਗੀਆਂ ਨੇ, ਅਗਰ ਪ੍ਰੋ. ਭੁੱਲਰ ਨੂੰ ਫਾਂਸੀ ਹੋ ਗਈ ਤੇ ਪੰਜਾਬ ਦੇ ਅਮਨ ਪਸੰਦ ਲੋਕ ਇਸ ਨੂੰ ਮੰਨਜ਼ੂਰ ਨਹੀਂ ਕਰਨਗੇ ਅਤੇ ਪੰਜਾਬ ਵਿਚ ਇਸ ਕਰਕੇ ਮਾਹੌਲ ਖਰਾਬ ਹੋ ਸਕਦਾ ਹੈ ਅਤੇ ਸਰਕਾਰ ਨੂੰ ਚਾਹੀਦਾ ਹੈ ਕਿ ਪੰਜਾਬ ਨੂੰ ਸਰਹੱਦੀ ਸੂਬਾ ਹੋਣ ਕਰਕੇ ਅਤੇ ਅਮਨ ਸ਼ਾਂਤੀ ਨੂੰ ਕਾਇਮ ਰਖਣ ਵਾਸਤੇ ਪ੍ਰੋ. ਭੁੱਲਰ ਦੀ ਰਿਹਾਈ ਤੁਰੰਤ ਕੀਤੀ ਜਾਵੇ ਤਾਕਿ ਲੋਕਾਂ ਦਾ ਵਿਸ਼ਵਾਸ ਕਾਨੂੰਨੀ ਪ੍ਰਕ੍ਰਿਆ ਤੇ ਬਣਿਆ ਰਹਿ ਸਕੇ। ਇਸ ਮੌਕੇ ਦਿੱਲੀ ਕਮੇਟੀ ਦੇ ਧਰਮ ਪ੍ਰਚਾਰ ਦੇ ਮੁੱਖੀ ਪਰਮਜੀਤ ਸਿੰਘ ਰਾਣਾ ਮੁੱਖ ਸਲਾਹਕਾਰ ਕੁਲਮੋਹਨ ਸਿੰਘ, ਦਿੱਲੀ ਕਮੇਟੀ ਮੈਂਬਰ ਪਰਮਜੀਤ ਸਿੰਘ ਚੰਢੋਕ, ਮਨਮਿੰਦਰ ਸਿੰਘ ਆਯੂਰ ਅਤੇ ਗੁਰਬਖਸ਼ ਸਿੰਘ ਚੀਮਾ ਮੌਜੂਦ ਸਨ।