ਲੁਧਿਆਣਾ:ਪੰਜਾਬ ਐਗਰੀਕਲਚਰਲ ਯੂਨੀਵਰਸਿਟੀ ਦੇ ਸੰਚਾਰ ਅਤੇ ਅੰਤਰਰਾਸ਼ਟਰੀ ਸੰਪਰਕ ਕੇਂਦਰ ਵੱਲੋਂ ਧਰਤੀ ਦਿਵਸ ਦੇ ਮੌਕੇ ਕਿਸਾਨਾਂ ਨੂੰ ਕੁਦਰਤੀ ਸੋਮਿਆਂ ਪ੍ਰਤੀ ਜਾਗਰੂਕ ਕਰਨ ਲਈ ਇਕ ਮੁਹਿੰਮ ਵਿੱਢੀ ਗਈ ਜਿਸ ਅਧੀਨ ਇਸ ਸੰਬੰਧੀ ਇਕ ਨਾਟਕ ਦਾ ਮੰਚਨ ਯੂਨੀਵਰਸਿਟੀ ਸਥਿਤ ਪਾਲ ਆਡੀਟੋਰੀਅਮ ਵਿਖੇ ਕੀਤਾ ਗਿਆ। ਡਾ: ਅਨਿਲ ਸ਼ਰਮਾ ਦੀ ਨਿਰਦੇਸ਼ਨਾ ਹੇਠ ਤਿਆਰ ਕੀਤਾ ਇਹ ਨਾਟਕ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਤਿਆਰ ਕੀਤਾ ਗਿਆ ਹੈ। ਇਸ ਮੌਕੇ ਐਗਰੀਕਲਚਰਲ ਕਾਲਜ ਦੇ ਡੀਨ ਡਾ: ਹਰਵਿੰਦਰ ਸਿੰਘ ਧਾਲੀਵਾਲ ਨੇ ਵਿਦਿਆਰਥੀਆਂ ਦੇ ਇਸ ਉੱਦਮ ਦੀ ਭਰਪੂਰ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਆਮ ਲੋਕਾਂ ਨੂੰ ਕੁਦਰਤੀ ਸੋਮਿਆਂ ਦੇ ਰੱਖ ਰਖਾਵ ਲਈ ਜਾਗਰੂਕ ਕਰਨ ਲਈ ਇਹ ਨਾਟਕ ਪੰਜਾਬ ਦੇ ਵੱਖ ਵੱਖ ਭਾਗਾਂ ਵਿੱਚ ਖੇਡਿਆ ਜਾਵੇਗਾ। ਉਨ੍ਹਾਂ ਕਿਹਾ ਕਿ ਆਮ ਲੋਕਾਂ ਲਈ ਤਕਨੀਕੀ ਜਾਣਕਾਰੀ ਇਸ ਨਾਟਕ ਰਾਹੀਂ ਬੜੇ ਸਰਲ ਤਰੀਕੇ ਨਾਲ ਕਹਾਣੀ ਦੇ ਰੂਪ ਵਿੱਚ ਪੇਸ਼ ਕੀਤੀ ਗਈ ਹੈ। ਡਾ: ਧਾਲੀਵਾਲ ਨੇ ਕਿਹਾ ਕਿ ਆਮ ਲੋਕਾਂ ਨੂੰ ਵਿਗੜ ਰਹੇ ਵਾਤਾਵਰਨ ਪ੍ਰਤੀ ਸੁਚੇਤ ਕਰਨਾ ਸਿਰਫ ਸਾਇੰਸਦਾਨਾਂ ਦੀ ਜਿੰਮੇਂਵਾਰੀ ਹੀ ਨਹੀਂ ਸਗੋਂ ਇਕ ਪਵਿੱਤਰ ਫਰਜ਼ ਹੈ।
ਕੇਂਦਰ ਦੇ ਅਪਰ ਨਿਰਦੇਸ਼ਕ ਸੰਚਾਰ ਡਾ: ਹਰਜੀਤ ਸਿੰਘ ਧਾਲੀਵਾਲ ਨੇ ਨਾਟਕ ਤੋਂ ਬਾਅਦ ਬੋਲਦਿਆਂ ਕਿਹਾ ਕਿ ਕਿਸਾਨਾਂ ਤਕ ਵਿਗਿਅਨਕ ਤਕਨੀਕਾਂ ਪਹੁੰਚਾਉਣ ਲਈ ਯੂਨੀਵਰਸਿਟੀ ਵੱਲੋਂ ਹਰ ਸੰਭਵ ਕੋਸ਼ਿਸ਼ ਕੀਤੀ ਜਾਂਦੀ ਹੈ। ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸੇ ਤਰ੍ਹਾਂ ਦੇ ਨਾਟਕ ਕੁਝ ਅਰਸਾ ਪਹਿਲਾਂ ਵੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਵੱਲੋਂ ਨਰਮਾ ਕਪਾਹ ਪੱਟੀ ਵਿੱਚ ਖੇਡੇ ਗਏ ਸਨ। ਉਨ੍ਹਾਂ ਕਿਹਾ ਕਿ ਇਸ ਨਾਟਕ ਨੂੰ ਆਲ ਇੰਡੀਆ ਰੇਡੀਓ ਅਤੇ ਦੂਰਦਰਸ਼ਨ ਰਾਹੀਂ ਵੀ ਵੱਧ ਤੋਂ ਵੱਧ ਲੋਕਾਂ ਤੀਕ ਪਹੁੰਚਾਉਣ ਦੇ ਯਤਨ ਕੀਤੇ ਜਾਣਗੇ। ਉੱਘੇ ਸਾਹਿਤਕਾਰ ਅਤੇ ਸੰਪਾਦਕ ਪੰਜਾਬੀ ਪ੍ਰੋ: ਗੁਰਭਜਨ ਗਿੱਲ ਨੇ ਇਸ ਮੌਕੇ ਬੜੇ ਸਿਰਜਣਤਾਮਕ ਸੁਝਾਅ ਪੇਸ਼ ਕੀਤੇ। ਉਨ੍ਹਾਂ ਕਿਹਾ ਕਿ ਇਸ ਨਾਟਕ ਦੇ ਨਾਲ ਜੇਕਰ ਵਾਤਾਵਰਨ ਵਿਗਾੜ ਨੂੰ ਦਰਸਾਉਂਦੀ ਪ੍ਰਦਰਸ਼ਨੀ ਵੀ ਲਗਾਈ ਜਾਵੇ ਤਾਂ ਉਹ ਜ਼ਿਆਦਾ ਅਸਰਦਾਰ ਹੋਵੇਗੀ। ਉਨ੍ਹਾਂ ਕਿਹਾ ਕਿ ਵਿਗਿਆਨ ਨੂੰ ਆਮ ਲੋਕਾਂ ਤੀਕ ਪਹੁੰਚਾਉਣ ਲਈ ਲੋਕ ਸਾਜ, ਗੀਤ ਅਤੇ ਲੋਕ ਨਾਟਕ ਚਿਰ ਤੋਂ ਅਹਿਮ ਭੂਮਿਕਾ ਨਿਭਾਉਂਦੇ ਰਹੇ ਹਨ ਅਤੇ ਵਰਤਮਾਨ ਵਿੱਚ ਵੀ ਇਹ ਅਹਿਮ ਸਥਾਨ ਰੱਖਦੇ ਹਨ। ਨਾਟਕ ਦੇ ਵੱਖ ਵੱਖ ਪਾਤਰ ਯੂਨੀਵਰਸਿਟੀ ਦੇ ਵਿਦਿਆਰਥੀ ਜੋਬਨਜੀਤ ਸਿੰਘ, ਨਰਜੀਤ ਸਿੰਘ, ਸ਼ਰਨ ਢਿੱਲੋਂ, ਵਿਵੇਕ, ਕੁਨਾਲ, ਹਰਜੀਤ ਸਿੰਘ, ਸੁਖਜੀਤ, ਅਮਿਤ ਜੋਸ਼ੀ ਵੱਲੋਂ ਨਿਭਾਏ ਗਏ।
ਧਰਤੀ ਦਿਵਸ ਨੂੰ ਸਮਰਪਿਤ ਅਤੇ ਕੁਦਰਤੀ ਸੋਮਿਆਂ ਪ੍ਰਤੀ ਜਾਗਰੂਕਤਾ ਪੈਦਾ ਕਰਨ ਲਈ ਪੀ ਏ ਯੂ ਵੱਲੋਂ ਨਾਟਕ ਦਾ ਮੰਚਨ
This entry was posted in ਪੰਜਾਬ.