ਇਸਲਾਮਾਬਾਦ- ਪਾਕਿਸਤਾਨ ਦੇ ਸਾਬਕਾ ਰਾਸ਼ਟਰਪਤੀ ਜਨਰਲ ਪਰਵੇਜ਼ ਮੁਸ਼ਰੱਫ਼ ਦੇ ਫਾਰਮ ਹਾਊਸ ਦੇ ਨਜ਼ਦੀਕ ਮੰਗਲਵਾਰ ਸ਼ਾਮ ਦੇ ਸਮੇਂ ਵਿਸਫੋਟਕ ਪਦਾਰਥਾਂ ਨਾਲ ਭਰੀ ਹੋਈ ਕਾਰ ਮਿਲਣ ਨਾਲ ਹਲਚਲ ਮੱਚ ਗਈ ਹੈ। ਸੂਚਨਾ ਮਿਲਣ ਤੇ ਬੰਬ ਨਿਰੋਧਕ ਦਸਤਿਆਂ ਨੇ ਇਸ ਧਮਾਕੇਖੇਜ਼ ਸਮਗਰੀ ਨੂੰ ਨਸ਼ਟ ਕਰ ਦਿੱਤਾ ਹੈ। ਇਸ ਘਟਨਾ ਤੋਂ ਬਾਅਦ ਫਾਰਮ ਹਾਊਸ ਦੇ ਕੋਲ ਚੈਕ ਪੋਸਟਾਂ ਦੀ ਸੰਖਿਆ ਵਧਾ ਦਿੱਤੀ ਗਈ ਹੈ ਅਤੇ ਮੁਸ਼ਰੱਫ਼ ਦੀ ਸੁਰੱਖਿਆ ਦੇ ਪ੍ਰਬੰਧ ਹੋਰ ਵੀ ਸਖਤ ਕਰ ਦਿੱਤੇ ਗਏ ਹਨ।
ਜਨਰਲ ਮੁਸ਼ਰੱਫ਼ ਨੂੰ ਉਨ੍ਹਾਂ ਦੇ ਚਕ ਸ਼ਹਿਜਾਦ ਵਿੱਚ ਸਥਿਤ ਫਾਰਮ ਹਾਊਸ ਵਿੱਚ 4 ਮਈ ਤੱਕ ਨਿਆਇਕ ਹਿਰਾਸਤ ਵਿੱਚ ਰੱਖਿਆ ਗਿਆ ਹੈ। ਇਸ ਫਾਰਮ ਹਾਊਸ ਨੂੰ ਇੱਕ ਤਰ੍ਹਾਂ ਨਾਲ ਉਪ ਜੇਲ੍ਹ ਵਿੱਚ ਤਬਦੀਲ ਕੀਤਾ ਹੋਇਆ ਹੈ। ਇਸਲਾਮਾਬਾਦ ਦੇ ਪੁਲਿਸ ਮੁੱਖੀ ਯਾਮਿਨ ਨੇ ਪੱਤਰਕਾਰਾਂ ਨੂੰ ਦਸਿਆ ਕਿ ਚਿੱਟੇ ਰੰਗ ਦੀ ਸੁਜੂਕੀ ਕਾਰ ਵਿੱਚ 40-50 ਕਿਲੋ ਦੇ ਕਰੀਬ ਵਿਸਫੋਟ ਰੱਖਿਆ ਗਿਆ ਸੀ। ਇਹ ਕਾਰ 5 ਏਕੜ ਵਿੱਚ ਫੈਲੇ ਫਾਰਮ ਹਾਊਸ ਤੋਂ ਸਿਰਫ਼ ਇੱਕ ਕਿਲੋਮੀਟਰ ਦੇ ਫਾਸਲੇ ਤੇ ਖੜ੍ਹੀ ਸੀ। ਕਾਰ ਦਾ ਨੰਬਰ ਕਿਯੂਐਮ-749 ਦਸਿਆ ਜਾ ਰਿਹਾ ਹੈ ਅਤੇ ਇਹ ਇੱਕ ਮਹਿਲਾ ਦੇ ਨਾਂ ਤੇ ਹੈ। ਇਸ ਵਿਸਫੌਟਕ ਸਮਗਰੀ ਨਾਲ ਵੱਡੀ ਇਮਾਰਤ ਨੂੰ ਆਸਾਨੀ ਨਾਲ ਤਬਾਹ ਕੀਤਾ ਜਾ ਸਕਦਾ ਸੀ। ਪੁਲਿਸ ਨੂੰ ਕੁਝ ਸੁਰਾਗ ਹੱਥ ਲਗੇ ਹਨ ਪਰ ਅਜੇ ਤੱਕ ਕੋਈ ਵੀ ਗ੍ਰਿਫ਼ਤਾਰੀ ਨਹੀਂ ਹੋਈ।