ਨਵੀਂ ਦਿੱਲੀ :- ਇਸਤਰੀ ਅਕਾਲੀ ਦਲ ਦਿੱਲੀ ਸਟੇਟ ਦੀ ਇੱਕ ਇੱਕਤਰਤਾ ਬੀਬਾ ਹਰਸਿਮਰਤ ਕੌਰ ਬਾਦਲ ਮੈਂਬਰ ਪਾਰਲੀਆਮੈਂਟ ਦੀ ਪ੍ਰਧਾਨਗੀ ਅਤੇ ਬੀਬੀ ਪਰਮਜੀਤ ਕੌਰ ਗੁਲਸ਼ਨ ਕੌਮੀ ਪ੍ਰਧਾਨ ਇਸਤਰੀ ਵਿੰਗ ਦੀ ਅਗੁਵਾਈ ਹੇਠ ਅੱਜ ਦਿੱਲੀ ਇਕਾਈ ਦੀ ਪ੍ਰਧਾਨ ਬੀਬੀ ਮਨਦੀਪ ਕੌਰ ਬਖਸ਼ੀ ਦੇ ਯਤਨਾ ਸਦਕਾ ਹੋਈ। ਜਿਸ ਵਿੱਚ ਬੀਬਾ ਹਰਸਿਮਰਤ ਕੌਰ ਬਾਦਲ ਨੇ ਮੌਜੂਦਾ ਸਮੇਂ ਵਿਚ ਇਸਤਰੀਆਂ ਨੂੰ ਕੁੱਖ ਅਤੇ ਰੁੱਖ ਦੀ ਸੰਭਾਲ ਲਈ ਅੱਗੇ ਆਉਣ ਦੀ ਪ੍ਰੇਰਣਾ ਦਿੰਦੇ ਹੋਏ ਕਿਹਾ ਕਿ ਮੈਨੂੰ ਅੱਜ ਬੜੀ ਖੁਸ਼ੀ ਹੋ ਰਹੀ ਹੈ ਕਿ ਮੈ ਦਿੱਲੀ ਦੀਆਂ ਬੀਬੀਆਂ ਵਿਚ ਅੱਜ ਅਕਾਲੀ ਦਲ ਦੇ ਸਿਪਾਹੀ ਵਾਂਗ ਸ਼ਮੁਹਲੀਅਤ ਕਰਨ ਵਾਸਤੇ ਆਈ ਹਾਂ, ਤੇ ਅੱਜ ਸਮੇਂ ਦੀ ਲੋੜ ਹੈ ਕਿ ਸਾਨੂੰ ਆਪਣੇ ਘਰ ਵਿਚ ਹੀ ਮਹਿਲਾ ਸ਼ਕਤੀ ਲਈ ਕੰਮ ਕਰਦੇ ਹੋਏ ਸਮਾਜਿਕ ਬੁਰਾਈਆਂ ਨੂੰ ਖਤਮ ਕਰਨ ਵਾਸਤੇ ਅੱਗੇ ਆਉਣਾ ਚਾਹੀਦਾ ਹੈ। ਉਨ੍ਹਾਂ ਕਿਹਾ ਕਿ ਬੀਬੀਆਂ ਦੇ ਰਾਜਨੀਤੀ ਵਿਚ ਆਉਣ ਨਾਲ ਜਿੱਥੇ ਸਮਾਜ ਵਿੱਚ ਇਸਤਰੀਆਂ ਨੂੰ ਬਣਦਾ ਹੱਕ ਮਿਲੇਗਾ ਉੱਥੇ ਹੀ ਬੀਬੀਆਂ ਵੀ ਸਮਾਜ ਵਿਚ ਫੈਲੀਆਂ ਬੁਰਾਈਆਂ ਨੂੰ ਖਤਮ ਕਰਨ ਵਿਚ ਵੱਡਾ ਯੋਗਦਾਨ ਪਾ ਸਕਣ ਗੀਆਂ। ਉਨ੍ਹਾਂ ਕਿਹਾ ਕਿ ਬੀਬੀ ਬਖਸ਼ੀ ਨੂੰ ਇਸਤਰੀ ਵਿੰਗ ਨੂੰ ਮਜਬੂਤ ਕਰਨ ਵਾਸਤੇ ਵੱਡੇ ਉਪਰਾਲੇ ਕਰਨ ਦੀ ਲੋੜ ਹੈ ਤੇ ਮੈਂ ਆਸ ਕਰਦੀ ਹਾਂ ਕਿ ਬੀਬੀ ਗੁਲਸ਼ਨ ਦੇ ਪਾਏ ਹੋਏ ਪੂਰਨਿਆਂ ਤੇ ਚਲਦੇ ਹੋਏ ਪਾਰਟੀ ਦੀ ਇਸਤਰੀ ਵਿੰਗ ਨੂੰ ਮਜਬੂਤ ਕਰਨ ਵਿਚ ਉਹ ਕੋਈ ਕਸਰ ਨਹੀਂ ਛੱਡਣਗੇ। ਉਨ੍ਹਾਂ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਅਕਾਲੀ ਦਲ ਦੀਆਂ ਤਿੰਨ ਬੀਬੀਆਂ ਨਿਗਮ ਪਾਰਸ਼ਦ ਅਤੇ ਦੋ ਦਿੱਲੀ ਕਮੇਟੀ ਮੈਂਬਰ ਮੌਜੂਦ ਹਨ, ਤੇ ਮੈ ਆਸ ਕਰਦੀ ਹਾਂ ਕਿ ਆਉਂਦੀਆਂ ਵਿਧਾਨ ਸਭਾ ਵਿਚ ਕੋਈ ਨ ਕੋਈ ਬੀਬੀ ਦਿੱਲੀ ਵਿਚ ਅਕਾਲੀ ਦਲ ਦੇ ਝੰਡੇ ਤਲੇ ਵਿਧਾਨ ਸਭਾ ਦੀ ਪੌੜੀਆਂ ਚੜ੍ਹਨ ਵਿਚ ਕਾਮਯਾਬ ਹੋਵੇਗੀ ਤੇ ਅਸੀਂ ਇਸ ਵਾਰ ਦਿੱਲੀ ਦੀ ਇਕ ਲੋਕ ਸਭਾ ਸੀਟ ਤੇ ਵੀ ਆਪਣਾ ਉਮੀਦਵਾਰ ਉਤਾਰਨ ਦੇ ਬਾਰੇ ਵਿਚਾਰ ਕਰ ਰਹੇਂ ਹਾਂ।
ਬੀਬੀ ਪਰਮਜੀਤ ਕੌਰ ਗੁਲਸ਼ਨ ਨੇ ਕਿਹਾ ਕਿ ਅੱਜ ਸਮਾਜ ਵਿਚ ਬੀਬੀਆਂ ਤੇ ਜੋ ਜ਼ੁਲਮ ਅਤਿਆਚਾਰ ਹੋ ਰਹੇ ਹਨ ਉਸ ਤੇ ਬੀਬੀਆਂ ਦੇ ਸਿਆਸਤ ਵਿਚ ਉਤਰਨ ਨਾਲ ਹੀ ਕੌਮ ਅਤੇ ਸਮਾਜ ਦੀ ਭਲਾਈ ਵਾਸਤੇ ਬਣਦੇ ਕਾਰਜ ਕੀਤੇ ਜਾ ਸਕਦੇ ਹਨ ਕਿਉਂਕਿ ਇਕ ਇਸਤਰੀ ਦੀ ਪਰੇਸ਼ਾਨੀ ਨੂੰ ਇਸਤਰੀ ਹੀ ਜਿਆਦਾ ਵਧੀਆ ਤਰੀਕੇ ਨਾਲ ਠੀਕ ਕਰਨ ਵਿਚ ਯੋਗਦਾਨ ਪਾ ਸਕਦੀ ਹੈ।
ਇਸ ਮੌਕੇ ਬੀਬੀ ਪ੍ਰਕਾਸ਼ ਕੌਰ ਸਰਪ੍ਰਸਤ ਇਸਤਰੀ ਵਿੰਗ, ਬੀਬੀ ਧੀਰਜ ਕੌਰ ਅਤੇ ਬੀਬੀ ਦਲਜੀਤ ਕੌਰ ਖਾਲਸਾ ਮੈਂਬਰ ਦਿੱਲੀ ਕਮੇਟੀ, ਨਿਗਮ ਪਾਰਸ਼ਦ ਸਤਵਿੰਦਰ ਕੌਰ ਸਿਰਸਾ, ਰੀਮਾ ਕੌਰ ਅਤੇ ਰਿਤੂ ਵੋਹਰਾ, ਇਸਤਰੀ ਅਕਾਲੀ ਦਲ ਦੀ ਸਕੱਤਰ ਜਨਰਲ ਅਮਰਜੀਤ ਕੌਰ ਸੀਨੀਅਰ ਮੀਤ ਪ੍ਰਧਾਨ ਸਨਮੀਤ ਕੌਰ ਅਰੋੜਾ, ਜਨਰਲ ਸਕੱਤਰ ਅਮਰਜੀਤ ਕੌਰ ਪਿੰਕੀ ਆਦਿ ਮੌਜੂਦ ਸਨ। ਇਸ ਮੀਟਿੰਗ ਦੇ ਕਾਮਯਾਬ ਹੋਣ ਤੇ ਬੀਬੀ ਮਨਦੀਪ ਕੌਰ ਬਖਸ਼ੀ ਨੂੰ ਦਿੱਲੀ ਕਮੇਟੀ ਦੇ ਜਨਰਲ ਸਕੱਤਰ ਮਨਜਿੰਦਰ ਸਿੰਘ ਸਿਰਸਾ ਅਤੇ ਸੀਨੀਅਰ ਮੀਤ ਪ੍ਰਧਾਨ ਰਵਿੰਦਰ ਸਿੰਘ ਖੁਰਾਨਾ ਨੇ ਵਧਾਈ ਦਿੱਤੀ।